ਫ਼ਤਹਿਗੜ੍ਹ ਸਾਹਿਬ: ਬਿਨਾਂ ਪ੍ਰਵਾਨਗੀ ਲਗਾਏ ਗਏ ਖੂਨਦਾਨ ਕੈਂਪਾਂ ਵਿਰੁੱਧ ਹੋਵੇਗੀ ਸਖਤ ਕਾਰਵਾਈ :- ਸਿਵਲ ਸਰਜਨ
* ਸਿਹਤ ਵਿਭਾਗ ਨੇ ਖੂਨਦਾਨ ਤੇ ਮੈਡੀਕਲ ਚੈਕਅੱਪ ਕੈਂਪਾਂ ਦੀ ਜਾਂਚ ਲਈ ਟੀਮਾਂ ਦਾ ਕੀਤਾ ਗਠਨ
ਫਤਿਹਗੜ੍ਹ ਸਾਹਿਬ :- 22 ਦਸੰਬਰ 2024 - ਫ਼ਤਹਿਗੜ੍ਹ ਸਾਹਿਬ ਵਿਖੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਹੋਣ ਵਾਲੀ ਸ਼ਹੀਦੀ ਸਭਾ ਦੌਰਾਨ ਜਿਹੜੀਆਂ ਸੰਸਥਾਵਾਂ ਜਾਂ ਵਿਅਕਤੀ ਖੂਨਦਾਨ ਜਾਂ ਹੋਰ ਮੈਡੀਕਲ ਕੈਂਪ ਲਗਾਉਣਾ ਚਾਹੁੰਦੇ ਹਨ ਤਾ ਉਹ ਸਿਹਤ ਵਿਭਾਗ ਦੀ ਪ੍ਰਵਾਨਗੀ ਲੈਣ ਉਪਰੰਤ ਹੀ ਕੈਂਪ ਲਗਾਉਣ, ਬਿਨਾਂ ਪ੍ਰਵਾਨਗੀ ਖੂਨਦਾਨ ਕੈਂਪ ਲਗਾਉਣ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ ਨੇ ਖੂਨਦਾਨ ਕੈਂਪ ਦੀ ਚੈਕਿੰਗ ਕਰਦਿਆਂ ਕੀਤਾ।
ਸਿਵਲ ਸਰਜਨ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਸਵੈ-ਸੇਵੀ ਸੰਸਥਾਵਾਂ /ਵਿਅਕਤੀਆਂ ਵੱਲੋਂ ਖੂਨ ਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਉਣ ਸਬੰਧੀ ਜੋ ਅਰਜੀਆਂ ਪ੍ਰਾਪਤ ਹੋ ਰਹੀਆਂ ਹਨ ਉਨ੍ਹਾਂ ਦੀ ਚੰਗੀ ਤਰਾਂ ਘੋਖ ਕੀਤੀ ਜਾ ਰਹੀ ਹੈ ਅਤੇ ਨਿਰਧਾਰਤ ਮਾਪਦੰਡ ਅਨੁਸਾਰ ਸ਼ਰਤਾਂ ਪੂਰੀਆਂ ਕਰਨ ਵਾਲਿਆਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਪ੍ਰਵਾਨਗੀ ਦਿੱਤੀ ਜਾ ਰਹੀ ਹੈ।
ਡਾ: ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਡਾਕਟਰ ਕੇਡੀ ਸਿੰਘ ਦੀ ਅਗਵਾਈ ਹੇਠ ਬਲੱਡ ਬੈਂਕ ਦੇ ਇਨਚਾਰਜ ਡਾਕਟਰ ਪਰਵੀਨ ਕੌਰ ਸਮੇਤ ਚੈਕਿੰਗ ਟੀਮਾ ਦਾ ਗਠਨ ਕੀਤਾ ਗਿਆ ਹੈ ਇਹ ਟੀਮਾਂ ਸ਼ਹੀਦੀ ਸਭਾ ਦੌਰਾਨ ਲਗਾਏ ਗਏ ਜਾਂ ਲਗਾਏ ਜਾਣ ਵਾਲੇ ਮੈਡੀਕਲ ਕੈਂਪਾਂ ਦਾ ਨਿਰੰਤਰ ਨਿਰੀਖਣ ਕਰਨਗੀਆਂ, ਇਸ ਦੌਰਾਨ ਜੇਕਰ ਕੋਈ ਕੈਂਪ ਬਿਨਾਂ ਪ੍ਰਵਾਨਗੀ ਲੱਗਿਆ ਹੋਇਆ ਪਾਇਆ ਗਿਆ ਤਾਂ ਕੈਂਪ ਤੁਰੰਤ ਬੰਦ ਕਰਵਾਕੇ ਪ੍ਰਬੰਧਕਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।