ਡੋਮੀਨੋਜ਼ ਰੈਸਟੋਰੈਂਟ 'ਤੇ ਫਾਇਰ! ਸ਼ਹਿਰ 'ਚ ਦਹਿਸ਼ਤ ਦਾ ਮਾਹੌਲ
ਪੁਲਿਸ ਜਾਂਚ 'ਚ ਜੁਟੀ
ਰੋਹਿਤ ਗੁਪਤਾ
ਗੁਰਦਾਸਪੁਰ, 27 Dec 2025- ਗੁਰਦਾਸਪੁਰ ਸ਼ਹਿਰ ਜੇਲ ਰੋਡ 'ਤੇ ਸਥਿਤ ਡੋਮੀਨੋਜ਼ ਪੀਜ਼ਾ ਰੈਸਟੋਰੈਂਟ 'ਚ ਫਾਇਰਿੰਗ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਰਟੀ ਅਤੇ ਆਲਾ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਉੱਥੇ ਹੀ ਇਸ ਵਾਰਦਾਤ ਬਾਰੇ ਰੈਸਟੋਰੈਂਟ ਸਟਾਫ ਅਤੇ ਸਥਾਨਕ ਲੋਕ ਜੋ ਉਸ ਵਾਰਦਾਤ ਦੌਰਾਨ ਰੈਸਟਰੈਂਟ 'ਚ ਮੌਜੂਦ ਸਨ, ਨੇ ਦੱਸਿਆ ਕਿ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ ਰੈਸਟੋਰੈਂਟ ਦੇ ਬਾਹਰ ਖੜ੍ਹੇ ਹੋ ਕੇ ਦੋ ਫਾਇਰ ਕੀਤੇ ਜੋ ਸ਼ੀਸ਼ੇ ਨੂੰ ਲੱਗੇ, ਜਦਕਿ ਅੰਦਰ ਲੋਕ ਮੌਜੂਦ ਸਨ ਅਤੇ ਉਨ੍ਹਾਂ ਗੋਲੀ ਦੀ ਆਵਾਜ਼ ਸੁਣ ਕੇ ਲੁਕ ਕੇ ਜਾਨ ਬਚਾਈ ਅਤੇ ਰੈਸਟੋਰੈਂਟ ਦੇ ਅੰਦਰ ਅਤੇ ਬਾਹਰ ਵੀ ਹਫੜਾ-ਦਫੜੀ ਦਾ ਮਾਹੌਲ ਸੀ।
ਉੱਥੇ ਹੀ ਰੈਸਟੋਰੈਂਟ ਮੈਨੇਜਰ ਰਾਜ ਨੇ ਦੱਸਿਆ ਕਿ ਉਸ ਵੱਲੋਂ ਮੌਕੇ 'ਤੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਉਧਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਦਾ ਕਹਿਣਾ ਸੀ ਕਿ ਅੱਜ ਗੁਰਦਾਸਪੁਰ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਸ ਦੀ ਵਜ੍ਹਾ ਇਹ ਹੈ ਕਿ ਪਿਛਲੇ ਤਿੰਨ ਦਿਨਾਂ 'ਚ ਕਰੀਬ ਤਿੰਨ ਵਾਰਦਾਤਾਂ ਗੁਰਦਾਸਪੁਰ ਸ਼ਹਿਰ ਵਿੱਚ ਵਾਪਰ ਚੁੱਕੀਆਂ ਹਨ।
ਉਧਰ ਮੌਕੇ 'ਤੇ ਪਹੁੰਚੇ ਐੱਸ ਪੀ ਗੁਰਦਾਸਪੁਰ ਪੁਲਿਸ ਡੀ ਕੇ ਚੌਧਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਜਦ ਇਸ ਵਾਰਦਾਤ ਦੀ ਸੂਚਨਾ ਮਿਲੀ ਤਾਂ ਉਹ ਇੱਥੇ ਪਹੁੰਚੇ ਹਨ ਅਤੇ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰ ਕੀਤਾ ਗਿਆ ਹੈ, ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।