ਪੀ.ਏ.ਯੂ. ਨੇ ਬਾਇਓਗੈਸ ਪਲਾਂਟਾਂ ਦੀਆਂ ਤਕਨੀਕਾਂ ਦੇ ਵਪਾਰੀਕਰਨ ਲਈ ਸਮਝੌਤੇ ਕੀਤੇ
ਲੁਧਿਆਣਾ 26 ਦਸੰਬਰ, 2024 - ਬੀਤੇ ਦਿਨੀਂ ਪੀ.ਏ.ਯੂ. ਨੇ ਗੁਜਰਾਤ ਅਤੇ ਮਹਾਂਰਾਸ਼ਟਰ ਸਥਿਤ ਦੋ ਫਰਮਾਂ ਨਾਲ ਬਾਇਓਗੈਸ ਪਲਾਂਟਾਂ ਦੀਆਂ ਤਕਨੀਕਾਂ ਦੇ ਵਪਾਰੀਕਰਨ ਲਈ ਸਮਝੌਤੇ ਉੱਪਰ ਸਹੀ ਪਾਈ| ਨਰਮ ਲੋਹੇ ਦੀ ਚਾਦਰ ਤੋਂ ਬਣਨ ਵਾਲੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਦੀ ਤਕਨੀਕ ਅਤੇ ਪੱਕੇ ਗੁੰਬਦ ਵਾਲੇ ਪਰਿਵਾਰਕ ਅਕਾਰ ਦੇ ਪ੍ਰਤੀ ਦਿਨ ਇਕ ਘਣਮੀਟਰ ਤੋਂ ਲੈ ਕੇ 25 ਘਣਮੀਟਰ ਤੱਕ ਗੈਸ ਪੈਦਾ ਕਰਨ ਦੀ ਸਮਰਥਾ ਵਾਲੇ ਬਾਇਓਗੈਸ ਪਲਾਂਟ ਲਈ ਗੁਜਰਾਤ ਦੀ ਫਰਮ ਐੱਮ ਐੱਸ ਏ ਬਾਇਓ ਐਨਰਜੀ ਪ੍ਰਾਈਵੇਟ ਲਿਮਿਟਡ ਨਾਲ ਅਤੇ ਨਰਮ ਲੋਹੇ ਦੀ ਚਾਦਰ ਤੋਂ ਬਣਨ ਵਾਲੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਦੀ ਤਕਨੀਕ ਲਈ ਕੋਹਲਾਪੁਰ ਮਹਾਂਰਾਸ਼ਟਰ ਦੀ ਫਰਮ ਨੈਨੋ ਐਡਮਿਕਸ ਨਾਲ ਸਮਝੌਤਾ ਕੀਤਾ ਗਿਆ|
ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਖੋਜ (ਐਗਰੀਕਲਚਰ) ਡਾ. ਗੁਰਜੀਤ ਸਿੰਘ ਮਾਂਗਟ ਅਤੇ ਸੰਬੰਧਿਤ ਫਰਮਾਂ ਵੱਲੋਂ ਸ਼੍ਰੀ ਗੌਰਵ ਵਰਮਾ ਅਤੇ ਸ਼੍ਰੀ ਰਾਜੀਵ ਪਾਂਡੇ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ| ਇਸ ਮੌਕੇ ਖੇਤੀ ਇੰਜਨੀਅਰਿੰਗ ਦੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਵੀ ਮੌਜੂਦ ਸਨ|
ਡਾ. ਗੁਰਜੀਤ ਮਾਂਗਟ ਨੇ ਇਹਨਾਂ ਸੰਧੀਆਂ ਤੇ ਵਪਾਰੀਕਰਨ ਲਈ ਮੁੜ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ. ਸਰਬਜੀਤ ਸਿੰਘ ਸੂਚ ਨੂੰ ਵਧਾਈ ਦਿੱਤੀ| ਡਾ. ਸੂਚ ਨੇ ਕਿਹਾ ਕਿ ਝੋਨੇ ਦੀ ਪਰਾਲੀ ਤੋਂ ਬਾਇਓਗੈਸ ਅਤੇ ਊਰਜਾ ਤਿਆਰ ਕਰਨ ਲਈ ਇਸ ਬਾਇਓਗੈਸ ਪਲਾਂਟ ਮਾਡਲ ਨੂੰ ਡਿਜ਼ਾਇਨ ਕੀਤਾ ਗਿਆ ਹੈ| ਇਸ ਵਿਧੀ ਅਨੁਸਾਰ ਜੈਵਿਕ ਰਹਿੰਦ-ਖੂੰਹਦ ਦੀ ਸੁੱਕੀ ਫਰਮਾਟੇਸ਼ਨ ਹੁੰਦੀ ਹੈ| ਥੋੜੀ ਮਿਹਨਤ ਸਦਕਾ ਤਿੰਨ ਮਹੀਨਿਆਂ ਦੇ ਵਕਫੇ ਲਈ ਵਾਧੂ ਜੈਵਿਕ ਗੈਸ ਤਿਆਰ ਕਰਨਾ ਇਸ ਮਾਡਲ ਦਾ ਖਾਸਾ ਹੈ| ਰਹਿੰਦ-ਖੂੰਹਦ ਦੀ ਖੇਤਾਂ ਵਿਚ ਖਾਦ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ|
ਤਕਨਾਲੋਜੀ ਵਪਾਰੀਕਰਨ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਲਈ ਲਗਾਤਾਰ ਯਤਨ ਜਾਰੀ ਹਨ| ਇਸੇ ਦਿਸ਼ਾ ਵਿਚ ਯੂਨੀਵਰਸਿਟੀ ਦੇ ਬਾਇਓਗੈਸ ਮਾਡਲਾਂ ਲਈ ਖਾਸ ਦਿਲਚਸਪੀ ਵੱਖ-ਵੱਖ ਫਰਮਾਂ ਵਿਚ ਦੇਖੀ ਜਾ ਸਕਦੀ ਹੈ| ਉਹਨਾਂ ਦੱਸਿਆ ਕਿ ਯੂਨੀਵਰਸਿਟੀ ਨੇ ਬਾਇਓਗੈਸ ਪਲਾਂਟਾਂ ਦੇ ਵਪਾਰੀਕਰਨ ਲਈ ਹੁਣ ਤੱਕ 46 ਸਮਝੌਤਿਆਂ ਦੇ ਦਸਤਖਤ ਕੀਤੇ ਹਨ|