ਸੁਖਬੀਰ ਬਾਦਲ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦੂਜੇ ਦਿਨ ਵੀ ਨਿਭਾਈ ਧਾਰਮਿਕ ਸੇਵਾ
ਅਸ਼ੋਕ ਵਰਮਾ
ਤਲਵੰਡੀ ਸਾਬੋ, 10ਦਸੰਬਰ 2024: ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਕਈ ਅਕਾਲੀ ਆਗੂਆਂ ਨੇ ਅੱਜ ਦੂਸਰੇ ਦਿਨ ਵੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਵਜੋਂ ਲਾਈ ਧਾਰਮਿਕ ਸੇਵਾ ਪੂਰੀ ਕੀਤੀ।
ਬੀਤੇ ਦਿਨੀ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਬਾਦਲ ਤੇ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਅੱਜ ਵੀ ਤਖਤ ਸਾਹਿਬ ਕੰਪਲੈਕਸ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ। ਇਸ ਮੌਕੇ ਸੁਖਬੀਰ ਬਾਦਲ ਨੂੰ ਮਿਲੀ ਜੈਡ ਪਲੱਸ ਸੁਰੱਖਿਆ ’ਚ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨ ਵੀ ਪੂਰੀ ਤਰਾਂ ਚੌਕਸ ਨਜ਼ਰ ਆਏ ਤਖਤ ਸਾਹਿਬ ਦੇ ਅੰਦਰ ਅਤੇ ਲੰਗਰ ਹਾਲ ਚ ਸਾਦੇ ਕੱਪੜਿਆਂ ਚ ਵੀ ਭਾਰੀ ਪੁਲਿਸ ਬਲ ਦੀ ਤਾਇਨਾਤੀ ਦੇਖਣ ਨੂੰ ਮਿਲੀ।
ਤਿੰਨ ਪਰਤੀ ਸੁਰੱਖਿਆ ਘੇਰੇ ਚ ਘਿਰੇ ਸੁਖਬੀਰ ਸਿੰਘ ਬਾਦਲ ਨੇ ਸਵੇਰੇ 9 ਤੋਂ 10 ਵਜੇ ਤੱਕ ਨੀਲਾ ਚੋਲਾ ਪਹਿਨ,ਗਲੇ ਚ ਗੁਰਬਾਣੀ ਦੀ ਪਾਵਨ ਤੁਕ ਵਾਲੀ ਤਖਤੀ ਪਾ ਕੇ ਅਤੇ ਹੱਥ ਚ ਬਰਛਾ ਫੜਕੇ ਤਖਤ ਸਾਹਿਬ ਦੇ ਦਾਖਿਲਾ ਦੁਆਰ ਤੇ ਚੋਬਦਾਰ ਵਜੋਂ ਸੇਵਾ ਨਿਭਾਈ। ਇਸ ਤੋਂ ਇਲਾਵਾ ਉਨ੍ਹਾਂ10 ਤੋਂ 11 ਵਜੇ ਤੱਕ ਅਕਾਲ ਤਖਤ ਤੋਂ ਤਨਖਾਹ ਲਵਾ ਚੁੱਕੀ ਬਾਕੀ ਅਕਾਲੀ ਲੀਡਰਸ਼ਿਪ ਸਮੇਤ ਕੀਰਤਨ ਸਰਵਣ ਕੀਤਾ ਜਦੋਂਕਿ 11 ਤੋਂ 12 ਵਜੇ ਤੱਕ ਲੰਗਰ ਹਾਲ ਚ ਜੂਠੇ ਬਰਤਨ ਮਾਂਜੇ।
ਇਸ ਮੌਕੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ,ਡਾ.ਦਲਜੀਤ ਸਿੰਘ ਚੀਮਾ,ਸੁੱਚਾ ਸਿੰਘ ਲੰਗਾਹ,ਗੁਲਜ਼ਾਰ ਸਿੰਘ ਰਣੀਕੇ ਅਤੇ ਹੀਰਾ ਸਿੰਘ ਗਾਬੜੀਆ ਸਾਰੇ ਸਾਬਕਾ ਮੰਤਰੀਆਂ ਨੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ।ਪਿਛਲੇ ਸਮੇਂ ਚ ਅਕਾਲੀ ਦਲ ਛੱਡ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਬਣ ਚੁੱਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅੱਜ ਵਿਸ਼ੇਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੀ ਸੇਵਾ ਸਮੇਂ ਮੌਜੂਦ ਦਿਖਾਈ ਦਿੱਤੇ।
ਸੁਖਬੀਰ ਸਿੰਘ ਬਾਦਲ ਦੀ ਆਮਦ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਹਲਕੇ ਚੋਂ ਵੱਡੀ ਗਿਣਤੀ ਵਰਕਰ ਪੁੱਜੇ ਹੋਏ ਸਨ ਜਦੋਂਕਿ ਸੀਨੀਅਰ ਲੀਡਰਸ਼ਿਪ ਵਿੱਚੋਂ ਇਸ ਮੌਕੇ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ,ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ,ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ,ਤੇਜਿੰਦਰ ਸਿੰਘ ਮਿੱਡੂਖੇੜਾ,ਭਾਈ ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ),ਜਥੇਦਾਰ ਮੋਹਨ ਸਿੰਘ ਬੰਗੀ,ਜਥੇਦਾਰ ਗੁਰਪ੍ਰੀਤ ਸਿੰਘ ਝੱਬਰ,ਬੀਬੀ ਜੋਗਿੰਦਰ ਕੌਰ,ਮੇਜਰ ਸਿੰਘ ਢਿੱਲੋਂ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ,ਭਾਈ ਅਵਤਾਰ ਸਿੰਘ ਵਣਵਾਲਾ ਮੈਂਬਰ ਧਰਮ ਪ੍ਰਚਾਰ,ਅਤੇ ਇਕਬਾਲ ਸਿੰਘ ਬਬਲੀ ਢਿੱਲੋਂ ਹਲਕਾ ਇੰਚਾਰਜ ਬਠਿੰਡਾ ਆਦਿ ਆਗੂ ਹਾਜ਼ਰ ਸਨ।