ਕਿਸਾਨ ਆਗੂ ਦੀ ਪੰਜਾਬੀਆਂ ਨੂੰ ਅਪੀਲ- ਅੱਜ ਸ਼ਾਮ ਦਾ ਖਾਣਾ ਨਾ ਬਣਾਓ! ਕਿਸਾਨ ਆਗੂ ਡੱਲੇਵਾਲ ਨੂੰ ਵੱਡੇ ਪੱਧਰ ਤੇ ਮਿਲਿਆ ਸਮਰਥਨ
ਕੱਲ ਸਰਕਾਰਾਂ ਦੇ ਪੁਤਲੇ ਫੂਕਣ ਦੇ ਵੀ ਕੀਤੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ, 12 ਦਸੰਬਰ 2024- ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜ਼ਿਲ੍ਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਵਿੱਚ ਅੱਜ ਦੀ ਸ਼ਾਮ ਨੂੰ ਖਾਣਾ ਨਾ ਬਣਾਓ ਅਤੇ ਇਸ ਦੀਆਂ ਫੋਟੋਆਂ ਅਤੇ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ 'We Support Jagjit Singh Dalewal" ਹੈਸ਼ਟੈਗ ਕਰਕੇ ਪੋਸਟ ਕਰੋ।
ਇਸ ਦੇ ਨਾਲ ਹੀ ਭੋਜਰਾਜ ਨੇ ਕਿਸਾਨੀ ਸੰਘਰਸ਼ ਦੇ ਸਮਰਥਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਸਾਂਝੇ ਤੌਰ ਤੇ ਇੱਕ ਮੰਚ ਤੇ ਆ ਕੇ ਆਪਣੇ ਆਪਣੇ ਖੇਤਰਾਂ ਵਿੱਚ ਕੱਲ 13 ਦਸੰਬਰ ਨੂੰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣ ਤਾਂ ਜੋ ਕਿਸਾਨੀ ਸੰਘਰਸ਼ ਨੂੰ ਬਲ ਮਿਲ ਸਕੇ।
ਆਪਣੀ ਅਪੀਲ ਨਾਲ ਸੰਬੰਧਿਤ ਕਾਰਡ ਵੀ ਬਣਾ ਕੇ ਸੋਸ਼ਲ ਮੀਡੀਆ ਤੇ ਕਿਸਾਨ ਆਗੂਆਂ ਵੱਲੋਂ ਵਾਇਰਲ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖਨੌਰੀ ਬਾਰਡਰ ਤੇ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰਾਂ ਨੂੰ ਕਿਸਾਨੀ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ।