ਲੁਧਿਆਣਾ: ਦੋ ਆਪ ਵਿਧਾਇਕਾਂ ਦੀਆਂ ਪਤਨੀਆਂ ਐਮ ਸੀ ਚੋਣਾਂ ’ਚ ਹਾਰੀਆਂ, ਸਾਬਕਾ ਕਾਂਗਰਸੀ ਮੰਤਰੀ ਦੀ ਪਤਨੀ ਵੀ ਹਾਰੀ
ਲੁਧਿਆਣਾ, 22 ਦਸੰਬਰ, 2024: ਲੁਧਿਆਣਾ ਸ਼ਹਿਰ ਵਿਚ ਹੋਈਆਂ ਨਗਰ ਨਗਮ ਦੀਆਂ ਚੋਣਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਦੋ ਵਿਧਾਇਕਾਂ ਅਤੇ ਇਕ ਸਾਬਕਾ ਕਾਂਗਰਸੀ ਮੰਤਰੀ ਦੀ ਪਤਨੀ ਚੋਣਾਂ ਹਾਰ ਗਈਆਂ ਹਨ।
ਆਪ ਦੇ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ ਤੇ ਵਿਧਾਇਕ ਗੁਰਪ੍ਰੀਤ ਕੌਰ ਗੋਗੀ ਦੀ ਪਤਨੀ ਡਾ. ਸੁਖਚੈਨ ਕੌਰ ਆਪਣੇ-ਆਪਣੇ ਵਾਰਡਾਂ ਤੋਂ ਚੋਣ ਹਾਰ ਗਏ। ਕਾਂਗਰਸ ਦੇ ਦਿੱਗਜ ਨੇਤਾ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸਾਬਕਾ ਕੌਂਸਲਰ ਪਤਨੀ ਵੀ ‘ਆਪ’ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬੱਬਲ ਤੋਂ ਹਾਰ ਗਏ, ਜੇਕਰ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਆਪ ਉਮੀਦਵਾਰ ਡਾ. ਸੁਖਚੈਨ ਕੌਰ ਗੋਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਮਿੰਦਰ ਕੌਰ ਇੰਦੀ ਨੇ ਹਰਾਇਆ ਹੈ, ਜਿਨ੍ਹਾਂ ਦੇ ਪਤੀ ਇੰਦਰਜੀਤ ਸਿੰਘ ਇੰਦੀ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਹਨ। ਓਧਰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ ਨੂੰ ਭਾਜਪਾ ਦੇ ਉਮੀਦਵਾਰ ਪੂਨਮ ਰੱਤੜਾ ਨੇ ਹਰਾ ਦਿੱਤਾ। ਨਗਰ ਨਿਗਮ ਚੋਣਾਂ ’ਚ ਆਪਣੀਆਂ ਪਤਨੀਆਂ ਨੂੰ ਜਿਤਾਉਣ ਲਈ ਵਿਧਾਇਕਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਇਸ ਦੇ ਬਾਵਜੂਦ ਚੋਣਾਂ ਨੇ ਆਏ ਨਤੀਜਿਆਂ ਨੇ ਇੱਕ ਵਾਰ ਫਿਰ ਤੋਂ ‘ਆਪ’ ਨੂੰ ਸੋਚਣ ’ਤੇ ਜ਼ਰੂਰ ਮਜ਼ਬੂਰ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ ਇਸੇ ਸਾਲ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੀਸਰੇ ਨੰਬਰ ’ਤੇ ਆਏ ਸਨ। ਉਨ੍ਹਾਂ ਨਤੀਜਿਆਂ ਤੋਂ ਸਬਕ ਨਾ ਲੈਣ ਦੇ ਚੱਲਦੇ 2 ਵਿਧਾਇਕਾਂ ਦੀਆਂ ਪਤਨੀਆਂ ਨਗਰ ਨਿਗਮ ਦੀਆਂ ਚੋਣਾਂ ਹਾਰ ਗਈਆਂ। ਵਿਧਾਇਕਾਂ ਦੀਆਂ ਪਤਨੀਆਂ ਦੀ ਹੋਈ ਹਾਰ ਤੋਂ ਬਾਅਦ ਹੁਣ ਵਿਧਾਇਕ ਮੁੜ ਤੋਂ ਆਪਣੀ ਕਾਰਜਸ਼ੈਲੀ ਵੱਲ ਵਿਸ਼ੇਸ਼ ਧਿਆਨ ਜ਼ਰੂਰ ਦੇਣਗੇ।