ਸਾਈਬਰ ਠੱਗਾਂ ਦਾ ਨਵਾਂ ਕਾਰਨਾਮਾ: ਬਿਨਾਂ OTP ਲਏ ਕੈਂਸਰ ਪੀੜਤ ਔਰਤ ਦੇ ਖਾਤੇ 'ਚੋਂ ਕੱਢਵਾ ਲਏ ਲੱਖਾਂ
ਰਿਸ਼ਤੇਦਾਰਾਂ ਤੋਂ ਇਲਾਜ ਲਈ ਇਕੱਠੇ ਕੀਤੇ ਸੀ ਇਹ ਪੈਸੇ, ਪਰ ਠੱਗ ਫੇਰ ਗਏ ਹੂੰਜਾ
ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ, ਹੁਣ ਇਲਾਜ ਕਰਾ ਪਾਉਣਾ ਵੱਡੀ ਚੁਣੌਤੀ
ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈਆ ਤੋਂ ਮਦਦ ਦੀ ਲਗਾਈ ਗੁਹਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 10 ਦਸੰਬਰ 2024- ਸਾਈਬਰ ਠੱਗ ਭੋਲੇ-ਭਾਲੇ ਲੋਕਾਂ ਨੂੰ ਠੱਗਣ ਲਈ ਨਿੱਤ ਨਵੇਂ ਹੱਥਕੰਡੇ ਅਜ਼ਮਾ ਰਹੇ ਹਨ। ਸਾਈਬਰ ਠੱਗਾਂ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਕੀ ਹੁਣ ਇਹ ਠੱਗ ਤੁਹਾਡੇ ਬੈਂਕ ਖਾਤੇ ਵਿੱਚੋਂ ਬਿਨਾਂ ਕਿਸੇ ਓਟੀਪੀ ਲਏ ਜਾਂ ਫੋਨ ਕਾਲ ਕੀਤੇ ਵੀ ਸਮਰੱਥ ਹੋ ਚੁੱਕੇ ਹਨ ? ਕਿਉ ਕਿ ਇਹਨਾਂ ਠੱਗਾਂ ਨੇ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸੱਦੁਵਾਲ ਦੀ ਰਹਿਣ ਵਾਲੀ ਇੱਕ ਕੈਂਸਰ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਬੜੀ ਚਲਾਕੀ ਦੇ ਨਾਲ ਉਸ ਦੇ ਖਾਤੇ ਵਿੱਚੋਂ ਲੱਖਾਂ ਰੁਪਏ ਕਢਵਾ ਲਏ ਹਨ। ਇਹ ਦਾਅਵਾ ਉਸਦੇ ਪਤੀ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕੀਤਾ ਗਿਆ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਰਿਵਾਰ ਨੇ ਕੈਂਸਰ ਪੀੜਿਤ ਦੇ ਇਲਾਜ ਲਈ ਰਿਸ਼ਤੇਦਾਰਾਂ ਕੋਲੋਂ ਇਹ ਪੈਸਾ ਲਿਆ ਸੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਭਰੇ ਮਨ ਦੇ ਨਾਲ ਪੀੜਿਤ ਜਗਜੀਤ ਸਿੰਘ ਸੋਨੀ ਵਾਸੀ ਪਿੰਡ ਸੱਦੁਵਾਲ ਸਾਬਕਾ ਮੈਂਬਰ ਪੰਚਾਇਤ ਨੇ ਦੱਸਿਆ ਕਿ ਉਸ ਦਾ ਤੇ ਉਸ ਦੀ ਧਰਮ ਪਤਨੀ ਲਵਪ੍ਰੀਤ ਕੌਰ ਦਾ ਇੱਕ ਸਾਂਝਾ ਬਚਨ ਖਾਤਾ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਦੀਪਾਂਵਾਲੀ ਵਿੱਚ ਹੈ। ਉਸ ਦੀ ਪਤਨੀ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਹੈ ਅਤੇ ਫਰੀਦਕੋਟ ਤੋਂ ਜਿਸ ਦਾ ਇਲਾਜ ਚੱਲ ਰਿਹਾ ਹੈ। ਬੀਤੇ ਦਿਨੀਂ ਸਵੇਰੇ ਕਰੀਬ 9-10 ਵਜੇ ਉਹ ਸੁਲਤਾਨਪੁਰ ਤੋਂ ਦੀਪੇਵਾਲ ਆਪਣੇ ਸਹੁਰੇ ਘਰ ਜਾ ਰਿਹਾ ਸੀ ਤਾਂ ਉਸਨੂੰ ਮੋਬਾਇਲ ਫੋਨ ਇੱਕ ਮੈਸੇਜ ਆਇਆ ਉਸਦੇ ਖਾਤੇ ਵਿੱਚੋਂ 2 ਲੱਖ ਕੱਢ ਲੈ ਗਏ ਹਨ। ਉਸ ਤੋਂ ਬਾਅਦ ਫਿਰ ਇੱਕ ਮੈਸੇਜ ਆਇਆ ਕਿ ਦੋ ਲੱਖ ਹੋਰ ਉਸ ਦੇ ਬੈਂਕ ਖਾਤੇ ਚੋਂ ਕਢਵਾ ਲਏ ਗਏ ਹਨ। ਅਜਿਹੇ ਮੈਸੇਜ ਲਗਾਤਾਰ ਆਉਂਦੇ ਰਹੇ ਤੇ ਵੇਖਦਿਆਂ ਹੀ ਵੇਖਦੇ ਆਂ ਉਸ ਦੇ ਖਾਤੇ ਵਿੱਚੋਂ 7 ਲੱਖ 95 ਹਜਾਰ ਰੁਪਏ ਨਿਕਲ ਗਏ। ਉਸਨੂੰ ਹੱਥਾਂ ਪੈਰਾਂ ਦੀ ਬਣ ਗਈ ਕਿ ਸਾਡੇ ਖਾਤੇ ਵਿੱਚੋਂ ਐਨੀ ਵੱਡੀ ਰਕਮ ਕਿਵੇਂ ਨਿਕਲ ਗਈ। ਜਿਸ ਮਗਰੋਂ ਉਸਨੇ ਤੁਰੰਤ ਬੈਂਕ ਵਿੱਚ ਜਾ ਕੇ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਕਿਸੇ ਫਰੋਡ ਨੇ ਉਨਾਂ ਦਾ ਖਾਤਾ ਹੈਕ ਲਿਆ ਹੈ। ਜਿਸ ਤੋਂ ਬਾਅਦ ਬੈਂਕ ਦੇ ਸਟਾਫ ਨਾਲ ਗੱਲਬਾਤ ਕਰਕੇ ਉਸਨੇ ਆਪਣਾ ਖਾਤਾ ਫਰੀਜ਼ ਕਰਵਾਕੇ ਕਾਰਵਾਈ ਸ਼ੁਰੂ ਕੀਤੀ ਤਾਂ ਉਸ ਦੇ ਖਾਤੇ ਵਿੱਚ 1 ਲੱਖ 95 ਹਜਾਰ ਰੁਪਏ ਵਾਪਸ ਆ ਗਏ। ਪਰ ਬਕਾਇਆ 6 ਲੱਖ ਰੁਪਏ ਨਹੀਂ ਆ ਸਕੇ। ਉਸਨੇ ਅੱਗੇ ਦੱਸਿਆ ਕਿ ਮੈਂ ਕਿਸੇ ਨੂੰ ਕੋਈ ਓਟੀਪੀ ਨਹੀਂ ਦਿੱਤਾ ਨਾ ਮੈਨੂੰ ਕਿਸੇ ਦੀ ਫੋਨ ਕਾਲ ਆਈ। ਮੈਂ ਜਦੋਂ ਬੈਂਕਾਂ ਵਾਲਿਆਂ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕਿਸੇ ਲਿੰਕ ਤੇ ਕਲਿੱਕ ਕਰ ਦਿੱਤਾ ਹੋਵੇਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜੋਕੇ ਸਮੇਂ ਵਿੱਚ ਪੈਸਾ ਨਾ ਤਾਂ ਘਰ ਚ ਸੇਫ ਹੈ ਅਤੇ ਨਾ ਬੈਂਕ ਵਿੱਚ ਹੀ। ਉਸਨੇ ਅੱਗੇ ਦੱਸਿਆ ਕਿ ਮੇਰੀ ਧਰਮ ਪਤਨੀ ਦਾ ਪਿਛਲੇ ਛੇ ਮਹੀਨੇ ਤੋਂ ਕੈਂਸਰ ਦਾ ਟਰੀਟਮੈਂਟ ਚੱਲ ਰਿਹਾ ਹੈ ਅਤੇ ਉਸ ਦੇ ਇਲਾਜ ਲਈ ਹੀ ਉਸਨੇ ਇਹ ਪੈਸਾ ਰਿਸ਼ਤੇਦਾਰਾਂ ਅਤੇ ਸਾਖ ਸਬੰਧੀਆਂ ਤੋਂ ਇਕੱਠਾ ਕੀਤਾ ਸੀ। ਜਿਸ ਵਿੱਚੋਂ 6 ਲੱਖ ਰੁਪਏ ਦੀ ਇੱਕ ਵੱਡੀ ਰਕਮ ਹੈਕਰ ਉਡਾ ਲੈ ਗਏ ਹਨ। ਹੁਣ ਮੇਰੇ ਸਭ ਤੋਂ ਵੱਡੀ ਚੁਣੌਤੀ ਇਹ ਬਣ ਚੁੱਕੀ ਹੈ ਕਿ ਮੈਂ ਆਪਣੀ ਪਤਨੀ ਦਾ ਇਲਾਜ ਕਿਸ ਤਰ੍ਹਾਂ ਕਰਾਉਣਾ ਹੈ। ਉਸਨੇ ਅੱਗੇ ਦੱਸਿਆ ਕਿ ਮੈਂ ਦਾਣਾ ਮੰਡੀ ਦੇ ਵਿੱਚ ਮੁਨੀਮੀ ਦਾ ਕੰਮ ਕਰਦਾ ਹਾਂ, ਜਿਹੜੀ ਤਨਖਾਹ ਦੇ ਨਾਲ ਮਸਾਂ ਘਰ ਦਾ ਗੁਜ਼ਾਰਾ ਹੀ ਚੱਲਦਾ ਹੈ, ਇਹਨਾਂ ਫਰੋਡਾ ਨੇ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਉਸਨੇ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਔਖੀ ਘੜੀ ਵਿੱਚ ਉਸਦੀ ਮਦਦ ਲਈ ਅੱਗੇ ਆਉਣ। ਤਾਂ ਜੋ ਉਸਦੀ ਪਤਨੀ ਦੇ ਇਲਾਜ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ। ਉਸਨੇ ਦੱਸਿਆ ਕਿ ਇਸ ਘਟਨਾ ਬਾਬਤ ਉਹ ਲਿਖਤ ਸ਼ਿਕਾਇਤ ਸਾਈਬਰ ਸੈਲ ਕਪੂਰਥਲਾ ਨੂੰ ਦੇ ਚੁੱਕਾ ਹੈ।