ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈਆਂ ਸਕੀਮਾਂ ਦਾ ਕਿਸਾਨ ਵੱਧ ਤੋਂ ਵੱਧ ਲਾਭ ਲੈਣ - ਡਾ. ਚਤੁਰਜੀਤ ਸਿੰਘ ਰਤਨ
ਵਧੇਰੇ ਜਾਣਕਾਰੀ ਲਈ ਬਲਾਕ ਦੇ ਬਾਗਬਾਨੀ ਵਿਕਾਸ ਅਫਸਰ ਜਾਂ ਜ਼ਿਲ੍ਹਾਂ ਬਾਗਬਾਨੀ ਦਫਤਰ ਨਾਲ ਕੀਤਾ ਜਾ ਸਕਦਾ ਹੈ ਤਾਲਮੇਲ
ਰੂਪਨਗਰ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਤੀ ਵਿੰਭਿਨਤਾਂ ਲਿਆਉਣ ਲਈ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਬਾਗਬਾਨੀ ਨੂੰ ਉਤਸ਼ਾਹਤ ਕਰਨ ਲਈ ਬਾਗਬਾਨੀ ਖੇਤਰ ਵਿੱਚ ਵੱਖ-ਵੱਖ ਸਬਸਿਡੀ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫਸਰ ਰੂਪਨਗਰ ਡਾ. ਚਤੁਰਜੀਤ ਸਿੰਘ ਰਤਨ ਵੱਲੋਂ ਦੱਸਿਆ ਗਿਆ ਕਿ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਸਾਨੂੰ ਖੇਤੀ ਵਿੰਭਿਨਤਾ ਅਪਣਾਉਂਦੇ ਹੋਏ ਦੂਜੀਆਂ ਮੁਨਾਫ਼ੇਕਾਰ ਫਸਲਾਂ ਵੱਲ ਧਿਆਨ ਦੇਣ ਦੀ ਲੋੜ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਅਤੇ ਲੁਪਤ ਹੋ ਰਹੇ ਹੋਰ ਕੁਦਰਤੀ ਸਰੋਤਾਂ ਨੂੰ ਬਚਾਇਆ ਜਾ ਸਕੇ। ਖੇਤੀ ਵਿੰਭਿਨਤਾ ਵਿੱਚ ਬਾਗਬਾਨੀ ਫਸਲਾਂ ਦੀ ਕਾਸ਼ਤ ਸਭ ਤੋਂ ਵਧੀਆਂ ਵਿਕਲਪ ਹੈ। ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਵਿਭਾਗਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਬਾਗਬਾਨਾਂ ਨੂੰ ਸਮੇਂ ਸਮੇਂ ਤੇ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਧੀਨ ਸਬਸਿਡੀ ਦੇ ਲਾਭ ਵੀ ਦਿੱਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਸਕੀਮ ਅਧੀਨ ਨਵੇਂ ਬਾਗ ਲਗਾਉਣ, ਹਾਈਬ੍ਰਿਡ ਸਬਜੀਆਂ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ, ਖੁੰਬ ਪੈਦਾਵਾਰ ਯੂਨਿਟ ਸਥਾਪਿਤ ਕਰਨ, ਵਰਮੀ ਕੰਮਪੋਸਟ ਬੈੱਡ/ਯੂਨਿਟ, ਸੁਰੱਖਿਅਤ ਖੇਤੀ ਲਈ ਪੋਲੀ ਹਾਊਸ/ਨੈੱਟ ਹਾਊਸ ਯੂਨਿਟ ਸਥਾਪਿਤ ਕਰਨ ਅਤੇ ਇਸ ਯੂਨਿਟ ਅਧੀਨ ਫੁੱਲਾਂ ਅਤੇ ਸਬਜੀਆਂ ਦੀ ਕਾਸ਼ਤ, ਸ਼ਹਿਦ ਮੱਖੀ ਪਾਲਣ, ਬਾਗਾਂ ਲਈ ਛੋਟਾ ਟਰੈਕਟਰ, ਪਾਵਰ ਟਿੱਲਰ, ਬਾਗਾਂ/ਸਬਜੀਆਂ ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਟਰੈਕਟਰ ਨਾਲ ਚੱਲਣ ਵਾਲੇ ਸਪਰੇ ਪੰਪ, ਨੈਪ ਸੈਕ ਪਾਵਰ ਸਪਰੇ ਪੰਪ, ਆਦਿ ਗਤੀਵਿਧੀਆਂ ਤੇ ਬਾਗਬਾਨੀ ਵਿਭਾਗ ਵੱਲੋਂ 40-50 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ।
ਬਾਗਬਾਨੀ ਵਿਕਾਸ ਅਫਸਰ ਰੂਪਨਗਰ ਨੇ ਦੱਸਿਆਂ ਕਿ ਫਲਾਂ ਅਤੇ ਸਬਜੀਆਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ (ਪੋਸਟ ਹਾਰਵੈਸਟ ਮਨੈਜਮੈਂਟ) ਅਧੀਨ ਖੇਤ ਵਿੱਚ ਪੈਕ ਹਾਊਸ ਤਿਆਰ ਕਰਨ ਲਈ 50 ਫ਼ੀਸਦ ਦੇ ਹਿਸਾਬ ਨਾਲ 2 ਲੱਖ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੋਲਡ ਸਟੋਰ, ਰਾਈਪਨਿੰਗ ਚੈਂਬਰ, ਕੋਲਡ ਰੂਮ, ਇੰਟੀਗਰੇਟਿੰਡ ਪੈਕ ਹਾਊਸ, ਰੈਫਰੀਜਰੇਟਿਡ ਵੈਨ, ਪਿਆਜਾਂ ਲਈ ਸਟੋਰੇਜ ਯੂਨਿਟ, ਆਦਿ ਗਤੀਵਿਧੀਆਂ ਤੇ 35 ਫ਼ੀਸਦੀ ਸਬਸਿਡੀ ਦੀ ਸਹੂਲਤ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਇਨ੍ਹਾਂ ਪੋਸਟ ਹਾਰਵੈਸਟ ਯੂਨਿਟਾਂ ਨੂੰ ਸਥਾਪਿਤ ਕਰਵਾਉਣ ਲਈ ਪਹਿਲਾਂ ਪ੍ਰੋਜੈਕਟ ਰਿਪੋਰਟ ਤਿਆਰ ਕਰਵਾਈ ਜਾਂਦੀ ਹੈ ਅਤੇ ਇਨ੍ਹਾਂ ਯੂਨਿਟਾਂ ਨੂੰ ਸਥਾਪਿਤ ਕਰਨ ਲਈ ਬੈਂਕ ਤੋਂ ਲੋਨ ਜਰੂਰੀ ਹੈ ਅਤੇ ਵਿਭਾਗ ਵੱਲੋਂ ਸਬਸਿਡੀ ਸਿੱਧੇ ਤੌਰ ਤੇ ਬੈਂਕ ਨੂੰ ਹੀ ਜਾਰੀ ਕੀਤੀ ਜਾਂਦੀ ਹੈ।
ਡਾ. ਚਤੁਰਜੀਤ ਸਿੰਘ ਰਤਨ ਵੱਲੋਂ ਅੱਗੇ ਦੱਸਿਆ ਗਿਆ ਕਿ ਇਨ੍ਹਾਂ ਮੌਜੂਦਾ ਸਕੀਮਾਂ ਤੋ ਇਲਾਵਾ ਸਰਕਾਰ ਵੱਲੋਂ ਕੁੱਝ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਬਾਗਬਾਨ ਸਬਸਿਡੀ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆਂ ਕਿ ਬਾਗਾਂ ਅਧੀਨ ਰਕਬਾ ਵਧਾਉਣ ਲਈ ਬਾਗਬਾਨ ਨੂੰ ਤੁਪਕਾ ਸਿੰਚਾਈ ਅਧੀਨ ਨਵੇਂ ਬਾਗ ਲਗਾਉਣ ਤੇ 10000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਨਸੈਂਟਿਵ ਦਿੱਤਾ ਜਾਵੇਗਾ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਬਾਗਬਾਨ ਵੱਖ-ਵੱਖ ਸਕੀਮਾਂ ਅਧੀਨ ਸਬਸਿਡੀ ਲੈਣ ਤੋਂ ਬਾਅਦ ਵੀ ਇਸ ਇੰਨਸੈਂਟਿਵ ਦਾ ਲਾਭ ਲੈ ਸਕਦੇ ਹਨ ਅਤੇ ਇਨਸੈਂਟਿਵ ਲਈ ਨਵੇਂ ਬਾਗ ਅਧੀਨ ਰਕਬੇ ਦੀ ਵੱਧ ਤੋਂ ਵੱਧ ਕੋਈ ਸੀਮਾਂ ਨਹੀਂ ਰੱਖੀ ਗਈ ਹੈ। ਦੂਜੀ ਨਵੀਂ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿੰਨਾਂ ਬਾਗਬਾਨਾਂ ਵੱਲੋਂ ਸੁਰੱਖਿਤ ਖੇਤੀ ਤਹਿਤ ਪੋਲੀ ਹਾਊਸ ਅਧੀਨ ਹਾਈ ਵੈਲਯੂ ਸਬਜੀਆਂ ਜਾਂ ਫੁੱਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪੋਲੀ ਹਾਊਸ ਦੀ ਸ਼ੀਟ ਫੱਟ ਚੁੱਕੀ ਹੈ ਜਾਂ ਤਿੰਨ ਸਾਲ ਤੋਂ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ, ਉਨ੍ਹਾਂ ਬਾਗਬਾਨਾਂ ਨੂੰ ਸ਼ੀਟ ਬਦਲਾਉਣ ਤੇ 50 ਫ਼ੀਸਦੀ ਸਬਸਿਡੀ ਜਾਰੀ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆਂ ਕਿ ਬਾਗਬਾਨ ਸ਼ੀਟ ਬਦਲਾਉਣ ਲਈ ਵਿਭਾਗ ਵੱਲੋਂ ਨਿਰਧਾਰਿਤ ਫਰਮਾਂ/ਕੰਪਨੀਆਂ ਦੀ ਲਿਸਟ ਲੈਣ ਵਾਸਤੇ ਆਪਣੇ ਬਲਾਕ ਦੇ ਬਾਗਬਾਨੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇੱਥੋ ਤੱਕ ਨਹੀਂ ਸਰਕਾਰ ਵੱਲੋਂ ਫਲਾਂ ਅਤੇ ਸਬਜੀਆਂ ਦੇ ਮੰਡੀਕਰਨ ਲਈ ਵੀ ਬਾਗਬਾਨਾਂ ਨੂੰ ਕਰੇਟਾਂ ਅਤੇ ਗੱਤੇ ਦੇ ਡੱਬਿਆਂ ਤੇ 50 ਫ਼ੀਸਦੀ ਸਬਸਿਡੀ ਦੀ ਸਕੀਮ ਨਵੀਂ ਸ਼ੁਰੂ ਕੀਤੀ ਗਈ ਹੈ।
ਅਗਲੀ ਸਕੀਮ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਫੁੱਲਾਂ ਦੇ ਬੀਜ ਪੈਦਾਵਾਰ ਲਈ ਵਿਭਾਗ ਵੱਲੋਂ ਕਿਸਾਨਾਂ ਨੂੰ 40 ਫ਼ੀਸਦੀ ਦੇ ਹਿਸਾਬ ਨਾਲ ਪ੍ਰਤੀ ਏਕੜ 14000 ਰੁਪਏ ਸਬਸਿਡੀ ਦੀ ਸਹੂਲਤ ਹੈ। ਅੰਤ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਬਾਗਬਾਨੀ ਖੇਤਰ ਨੂੰ ਅੱਗੇ ਲਿਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਲਈ ਬਲਾਕ ਦੇ ਸਬੰਧਤ ਬਾਗਬਾਨੀ ਵਿਕਾਸ ਅਫਸਰ ਜਾਂ ਜ਼ਿਲ੍ਹਾਂ ਬਾਗਬਾਨੀ ਦਫਤਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।