ਰਸ਼ੀਆ ਯੂਕਰੇਨ ਦੀ ਜੰਗ ਵਿੱਚੋਂ ਅੱਠ ਮਹੀਨਿਆਂ ਬਾਅਦ ਪਰਤੇ ਨੌਜਵਾਨ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਕੀਤੇ ਖੁਲਾਸੇ
* ਰਸ਼ੀਅਨ ਆਰਮੀ ਵਿੱਚ ਅਜੇ ਵੀ 25 ਤੋਂ ਵੱਧ ਭਾਰਤੀ ਜਬਰਨ ਫੌਜ 'ਚ ਕੰਮ ਕਰਨ ਲਈ ਮਜਬੂਰ
* ਸੰਤ ਸੀਚੇਵਾਲ ਤੋਂ ਰੂਸ ਫੌਜ ਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਨੇ ਵਾਪਸੀ ਲਈ ਲਗਾਈ ਗੁਹਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 08 ਦਸੰਬਰ 2024 - ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾ ਸਦਕਾ ਰਸ਼ੀਆ ਯੂਕਰੇਨ ਦੀ ਜੰਗ ਵਿੱਚੋਂ 8 ਮਹੀਨਿਆਂ ਬਾਅਦ ਪਰਤੇ ਨੌਜਵਾਨ ਰਾਕੇਸ਼ ਯਾਦਵ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ ਕੀਤੇ ਹਨ। ਉੱਥੇ ਯੂਕਰੇਨ ਵੱਲੋਂ ਡਰੋਨ ਨਾਲ ਕੀਤੇ ਹਮਲੇ ਦੌਰਾਨ ਹੋਈ ਬੰਬਮਾਰੀ ਵਿੱਚ ਉਸਦੇ ਇੱਕ ਸਾਥੀ ਦੀ ਮੌਤ ਹੋ ਗਈ ਸੀ। ਉਸਦੀ ਜਾਨ ਸਿਰਫ ਇਸ ਕਾਰਣ ਬਚ ਗਈ ਕਿਉਂਕਿ ਉਸਨੇ ਡਰੋਨ ਨੂੰ ਦੇਖਦਿਆ ਹੀ ਉੱਥੇ ਬਣੇ ਬੰਕਰ ਵਿੱਚ ਛਾਲ ਮਾਰ ਦਿੱਤੀ। ਇਸੇ ਤਰ੍ਹਾਂ ਇੱਕ ਹੋਰ ਘਟਨਾ ਦਾ ਜ਼ਿਕਰ ਕਰਦਿਆ ਉਸਨੇ ਦੱਸਿਆ ਕਿ ਉੱਥੇ ਉਸਦੇ ਇੱਕ ਸਾਥੀ ਦੀ ਮੌਤ ਗ੍ਰਨੇਡ ਫੱਟਣ ਕਾਰਨ 17 ਜੂਨ 2024 ਨੂੰ ਹੋ ਗਈ ਸੀ। ਉਸਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਸੀ ਕਿ ਰਸ਼ੀਅਨ ਆਰਮੀ ਵਿਚ ਫੌਤ ਹੋਏ ਉਸਦੇ ਸਾਥੀ ਦੀ ਮੌਤ ਦੀ ਖਬਰ 6 ਮਹੀਨਿਆਂ ਬਾਅਦ ਰਸ਼ੀਅਨ ਆਥਰਟੀ ਵੱਲੋਂ ਕੁੱਝ ਦਿਨ ਪਹਿਲਾਂ ਉਸਦੇ ਪਰਿਵਾਰ ਨੂੰ ਦਿੱਤੀ ਗਈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਰੂਸ ਤੋਂ ਵਾਪਿਸ ਆਏ ਨਰੇਸ਼ ਯਾਦਵ ਅਤੇ ਪੰਜ ਪਰਿਵਾਰ ਪਹੁੰਚੇ। ਜਿਹਨਾਂ ਦੇ ਬੱਚੇ ਅਜੇ ਵੀ ਉੱਥੇ ਫਸੇ ਹੋਏ ਹਨ ਤੇ ਉਹਨਾਂ ਦਾ ਅਜੇ ਤੱਕ ਵੀ ਕੋਈ ਪਤਾ ਨਹੀ ਲੱਗ ਰਿਹਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸੰਬੰਧੀ ਮਾਮਲੇ ਨੂੰ ਵਿਦੇਸ਼ ਮੰਤਰਾਲੇ ਤੱਕ ਪਹੁੰਚਉਣਗੇ ਅਤੇ ਇਸ ਮਾਮਲੇ ਨੂੰ ਪਾਰਲੀਮੈਂਟ ਦੇ ਚੱਲ ਰਹੇ ਸ਼ੈਸ਼ਨ ਵਿੱਚ ਵੀ ਉਠਾਉਣ ਦਾ ਯਤਨ ਕਰਨਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਸ਼ੀਆ ਤੋਂ ਵਾਪਿਸ ਰਾਕੇਸ਼ ਯਾਦਵ ਨੇ ਦੱਸਿਆ ਕਿ ਉਸਨੂੰ ਤੇ ਉਸਦੇ ਨਾਲ 5 ਦੇ ਕਰੀਬ ਹੋਰ ਸਾਥੀਆਂ ਨੂੰ 8 ਮਹੀਨੇ ਪਹਿਲਾਂ ਏਜੰਟ ਵੱਲੋਂ ਹੋਮ ਗਾਰਡ ਦੀ ਨੌਕਰੀ ਦਾ ਕਹਿ ਉੱਥੇ ਬੁਲਾਇਆ ਗਿਆ। ਪਰ ਉੱਥੇ ਪਹੁੰਚਦਿਆ ਹੀ ਉਹਨਾਂ ਨੂੰ ਜ਼ਬਰਨ ਰਸ਼ੀਅਨ ਆਰਮੀ ਵਿੱਚ ਭਰਤੀ ਕਰਵਾ ਦਿੱਤਾ ਕਿ ਤੇ ਉਹਨਾਂ ਕੋਲੋਂ ਰਸ਼ੀਅਨ ਭਾਸ਼ਾ ਵਿੱਚ ਬਣੇ ਕਿਸੇ ਦਸਤਾਵੇਜ਼ ਤੇ ਦਸਤਖਤ ਕਰਵਾ ਲਏ ਗਏ। ਵਾਰ ਵਾਰ ਨਾ ਕਰਣ ਤੇ ਉਸ ਨਾਲ ਉੱਥੇ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਸਨੇ ਦੱਸਿਆ ਕਿ 15 ਦਿਨਾਂ ਦੀ ਹਥਿਆਰਾਂ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਮੈਦਾਨ ਵਿੱਚ ਝੋਕ ਦਿੱਤਾ ਗਿਆ। ਉਸਨੇ ਦੱਸਿਆ ਕਿ ਜੰਗ ਦੌਰਾਨ ਉੱਥੇ ਹਲਾਤ ਬਹੁਤ ਬਦਤਰ ਸੀ। ਉਸਨੇ ਕਿਹਾ ਕਿ ਉੱਥੇ ਜੰਗ ਦੇ ਮੈਦਾਨ ਵਿੱਚ ਕਈ ਵਾਰ ਗੋਲੀਬਾਰੀਆਂ ਤੇ ਬੰਬ ਧਮਾਕਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉੱਥੇ ਬੰਬ ਧਮਾਕੇ ਦੌਰਾਨ ਉਸਦੀ ਬਾਂਹ ਵੀ ਜ਼ਖਮੀ ਹੋ ਗਈ ਸੀ।
ਰਾਕੇਸ਼ ਯਾਦਵ ਨਾਲ ਪੰਜਾਬ, ਪੂਨੇ, ਕਸ਼ਮੀਰ ਅਤੇ ਯੂ.ਪੀ ਦੇ ਰਹਿਣ ਵਾਲੇ 5 ਹੋਰ ਵੀ ਪਰਿਵਾਰ ਆਏ ਸਨ। ਨਿਰਮਲ ਕੁਟੀਆ ਪਹੁੰਚੇ ਇਹਨਾਂ ਪਰਿਵਾਰਾਂ ਨੇ ਸੰਤ ਸੀਚੇਵਾਲ ਨੂੰ ਮੰਗ ਪੱਤਰ ਸੌਂਪਦਿਆ ਰੂਸੀ ਫੋਜ ਵਿੱਚ ਫਸੇ ਆਪਣੇ ਬੱਚਿਆਂ ਦੀ ਵਾਪਸੀ ਲਈ ਮਦੱਦ ਦੀ ਗੁਹਾਰ ਲਗਾਈ। ਪੰਜਾਬ ਤੋਂ ਰਸ਼ੀਅਨ ਆਰਮੀ ਵਿੱਚ ਫਸੇ ਅਪਾਹਜ਼ ਮਨਦੀਪ ਦੇ ਭਰਾ ਜਗਦੀਪ ਨੇ ਦੱਸਿਆ ਕਿ 03 ਮਾਰਚ ਤੋਂ ਬਾਅਦ ਉਹਨਾਂ ਦੀ ਮਨਦੀਪ ਨਾਲ ਕੋਈ ਵੀ ਗੱਲਬਾਤ ਨਹੀ ਹੋਈ ਹੈ। ਇਸੇ ਤਰ੍ਹਾਂ ਨਾਲ ਉਸਦੇ ਨਾਲ ਆਏ ਯੂ.ਪੀ ਦੇ ਰਹਿਣ ਵਾਲੇ ਕਨ੍ਹਾਈਆ ਕੁਮਾਰ ਅਤੇ ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗ੍ਰੇਨਡ ਫੱਟਣ ਨਾਲ ਕਨ੍ਹਾਈਆ ਅਤੇ ਦੀਪਕ ਦੇ ਜੰਗ ਦੇ ਮੈਦਾਨ ਵਿੱਚ ਸੱਟ ਲੱਗ ਗਈ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੂਨ ਮਹੀਨੇ ਤੋਂ ਬਾਅਦ ਉਹਨਾਂ ਦੀ ਕੋਈ ਗੱਲਬਾਤ ਨਹੀ ਹੋਈ।
ਪੀੜਤ ਪਰਿਵਾਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਇੱਥੇ ਉਹਨਾਂ ਦੇ ਪਰਿਵਾਰ ਬਹੁਤ ਦੁੱਖ ਝੱਲ ਰਹੇ ਹਨ। ਆਏ ਪਰਿਵਾਰਾਂ ਵਿੱਚ ਪਹਿਲਾਂ ਵੀ ਸੰਤ ਸੀਚੇਵਾਲ ਨਾਲ ਮੁਲਾਕਾਤ ਕਰ ਚੁੱਕੇ ਪਰਿਵਾਰਾਂ ਨੇ ਕਿਹਾ ਕਿ ਸੰਤ ਸੀਚੇਵਾਲ ਪਹਿਲਾਂ ਵੀ ਇਸ ਮੁੱਦੇ ਨੂੰ ਵਿਦੇਸ਼ ਮੰਤਰੀ ਤੱਕ ਪਹੁੰਚਾਇਆ ਗਿਆ ਸੀ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀ ਮਦਦ ਨਾਲ ਕੁਝ ਲੋਕਾਂ ਦੀ ਵਾਪਸੀ ਨੇ ਉਹਨਾਂ ਦੇ ਮਨਾਂ ਵਿੱਚ ਮਰੀ ਹੋਈ ਉਮੀਦ ਨੂੰ ਮੁੜ ਜਗਾਇਆ ਸੀ ਪਰ ਉਨ੍ਹਾਂ ਲੋਕਾਂ ਦੇ ਬਾਅਦ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਹੋਣ ਕਾਰਨ ਅਸੀਂ ਮੁੜ ਉਸੇ ਥਾਂ ’ਤੇ ਆ ਗਏ ਹਾਂ ਤੇ ਫਿਰ ਤੋਂ ਉਹਨਾਂ ਦੀ ਆਸ ਟੁੱਟਦੀ ਜਾ ਰਹੀ ਹੈ।
ਪੱਤਰਕਾਰਾਂ ਨੇ ਗੱਲਬਾਤ ਕਰਦਿਆ ਸੰਤ ਸੀਚੇਵਾਲ ਨੇ ਭਾਰਤ ਸਰਕਾਰ ਤੇ ਖਾਸਕਰ ਵਿਦੇਸ਼ ਮੰਤਰੀ ਜੈਸ਼ੰਕਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਦੇ ਧਿਆਨ ਵਿੱਚ ਪਹਿਲਾਂ ਮਾਮਲਾ ਮਾਰਚ 2024 ਦੌਰਾਨ ਪੰਜਾਬ ਦੇ ਰਹਿਣ ਵਾਲੇ ਗੁਰਪ੍ਰੀਤ ਤੇ ਉਸਦੇ ਨਾਲ ਰਸ਼ੀਅਨ ਆਰਮੀ ਵਿੱਚ ਫਸੇ ਉਸਦੇ 8 ਹੋਰ ਸਾਥੀਆਂ ਦਾ ਆਇਆ ਸੀ। ਜੋ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਅਗਸਤ-ਸਤੰਬਰ ਮਹੀਨੇ ਦੌਰਾਨ ਵਾਪਿਸ ਆਏ ਗਏ ਸਨ। ਉਹਨਾਂ ਭਾਰਤ ਸਰਾਕਰ ਤੇ ਵਿਦੇਸ਼ ਮੰਤਰਾਲੇ ਕੋਲੋਂ ਰਹਿੰਦੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਿਸ ਲਿਆਉਣ, ਇਸ ਗਿਰੋਹ ਵਿੱਚ ਸ਼ਾਮਿਲ ਏਜੰਟਾਂ ਤੇ ਸਖਤ ਕਾਰਵਾਈ ਕਰਨ ਅਤੇ ਨੌਜਵਾਨਾਂ ਨੂੰ ਉਹਨਾਂ ਦੇ ਹੱਕ ਦੀ ਕਮਾਈ ਦਿਵਾਉਣ ਦੀ ਅਪੀਲ ਕੀਤੀ।
*ਮੌਤ ਦੇ ਮੂੰਹ ਤੋਂ ਘੱਟ ਨਹੀਂ ਸੀ ਰੂਸ- ਯੂਕਰੇਨ ਦੇ ਜੰਗ ਦਾ ਮੈਦਾਨ : ਯਾਦਵ
ਰਾਕੇਸ਼ ਯਾਦਵ ਉਸ ਵੇਲੇ ਭਾਵੁਕ ਹੋ ਗਿਆ ਜਦੋਂ ਜੰਗ ਦੌਰਾਨ ਹੁੰਦੀ ਬੰਬਬਾਰੀ ਵਿੱਚ ਉਸਨੇ ਕਈ ਵਾਰ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ। ਉਸਨੇ ਕਿਹਾ ਕਿ ਇੱਕ ਵਾਰ ਤਾਂ ਉਸ ਨੂੰ ਇੰਝ ਲੱਗਾ ਕਿ ਉਸਦਾ ਸਭ ਕੁੱਝ ਖਤਮ ਹੋ ਗਿਆ ਤੇ ਉਹ ਕਦੇ ਵਾਪਿਸ ਨਹੀ ਜਾ ਸਕਗੇ। ਉਸਨੇ ਕਿਹਾ ਕਿ ਉੱਥੇ ਦੇ ਹਲਾਤ ਦੇਖ ਉਸਨੇ ਉੱਥੇ ਇੱਕ ਵਾਰ ਤਾਂ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸਨੇ ਕਿਹਾ ਕਿ ਉੱਥੇ ਹਰ ਵੇਲੇ ਮੌਤ ਦਾ ਖਤਰਾ ਬਣਿਆ ਰਹਿੰਦਾ ਸੀ। ਉਸਨੇ ਨਮ ਅੱਖਾਂ ਨਾਲ ਭਾਰਤ ਸਰਕਾਰ ਤੇ ਸੰਤ ਸੀਚੇਵਾਲ ਦਾ ਦਿਲੋਂ ਧੰਨਵਾਦ ਕੀਤਾ ਕਿ ਜਿਹਨਾਂ ਦੇ ਸਹਿਯੋਗ ਸਦਕਾ ਉਹ ਸਹੀ ਸਲਾਮਤ ਮੁੜ ਤੋਂ ਆਪਣੇ ਪਰਿਵਾਰ ਵਿੱਚ ਪਹੁੰਚ ਸਕਿਆ।
*ਠੱਗ ਏਜੰਟਾਂ ਖਿਲਾਫ ਸਖਤ ਕਾਰਵਾਈ ਦੀ ਮੰਗ
ਰਾਕੇਸ਼ ਯਾਦਵ ਨੇ ਦੱਸਿਆ ਕਿ ਉੱਥੇ ਏਜੰਟਾਂ ਵੱਲੋਂ ਉਹਨਾਂ ਦੇ ਜ਼ਬਰਨ ਬੈਂਕ ਵਿੱਚ ਖਾਤੇ ਖੁਲਵਾਏ ਗਏ ਸੀ, ਜਿਹਨਾਂ ਦੇ ਪਿਨ ਕੋਡ ਤੱਕ ਵੀ ਉਹਨਾਂ ਦੇ ਏਜੰਟਾਂ ਕੋਲ ਸੀ। ਉਸਨੇ ਦੱਸਿਆ ਕਿ ਉਸਦੇ ਖਾਤੇ ਵਿੱਚ 45 ਲੱਖ ਦੇ ਕਰੀਬ ਦੀ ਰਕਮ ਏਜੰਟਾਂ ਵੱਲੋਂ ਕੱਢਵਾ ਲਈ ਗਈ ਜੋ ਉਸਨੂੰ ਆਰਮੀ ਵਿੱਚ ਰਹਿੰਦਿਆ ਤਨਖਾਹ ਤੇ ਸੱਟ ਦੌਰਾਨ ਸਰਕਾਰ ਵੱਲੋਂ ਦਿੱਤਾ ਗਿਆ ਮੁਆਵਜ਼ਾ ਵਜੋਂ ਮਿਲ਼ੀ ਸੀ। ਉਸਨੇ ਦੱਸਿਆ ਕਿ ਅਜਿਹਾ ਸਿਰਫ ਉਸ ਨਾਲ ਹੀ ਨਹੀ ਸਗੋਂ ਆਰਮੀ ਵਿੱਚ ਕੰਮ ਕਰ ਰਹੇ ਸਾਰੇ ਭਾਰਤੀਆਂ ਨਾਲ ਏਜੰਟਾਂ ਵੱਲੋਂ ਕੀਤਾ ਗਿਆ ਹੈ।