ਤੀਸਰਾ ਵਿਸ਼ਵਯੁੱਧ ਸਮੁੱਚੇ ਸੰਸਾਰ ਦੇ ਲੋਕਾਂ ਲਈ ਵਿਨਾਸ਼ਕਾਰੀ ਹੋਵੇਗਾ: ਬਾਬਾ ਬਲਬੀਰ ਸਿੰਘ
ਆਲਮੀ ਪੱਧਰ ਤੇ ਯੁੱਧਾਂ ‘ਚ ਉਲਝੇ ਦੇਸ਼ਾਂ ਨੂੰ ਜੰਗਬੰਦੀ ਲਈ ਭਾਰਤ ਆਪਣੀ ਭੂਮਿਕਾ ਨਿਭਾਵੇ
ਸ੍ਰੀ ਦਮਦਮਾ ਸਾਹਿਬ/ਤਲਵੰਡੀ ਸਾਬੋ, 22 ਦਸੰਬਰ 2024 : ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਸਾਜੀਆਂ ਲਾਡਲੀਆਂ ਨਿਹੰਗ ਸਿੰਘਾਂ ਫੌਜਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀਆਂ ਜੰਗਾਂ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮੁੱਚਾ ਸੰਸਾਰ ਤੀਸਰੇ ਵਿਸ਼ਵ ਯੁੱਧ ਵੱਲ ਵੱਧ ਰਿਹਾ ਹੈ । ਯੁੱਧ ਵਿੱਚ ਯੂਕਰੇਨ ਦੇ 43 ਹਜ਼ਾਰ ਸੈਨਿਕ ਮਾਰੇ ਗਏ ਹਨ ਅਤੇ ਤਿੰਨ ਲੱਖ ਸਤਰ ਹਜ਼ਾਰ ਜ਼ਖਮੀ ਹੋਏ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਅਨੁਸਾਰ ਲਗਭਗ 40 ਲੱਖ ਲੋਕ ਬੇਘਰ ਹੋ ਗਏ ਹਨ ਅਤੇ 68 ਲੱਖ ਲੋਕ ਵਿਸ਼ਵ ਦੇ ਹੋਰ ਦੇਸ਼ਾਂ ਵਿੱਚ ਚਲੇ ਗਏ ਹਨ। ਲਗਭਗ ਦੋ ਕਰੋੜ ਲੋਕਾਂ ਨੂੰ ਤੁਰੰਤ ਮਾਨਵਤਾਵਾਦੀ ਸਹਾਇਤਾ ਦੀ ਲੋੜ ਹੈ। ਇਸ ਸਮੇਂ ਭਾਰਤ ਨੂੰ ਜੰਗਬੰਦੀ ਲਈ ਬਣਾਈ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਮੱਧ ਪੂਰਬ ਵਿੱਚ ਯੁੱਧ ਸੰਕਟ ਦਿਨੋ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਇਜ਼ਰਾਈਲ ਉੱਤੇ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਇਲੀ ਰੱਖਿਆ ਬਲਾਂ ਨੇ ਗਾਜ਼ਾ ਉੱਤੇ ਕੀਤੇ ਹਮਲੇ ਨਾਲ ਲਗਭਗ 45 ਹਜ਼ਾਰ ਫਲਸਤੀਨੀ ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 70 ਫੀਸਦੀ ਔਰਤਾਂ ਅਤੇ ਬੱਚੇ ਹਨ। ਬੰਬਾਰੀ ਨੇ 15 ਲੱਖ ਤੋਂ ਵੱਧ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮਿਲ ਰਹੇ ਅੰਕੜਿਆਂ ਮੁਤਾਬਿਕ ਗਾਜ਼ਾ ਵਿੱਚ ਲਗਭਗ 80 ਫੀਸਦੀ ਬੁਨਿਆਦੀ ਢਾਂਚਾ ਤਬਾਹ ਹੋ ਗਿਆ ਹੈ। ਸੇਵਾ ਕਰਦਿਆਂ ਸੈਂਕੜੇ ਸਿਹਤ ਕਰਮਚਾਰੀ ਮਾਰੇ ਗਏ ਜਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਸੀਰੀਆ ਲੰਬੇ ਸਮੇਂ ਤੋਂ ਯੁੱਧ ਵਿਚ ਹੈ ਅਸਦ ਸ਼ਾਸਨ ਦੇ ਪਤਨ ਤੋਂ ਬਾਅਦ ਸੀਰੀਆ ਦੀ ਨਵੀਂ ਸਰਕਾਰ ਅਜੇ ਸਥਿਰ ਨਹੀਂ ਹੋਈ। ਸੀਰੀਆ ਦੇ ਲੋਕ ਸਥਾਈ ਸ਼ਾਂਤੀ ਲਈ ਤਰਸ ਰਹੇ ਹਨ ਇਸੇ ਉਮੀਦ ਉਹ ਮੌਜੂਦਾ ਸ਼ਾਸਨ ਦਾ ਸਮਰਥਨ ਕਰ ਰਹੇ ਹਨ। ਵਿਗਿਆਨੀਆਂ ਅਤੇ ਬੁੱਧੀਜੀਵੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਇਸ ਅਸਥਿਰਤਾ ਦੀ ਸਥਿਤੀ ਦੌਰਾਨ ਇਹਨਾਂ ਯੁੱਧਾਂ ਦੇ ਵਧਣ ਦਾ ਇੱਕ ਬਹੁਤ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ ਜਿਸ ਨਾਲ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਖਤਰਾ ਵਧ ਗਿਆ ਹੈ। ਜੇ ਇੰਜ ਹੋਇਆ ਤਾਂ ਇਹ ਅਤਿ ਵਿਨਾਸ਼ਕਾਰੀ ਹੋਵੇਗਾ। ਅਮਰੀਕਾ ਦੇ ਨਵੇਂ ਬਨਣ ਵਾਲੇ ਰਾਸ਼ਟਰਪਤੀ ਮਿਸਟਰ ਟਰੰਪ ਦਾ ਕਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਅਤੇ ਟੂਰੋਡੋ ਨੂੰ ਸੂਬੇ ਦਾ ਗਵਰਨਰ ਕਹਿਣਾ ਵੱਡੇ ਖਤਰੇ ਦੇ ਸੰਕੇਤ ਹਨ। ਤੀਸਰਾ ਵਿਸ਼ਵਯੁੱਧ ਸਮੁੱਚੇ ਸੰਸਾਰ ਦੇ ਲੋਕਾਂ ਲਈ ਵਿਨਾਸ਼ਕਾਰੀ ਹੋਵੇਗਾ। ਬਾਬਾ ਬਲਬੀਰ ਸਿੰਘ ਨੇ ਕਿਹਾ ਭਾਰਤ ਨੂੰ ਯੁੱਧ ‘ਚ ਉਲਝੇ ਦੇਸ਼ਾਂ ਨੁੰ ਜੰਗਬੰਦੀ ਲਈ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਬੁਨਿਆਦੀ ਢਾਂਚੇ ਅਤੇ ਵਾਤਾਵਰਣ `ਤੇ ਵਿਨਾਸ਼ਕਾਰੀ ਪ੍ਰਭਾਵਾਂ ਕਰਕੇ ਜੰਗ ਜਨਤਾ ਲਈ ਸਭ ਤੋਂ ਗੰਭੀਰ ਖ਼ਤਰਾ ਹੈ ਇਹ ਜੰਗਾਂ ਪਰਿਵਾਰਾਂ, ਭਾਈਚਾਰਿਆਂ ਅਤੇ ਕਈ ਵਾਰ ਪੂਰੇ ਸੱਭਿਆਚਾਰਾਂ ਨੂੰ ਤਬਾਹ ਕਰ ਦਿੰਦੀਆਂ ਹਨ। ਉਨ੍ਹਾਂ ਯੂ ਐਨ ਓ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਜਮਹੂਰੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਜੁਲਾਈ 2017 ਵਿੱਚ ਸਰਬ ਸੰਮਤੀ ਨਾਲ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਸਮੁੱਚੇ ਦੇਸ਼ਾਂ ਨੁੰ ਪਰਮਾਣੂ ਹਥਿਆਰ ਖ਼ਤਮ ਕਰਨ ਦੀ ਮੰਗ ਕੀਤੀ ਸੀ।