ਮਿੱਤਲ ਗਰੁੱਪ ਵੱਲੋਂ ਏਮਜ਼ ਹਸਪਤਾਲ ਵਿੱਚ ਮਰੀਜ਼ਾਂ ਦੀ ਪਰਿਵਾਰ ਲਈ ਬਣਾਈ ਧਰਮਸ਼ਾਲਾ ਲੋਕ ਅਰਪਣ
ਅਸ਼ੋਕ ਵਰਮਾ
ਬਠਿੰਡਾ , 6 ਦਸੰਬਰ 2025:ਮਿੱਤਲ ਗਰੁੱਪ ਬਠਿੰਡਾ ਵੱਲੋਂ 13 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਏਮਜ਼ ਵੇਦ ਕੁਮਾਰੀ ਮਿੱਤਲ ਪੈਸ਼ੇਂਟ ਸੈਂਲਟਰ ਹੋਮ (ਧਰਮਸ਼ਾਲਾ) ਦਾ ਇਕ ਵੱਡੇ ਸਮਾਗਮ ਦੌਰਾਨ ਉਦਘਾਟਨ ਕੀਤਾ ਗਿਆ। ਇਸ ਮੌਕੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ , ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਏਮਜ਼ ਦੇ ਡਾਇਰੈਕਟਰ ਡਾ. ਰਤਨ ਗੁਪਤਾ, ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਆਈਏਐਸ, ਡੀਆਈਜੀ ਹਰਜੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ , ਵਿਧਾਇਕ ਜਗਰੂਪ ਸਿੰਘ ਗਿੱਲ, ਵਿਧਾਇਕ ਅਮਿਤ ਰਤਨ, ਭਾਜਪਾ ਆਗੂ ਸਰੂਪ ਚੰਦ ਸਿੰਗਲਾਂ ਤੋਂ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ, ਧਾਰਮਿਕ, ਸਿੱਖਿਅਕ ਸੰਸਥਾਵਾਂ ਦੇ ਆਗੂ ਅਤੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਸੈਕੜਿਆਂ ਦੀ ਗਿਣਤੀ ’ਚ ਲੋਕ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ’ਚ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਜਿੰਦਰ ਮਿੱਤਲ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਨੀਤਾ ਮਿੱਤਲ ਤੋਂ ਇਲਾਵਾ ਹੋਰ ਪਰਿਵਾਰ ਦੇ ਮੈਂਬਰਾਂ ਨੇ ਰੀਬਨ ਕੱਟਕੇ ਧਰਮਸ਼ਾਲਾ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਆਖੰਡ ਰਮਾਇਣ ਦੇ ਪਾਠ ਉਪਰੰਤ ਮਸ਼ਹੂਰ ਭਜਨ ਗਾਇਕ ਸੁਨੀਲ ਧਿਆਨੀ ਅਤੇ ਮੈਡਮ ਮਨਜੀਤ ਧਿਆਨੀ ਵੱਲੋਂ ਧਾਰਮਿਕ ਭਜਨਾਂ ਦਾ ਗੁਣਗਾਣ ਕੀਤਾ ਗਿਆ।ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਐਮਡੀ ਰਾਜਿੰਦਰ ਮਿੱਤਲ ਨੇ ਦੱਸਿਆ ਏਮਜ਼ ਵੇਦ ਕੁਮਾਰੀ ਮਿੱਤਲ ਪੈਸ਼ੇਂਟ ਸੈਂਲਟਰ ਹੋਮ ਦਾ ਸੁਪਨਾ ਉਨ੍ਹਾਂ ਦੀ ਮਾਤਾ ਦਾ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਗਰੁੱਪ ਦੇ ਹੀ ਦੁਆਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਦੇ ਅਧੀਨ ਤਿਆਰ ਕਰਵਾਇਆ ਗਿਆ ਹੈ ਅਤੇ ਇਸ ਲਈ ਕੋਈ ਵੀ ਬਾਹਰੀ ਮਾਲੀ ਮਦਦ ਨਹੀਂ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸੈਂਲਟਰ ਹੋਮ (ਧਰਮਸ਼ਾਲਾ) ਦੇ ਅੰਦਰ 256 ਬੈਂਡਾ ਦਾ ਪ੍ਰਬੰਧ ਹੈ ਅਤੇ ਇਸ ’ਚ ਕੁਲ 63 ਕਮਰੇ ਹਨ ਜਿਹੜੇ ਏਸੀ ਅਤੇ ਨਾਨ ਏਸੀ ਹਨ।
ਇਸ ਤੋਂ ਇਲਾਵਾ ਔਰਤਾਂ ਅਤੇ ਪੁਰਸ਼ਾਂ ਲਈ ਅਲੱਗ ਤੋਂ ਡੋਰਮੇਟਰੀ ਦੀ ਵਿਵਸਥਾ ਵੀ ਕੀਤੀ ਗਈ ਹੈ ਜਿਸ ’ਚ 100 ਤੋਂ ਵੱਧ ਬੈਡ ਹਨ। ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਖਾਣ ਪੀਣ ਦਾ ਚੰਗਾ ਪ੍ਰਬੰਧ ਕਰਦੇ ਹੋਏ 200 ਵਿਅਕਤੀਆਂ ਦੀ ਸਮਰਥਾ ਵਾਲੇ ਲੰਗਰ ਹਾਲ ਤੋਂ ਇਲਾਵਾ 80 ਲੋਕਾਂ ਦੇ ਬੈਠਣ ਦੀ ਸਮਰਥਾ ਵਾਲਾ ਅਲੱਗ ਤੋਂ ਏਸੀ ਰੈਸਟਰੋਰੈਂਟ ਵੀ ਤਿਆਰ ਕੀਤਾ ਗਿਆ ਹੈ। ਧਰਮਸ਼ਾਲਾ ਦੇ ਅੰਦਰ 100 ਲੋਕਾਂ ਦੀ ਸਮਰਥਾ ਵਾਲਾ ਵੈਟਿੰਗ ਰੂਮ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਕਾਫੀ ਘੱਟ ਫੀਸ ਰੱਖੀ ਗਈ ਹੈ ਤਾਂ ਜੋ ਧਰਮਸ਼ਾਲਾ ਦੀ ਸਾਫ਼ ਸਫਾਈ ਅਤੇ ਹੋਰ ਪ੍ਰਬੰਧਾ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਇਸ ਮੌਕੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਿੱਤਲ ਪਰਿਵਾਰ ਵੱਲੋਂ ਕੀਤਾ ਗਿਆ ਇਕ ਵੱਡਾ ਸਮਾਜ ਸੇਵਾ ਦਾ ਉਪਰਾਲਾ ਹੈ ਜਿਸ ਦਾ ਹਰ ਰੋਜ਼ ਸੈਂਕੜੇ ਦੂਰ ਦੁਰਾਡੇ ਤੋਂ ਆਉਂਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਫਾਇਦਾ ਮਿਲੇਗਾ। ਇਸ ਮੌਕੇ ਬੋਲਦਿਆ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਨੇ ਵੀ ਮਿੱਤਲ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਅਗਰਵਾਲ ਸਭਾ ਰਜਿ ਬਠਿੰਡਾ ਵੱਲੋਂ ਪੂਰੇ ਮਿੱਤਲ ਪਰਿਵਾਰ ਨੂੰ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਮਿੱਤਲ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਵੱਲੋਂ ਬਾਹਰ ਤੋਂ ਆਏ ਸਾਰੇ ਮਹਿਮਾਨਾਂ ਦਾ ਇਥੇ ਪਹੁੰਚਣ ’ਤੇ ਧੰਨਵਾਦ ਕੀਤਾ ਗਿਆ ਅਤੇ ਭਵਿੱਖ ’ਚ ਵੀ ਅਜਿਹੇ ਸਮਾਜ ਸੇਵੀ ਉਪਰਾਲੇ ਕਰਦੇ ਰਹਿਣ ਦਾ ਇਕੱਤਰ ਲੋਕਾਂ ਨੂੰ ਭਰੋਸਾ ਦਿੱਤਾ। ਇਸ ਸਮਾਗਮ ’ਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵੀਸੀ ਆਰ ਪੀ ਤਿਵਾੜੀ, ਅਕਾਲੀ ਆਗੂ ਇਕਬਾਲ ਸਿੰਘ ਬਬਲੀ ਢਿਲੋਂ, ਸਾਬਕਾ ਮੇਅਰ ਰਮਨ ਗੋਇਲ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਸਾਬਕਾ ਵਿਧਾਇਕ ਹਰਦੇਵ ਅਰਸ਼ੀ ਤੋਂ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਮੁਖੀ, ਧਾਰਮਿਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਕੌਂਸਲਰ ਅਤੇ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਮੌਹਤਵਰ ਲੋਕ ਵੀ ਵੱਡੀ ਗਿਣਤੀ ’ਚ ਪਹੁੰਚੇ ਹੋਏ ਸਨ।