ਭਗਤਾ ਭਾਈ: ਟੈਕਸ ਵਿਭਾਗ ਦੇ ਅਫਸਰ ਬੰਦੀ ਬਣਾਉਣ ਤੋਂ ਰੱਫੜ ਪਿਆ
- ਮਾਮਲਾ ਵਪਾਰੀ ਦੀ ਦੁਕਾਨ ਤੇ ਛਾਪਾ ਮਾਰਨ ਦਾ
ਅਸ਼ੋਕ ਵਰਮਾ
ਭਗਤਾ ਭਾਈ,21ਦਸੰਬਰ2024:ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ’ਚ ਪੈਂਦੇ ਕਸਬਾ ਭਗਤਾ ਭਾਈ ਵਿੱਚ ਅੱਜ ਸਥਿਤੀ ਉਸ ਵਕਤ ਤਣਾਅ ਪੂਰਨ ਬਣ ਗਈ ਜਦੋਂ ਇੱਕ ਦੁਕਾਨ ਤੇ ਛਾਪਾ ਮਾਰਨ ਗਈ ਟੀਮ ’ਚ ਸ਼ਾਮਲ ਸਰਕਾਰ ਦੇ ਕਰ ਢਾਂਚੇ ਨਾਲ ਸਬੰਧਤ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੂੰ ਵਪਾਰੀਆਂ ਨੇ ਬੰਦੀ ਬਣਾ ਲਿਆ। ਇਸ ਮੌਕੇ ਇਕੱਤਰ ਹੋਏ ਵਪਾਰੀਆਂ ਨੇ ਇਸ ਤਰਾਂ ਇੱਕ ਦੁਕਾਨ ਤੇ ਛਾਪੇਮਾਰੀ ਕਰਨ ਨੂੰ ਪੂਰੀ ਤਰਾਂ ਗਲ੍ਹਤ ਕਰਾਰ ਦਿੰਦਿਆਂ ਭਾਰੀ ਹੰਗਾਮਾ ਕੀਤਾ। ਹਾਲਾਂਕਿ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁੱਜੀ ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਕਾਫੀ ਜੱਦੋ ਜਹਿਦ ਤੋਂ ਬਾਅਦ ਅਧਿਕਾਰੀਆਂ ਨੂੰ ਦੁਕਾਨ ਚੋਂ ਕੱਢ ਲਿਆ ਅਤੇ ਥਾਣੇ ਪਹੁੰਚਾਇਆ। ਭੜਕੇ ਦੁਕਾਨਦਾਰਾਂ ਨੇ ਇਸ ਮੌਕੇ ਭਗਤਾ ਬਰਨਾਲਾ ਸੜਕ ਜਾਮ ਕਰ ਦਿੱਤੀ ਅਤੇ ਪੰਜਾਬ ਸਰਕਾਰ ਤੇ ਜੀਐਸਟੀ ਮਹਿਕਮੇ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਅੱਜ ਜੀਐਸਟੀ ਵਿਭਾਗ ਦੀ ਇੱਕ ਟੀਮ ਨੇ ਸ਼ਹਿਰ ਦੀ ਨਾਮੀ ਸੁਖਦੇਵ ਮਾਰਕੀਟ ਵਿੱਚ ਸਥਿਤ ਵਪਾਰੀ ਆਗੂ ਮਿਠਨ ਲਾਲ ਚੰਦਰ ਭਾਨ ਦੀ ਦੁਕਾਨ ਤੇ ਛਾਪਾ ਮਾਰਿਆ ਸੀ। ਇਸ ਟੀਮ ਵਿੱਚ ਕੁੱਝ ਮਹਿਲਾ ਇੰਸਪੈਕਟਰਾਂ ਤੋਂ ਇਲਾਵਾ ਕੁੱਝ ਈਟੀਓ ਅਤੇ ਇੰਸਪੈਕਟਰਾਂ ਸਮੇਤ ਕਰੀਬ ਅੱਧੀ ਦਰਜਨ ਅਫਸਰ ਹਾਜ਼ਰ ਸਨ। ਐਨੀ ਵੱਡੀ ਟੀਮ ਵੱਲੋਂ ਛਾਪਾ ਮਾਰਨ ਦੀ ਖਬਰ ਸ਼ਹਿਰ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਦੁਕਾਨਦਾਰ ਸਬੰਧਤ ਦੁਕਾਨ ਅੱਗੇ ਪੁੱਜਣੇ ਸ਼ੁਰੂ ਹੋ ਗਏ। ਇਸ ਮੌਕੇ ਦੁਕਾਨਦਾਰਾਂ ਦਾ ਭਾਰੀ ਜਮਾਵੜਾ ਹੋ ਗਿਆ ਅਤੇ ਕਰ ਵਿਭਾਗ ਦੀ ਟੀਮ ਦਾ ਵਿਰੋਧ ਸ਼ੁਰੂ ਕਰ ਦਿੱਤਾ । ਇਸੇ ਦੌਰਾਨ ਮੌਕੇ ਤੇ ਹਾਜ਼ਰ ਕੁੱਝ ਨੌਜਵਾਨਾਂ ਅਤੇ ਵਪਾਰ ਮੰਡਲ ਦੇ ਆਗੂਆਂ ਨੇ ਭਗਤਾ ਭਾਈ ਬੰਦ ਕਰਕੇ ਚੰਦਰ ਭਾਨ ਦੀ ਦੁਕਾਨ ਤੇ ਪੁੱਜਣ ਦਾ ਸੱਦਾ ਦੇ ਦਿੱਤਾ।
ਦੇਖਦਿਆਂ ਹੀ ਦੇਖਦਿਆਂ ਦੁਕਾਨਾਂ ਬੰਦ ਹੋ ਗਈਆਂ ਅਤੇ ਦੁਕਾਨਦਾਰਾਂ ਨੇ ਜੀਐਸਟੀ ਦੀ ਟੀਮ ਨੂੰ ਦੁਕਾਨ ਦੇ ਅੰਦਰ ਘੇਰਕੇ ਬੰਦੀ ਬਣਾ ਲਿਆ। ਪਤਾ ਲੱਗਿਆ ਹੈ ਕਿ ਇਸ ਮੌਕੇ ਦੋਵਾਂ ਧਿਰਾਂ ਵਿਚਕਾਰ ਧੱਕਾਮੁੱਕੀ ਵੀ ਹੋਈ । ਇਸ ਮੌਕੇ ਵੀਡੀਓ ਬਣਾ ਰਹੇ ਇੱਕ ਪੁਲਿਸ ਮੁਲਾਜਮ ਨਾਲ ਵੀ ਕੁੱਝ ਲੋਕਾਂ ਨੇ ਬਹਿਸਬਾਜੀ ਕੀਤੀ। ਇਸ ਦੌਰਾਨ ਜੀਐਸਟੀ ਵਿਭਾਗ ਦੇ ਇੱਕ ਅਧਿਕਾਰੀ ਦੇ ਸੱਟ ਵੱਜਣ ਅਤੇ ਪੁਲਿਸ ਮੁਲਾਜਮ ਦੀ ਵਰਦੀ ਨੂੰ ਨੁਕਸਾਨ ਪੁੱਜਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਵਪਾਰੀਆਂ ਨੇ ਅੱਜ ਜੀਐਸਟੀ ਵਿਭਾਗ ਨੂੰ ਸ਼ਬਦੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਅਤੇ ਸ਼ਹਿਰ ’ਚ ਮਹਿਕਮੇ ਦੀ ਟੀਮ ਵੱਲੋਂ ਗੁੰਡਿਆਂ ਵਾਂਗ ਛਾਪੇ ਮਾਰਨ ਦੀ ਨੀਤੀ ਪ੍ਰਤੀ ਫਿਕਰ ਜਾਹਰ ਕਰਦਿਆਂ ਪੰਜਾਬ ਸਰਕਾਰ ਨੂੰ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਵਾਲੇ ਵਪਾਰੀਆਂ ਨੂੰ ਤੰਗ ਕਰਨਾ ਬੰਦ ਕਰਨ ਦੀ ਮੰਗ ਕੀਤੀ।
ਦੁਕਾਨਦਾਰ ਆਖ ਰਹੇ ਸਨ ਕਿ ਮੰਦੀ ਦੇ ਇਸ ਦੌਰ ਦੌਰਾਨ ਜਦੋਂ ਵਪਾਰੀ ਵਿਹਲੇ ਬੈਠੇ ਹਨ ਤਾਂ ਕਰ ਵਿਭਾਗ ਧੱਕੇਸ਼ਾਹੀਆਂ ਕਰਨ ਤੇ ਉੱਤਰ ਆਇਆ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਵੱਲੋਂ ਆਪਣੀ ਵਿੱਕਰੀ ਮੁਤਾਬਕ ਬਣਦਾ ਟੈਕਸ ਅਦਾ ਕੀਤਾ ਜਾ ਰਿਹਾ ਹੈ ਫਿਰ ਵੀ ਜੀਐਸਟੀ ਵਿਭਾਗ ਵਪਾਰੀਆਂ ਨੂੰ ਚੋਰ ਸਮਝ ਰਿਹਾ ਹੈ। ਇਸ ਮੌਕੇ ਨਾਅਰੇਬਾਜੀ ਕਰਕੇ ਮਹਿਕਮੇ ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਵੀ ਲਾਏ। ਬਜ਼ਾਰ ਬੰਦ ਹੋਣ ਤੋਂ ਬਾਅਦ ਲੱਗੇ ਧਰਨੇ ਦੌਰਾਨ ਵਪਾਰੀ ਪੰਜਾਬ ਸਰਕਾਰ ਦੇ ਰਵਈਏ ਤੋਂ ਖਫਾ ਦਿਖੇ ਜਿਹਨਾਂ ਆਖਿਆ ਕਿ ਹੁਣ ਦੁਕਾਨਦਾਰਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ ਕਿਉਂਕਿ ਸ਼ਹਿਰ ’ਚ ਇਸ ਤਰਾਂ ਛਾਪੇ ਮਾਰਨ ਦੀਆਂ ਕੋਸ਼ਿਸ਼ਾਂ ਵਧ ਸਕਦੀਆਂ ਹਨ ਕਿਉਂਕਿ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਹੈ।
ਉਹਨਾਂ ਆਖਿਆ ਕਿ ਅਸਲ ’ਚ ਪੰਜਾਬ ਸਰਕਾਰ ਤੇ ਕਰ ਵਿਭਾਗ ਦੁਕਾਨਦਾਰਾਂ ਦੇ ਇਕੱਠੇ ਹੋਣ ਕਾਰਨ ਔਖੇ ਹਨ ਇਸ ਲਈ ਆਪਾਂ ਸਾਰਿਆਂ ਨੂੰ ਇਕਜੁਟਤਾ ਬਣਾਕੇ ਵਿਰੋਧ ਜਾਰੀ ਰੱਖਣਾ ਹੋਵੇਗਾ ਨਹੀਂ ਤਾਂ ਅੱਜ ਚੰਦਰ ਭਾਨ ਨਿਸ਼ਾਨਾ ਬਣਾਇਆ ਹੈ ਤੇ ਕੱਲ ਨੂੰ ਕਿਸੇ ਹੋਰ ਦੀ ਵਾਰੀ ਆ ਸਕਦੀ ਹੈ। ਵਪਾਰ ਮੰਡਲ ਦੇ ਆਗੂ ਰਾਮਪਾਲ ਗਰਗ ਨੇ ਮਹਿਕਮੇ ਦੀ ਕਾਰਕਰਦਗੀ ਤੇ ਉੱਗਲ ਉਠਾਈ ਅਤੇ ਛਾਪਾ ਮਾਰਨ ਆਈ ਟੀਮ ’ਚ ਸ਼ਾਮਲ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਮੁੱਖ ਸੜਕ ਬੰਦ ਹੋਣ ਕਾਰਨ ਵੱਡੀਆਂ ਗੱਡੀਆਂ ਦੀਆਂ ਦੂਰ ਦੂਰ ਤੱਕ ਲਾਈਨਾਂ ਲੱਗ ਗਈਆਂ ਜਦੋਂਕਿ ਕਾਰਾਂ ਵਗੈਰਾ ਭਗਤਾ ਭਾਈ ਪਿੰਡ ਦੇ ਅੰਦਰ ਵਾਲੇ ਰਸਤੇ ਲੰਘਾਉਣੀਆਂ ਪਈਆਂ ਜਦੋਂਕਿ ਰਾਹ ਦੀ ਜਾਣਕਾਰੀ ਨਾਂ ਹੋਣ ਕਾਰਨ ਜਿਆਦਤਾਰ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਜਾਂਚ ਮਗਰੋਂ ਕਾਰਵਾਈ: ਜਾਂਚ ਅਧਿਕਾਰੀ
ਓਧਰ ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਦਿਆਲਪੁਰਾ ਪੁਲਿਸ ਦੇ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਵਿਭਾਗ ਦੀ ਟੀਮ ਫਿਲਹਾਲ ਥਾਣੇ ਵਿੱਚ ਹੀ ਹੈ ਅਤੇ ਜਿੰਨ੍ਹਾਂ ਤੋਂ ਉਹ ਘਟਨਾਂ ਦੀ ਜਾਣਕਾਰੀ ਹਾਸਲ ਕਰ ਰਹੇ ਹਨ। ਇਸ ਸਬੰਧ ’ਚ ਕੋਈ ਪੁਲਿਸ ਕੇਸ ਦਰਜ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਤਫਤੀਸ਼ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਉਸ ਦੇ ਸੱਟ ਲੱਗੀ ਹੈ।