UK ਨੇ Pro-Khalistan ਅੱਤ*ਵਾਦੀ ਸਮੂਹ Babbar Khalsa ਦੀ ਫੰਡਿੰਗ 'ਤੇ ਲਗਾਈ ਰੋਕ
ਬਾਬੂਸ਼ਾਹੀ ਬਿਊਰੋ
ਲੰਡਨ, 6 ਦਸੰਬਰ, 2025: ਯੂਨਾਈਟਿਡ ਕਿੰਗਡਮ (UK) ਨੇ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਅੱਤਵਾਦ 'ਤੇ ਨਕੇਲ ਕੱਸਦਿਆਂ ਇੱਕ ਵੱਡਾ ਅਤੇ ਇਤਿਹਾਸਕ ਕਦਮ ਚੁੱਕਿਆ ਹੈ। ਯੂਕੇ ਸਰਕਾਰ ਨੇ ਖਾਲਿਸਤਾਨ ਪੱਖੀ (Pro-Khalistan) ਅੱਤਵਾਦੀ ਸਮੂਹ ਬੱਬਰ ਖਾਲਸਾ (Babbar Khalsa) ਦੀ ਫੰਡਿੰਗ 'ਤੇ ਰੋਕ ਲੱਗਾ ਦਿੱਤੀ ਹੈ। ਇਹ ਕਾਰਵਾਈ ਯੂਕੇ ਦੇ 'ਘਰੇਲੂ ਅੱਤਵਾਦ ਵਿਰੋਧੀ ਢਾਂਚੇ' (Domestic Counter-Terrorism Regime) ਤਹਿਤ ਪਹਿਲੀ ਵਾਰ ਕੀਤੀ ਗਈ ਹੈ।
ਦੱਸ ਦਈਏ ਕਿ ਇਸਦੇ ਨਾਲ ਹੀ UK ਨੇ ਇੱਕ ਬ੍ਰਿਟਿਸ਼ ਸਿੱਖ ਕਾਰੋਬਾਰੀ, ਗੁਰਪ੍ਰੀਤ ਸਿੰਘ ਰੇਹਲ (Gurpreet Singh Rehal) ਦੀਆਂ ਸੰਪਤੀਆਂ ਜ਼ਬਤ ਕਰ ਲਈਆਂ ਗਈਆਂ ਹਨ। ਅਤੇ ਉਸ 'ਤੇ ਕੰਪਨੀ ਡਾਇਰੈਕਟਰ ਬਣਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਉਸ 'ਤੇ ਬੱਬਰ ਖਾਲਸਾ ਲਈ ਫੰਡਿੰਗ, ਭਰਤੀ ਅਤੇ ਹਥਿਆਰ ਖਰੀਦਣ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ।
ਹਥਿਆਰ ਖਰੀਦਣ ਅਤੇ ਭਰਤੀ ਕਰਨ ਦਾ ਹੈ ਦੋਸ਼
ਯੂਕੇ ਦੇ ਟ੍ਰੇਜ਼ਰੀ ਵਿਭਾਗ ਅਨੁਸਾਰ, ਗੁਰਪ੍ਰੀਤ ਸਿੰਘ ਰੇਹਲ ਬੱਬਰ ਖਾਲਸਾ ਅਤੇ ਬੱਬਰ ਅਕਾਲੀ ਲਹਿਰ ਦੀਆਂ ਅੱਤਵਾਦੀ ਗਤੀਵਿਧੀਆਂ ਵਿੱਚ ਸਰਗਰਮ ਤੌਰ 'ਤੇ ਸ਼ਾਮਲ ਹੈ। ਉਸ 'ਤੇ ਦੋਸ਼ ਹੈ ਕਿ ਉਹ ਇਨ੍ਹਾਂ ਸੰਗਠਨਾਂ ਲਈ ਨਾ ਸਿਰਫ਼ ਵਿੱਤੀ ਸੇਵਾਵਾਂ ਮੁਹੱਈਆ ਕਰਵਾ ਰਿਹਾ ਸੀ, ਸਗੋਂ ਹਥਿਆਰਾਂ ਅਤੇ ਫੌਜੀ ਸਮੱਗਰੀ ਦੀ ਖਰੀਦ ਵਿੱਚ ਵੀ ਮਦਦ ਕਰ ਰਿਹਾ ਸੀ। ਇਸ ਤੋਂ ਇਲਾਵਾ, ਉਹ ਸੰਗਠਨ ਲਈ ਨਵੀਆਂ ਭਰਤੀਆਂ ਕਰਨ ਅਤੇ ਅੱਤਵਾਦ ਨੂੰ ਵਧਾਵਾ ਦੇਣ ਦਾ ਕੰਮ ਵੀ ਕਰ ਰਿਹਾ ਸੀ।
ਡਾਇਰੈਕਟਰ ਬਣਨ 'ਤੇ ਵੀ ਲੱਗੀ ਰੋਕ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਬੱਬਰ ਅਕਾਲੀ ਲਹਿਰ ਸਿੱਧੇ ਤੌਰ 'ਤੇ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਹੈ ਅਤੇ ਉਸਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਵਧਾਵਾ ਦੇ ਰਿਹਾ ਹੈ। ਨਵੀਆਂ ਪਾਬੰਦੀਆਂ ਤਹਿਤ, UK ਵਿੱਚ ਰੇਹਲ ਜਾਂ ਬੱਬਰ ਅਕਾਲੀ ਲਹਿਰ ਦੀ ਮਾਲਕੀ ਜਾਂ ਕੰਟਰੋਲ ਵਾਲੀ ਸਾਰੀ ਧਨਰਾਸ਼ੀ ਅਤੇ ਆਰਥਿਕ ਸਾਧਨਾਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ।
ਇੰਨਾ ਹੀ ਨਹੀਂ, ਗੁਰਪ੍ਰੀਤ ਸਿੰਘ ਰੇਹਲ ਨੂੰ 'ਡਾਇਰੈਕਟਰ ਅਯੋਗਤਾ' (Director Disqualification) ਦਾ ਵੀ ਸਾਹਮਣਾ ਕਰਨਾ ਪਵੇਗਾ, ਜਿਸਦਾ ਮਤਲਬ ਹੈ ਕਿ ਹੁਣ ਉਹ ਕਿਸੇ ਵੀ ਕੰਪਨੀ ਦਾ ਡਾਇਰੈਕਟਰ ਨਹੀਂ ਬਣ ਸਕਦਾ ਅਤੇ ਨਾ ਹੀ ਕਿਸੇ ਕੰਪਨੀ ਦੇ ਗਠਨ ਜਾਂ ਪ੍ਰਬੰਧਨ ਵਿੱਚ ਹਿੱਸਾ ਲੈ ਸਕਦਾ ਹੈ।
"ਅੱਤਵਾਦੀਆਂ ਨੂੰ ਨਹੀਂ ਬਖਸ਼ਾਂਗੇ"
ਯੂਕੇ ਦੀ ਟ੍ਰੇਜ਼ਰੀ ਦੀ ਆਰਥਿਕ ਸਕੱਤਰ ਲੂਸੀ ਰਿਗਬੀ ਨੇ ਇਸ ਕਾਰਵਾਈ 'ਤੇ ਸਖ਼ਤ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ, "ਅਸੀਂ ਚੁੱਪ ਨਹੀਂ ਬੈਠਾਂਗੇ ਜਦੋਂ ਅੱਤਵਾਦੀ ਬ੍ਰਿਟੇਨ ਦੀ ਵਿੱਤੀ ਪ੍ਰਣਾਲੀ ਦਾ ਸ਼ੋਸ਼ਣ ਕਰ ਰਹੇ ਹੋਣ। ਇਹ ਇਤਿਹਾਸਕ ਕਾਰਵਾਈ ਦਿਖਾਉਂਦੀ ਹੈ ਕਿ ਅਸੀਂ ਅੱਤਵਾਦ ਦੀ ਫੰਡਿੰਗ ਨੂੰ ਰੋਕਣ ਲਈ ਆਪਣੇ ਕੋਲ ਮੌਜੂਦ ਹਰ ਸਾਧਨ ਦੀ ਵਰਤੋਂ ਕਰਨ ਲਈ ਤਿਆਰ ਹਾਂ, ਭਾਵੇਂ ਉਹ ਕਿਤੇ ਵੀ ਹੋਵੇ ਅਤੇ ਕੋਈ ਵੀ ਜ਼ਿੰਮੇਵਾਰ ਹੋਵੇ।" ਉਨ੍ਹਾਂ ਕਿਹਾ ਕਿ UK ਉਨ੍ਹਾਂ ਲੋਕਾਂ ਦੇ ਖਿਲਾਫ਼ ਸ਼ਾਂਤੀਪੂਰਨ ਭਾਈਚਾਰਿਆਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਜੋ ਹਿੰਸਾ ਅਤੇ ਨਫ਼ਰਤ ਫੈਲਾਉਂਦੇ ਹਨ।
2019 ਦੇ ਨਿਯਮਾਂ ਤਹਿਤ ਕਾਰਵਾਈ
ਇਹ ਕਾਰਵਾਈ 'ਕਾਊਂਟਰ-ਟੈਰਰਿਜ਼ਮ (ਸੈਂਕਸ਼ਨਜ਼) (EU Exit) ਰੈਗੂਲੇਸ਼ਨਜ਼ 2019' ਤਹਿਤ ਕੀਤੀ ਗਈ ਹੈ, ਜੋ ਟ੍ਰੇਜ਼ਰੀ ਵਿਭਾਗ ਨੂੰ ਅੱਤਵਾਦ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਅਤੇ ਸੰਸਥਾਵਾਂ ਦੀ ਜਾਇਦਾਦ ਫ੍ਰੀਜ਼ ਕਰਨ ਦਾ ਅਧਿਕਾਰ ਦਿੰਦੀ ਹੈ। ਦੱਸ ਦੇਈਏ ਕਿ ਬੱਬਰ ਖਾਲਸਾ ਪਹਿਲਾਂ ਤੋਂ ਹੀ ਇੱਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ (Proscribed Terrorist Organisation) ਹੈ।