DRI ਲੁਧਿਆਣਾ ਦੀ ਵੱਡੀ ਕਾਰਵਾਈ; ਅਮਰੀਕਾ-ਕੈਨੇਡਾ ਭੇਜੇ ਜਾ ਰਹੇ ਪਾਰਸਲਾਂ 'ਚੋਂ 12 ਕਿੱਲੋ ਅਫ਼ੀਮ ਬਰਾਮਦ
ਰਵੀ ਜੱਖੂ
ਲੁਧਿਆਣਾ, 1 ਫਰਵਰੀ 2026: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI), ਲੁਧਿਆਣਾ ਜ਼ੋਨਲ ਯੂਨਿਟ ਨੇ ਨਸ਼ਾ ਤਸਕਰੀ ਵਿਰੁੱਧ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਤਸਕਰਾਂ ਵੱਲੋਂ ਇਹ ਨਸ਼ਾ ਪਾਰਸਲਾਂ ਰਾਹੀਂ ਵਿਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
DRI ਅਧਿਕਾਰੀਆਂ ਨੂੰ ਪੁਖ਼ਤਾ ਸੂਚਨਾ ਮਿਲੀ ਸੀ ਕਿ ਲੁਧਿਆਣਾ ਤੋਂ ਅਮਰੀਕਾ (USA) ਅਤੇ ਕੈਨੇਡਾ ਲਈ ਬੁੱਕ ਕੀਤੇ ਗਏ 7 ਪਾਰਸਲਾਂ ਵਿੱਚ NDPS ਐਕਟ ਦੀ ਉਲੰਘਣਾ ਕਰਦਿਆਂ ਨਸ਼ੀਲੇ ਪਦਾਰਥ ਛੁਪਾ ਕੇ ਭੇਜੇ ਜਾ ਰਹੇ ਹਨ। ਇਸ ਜਾਣਕਾਰੀ 'ਤੇ ਕਾਰਵਾਈ ਕਰਦਿਆਂ, DRI ਦੀ ਟੀਮ ਨੇ ਲੁਧਿਆਣਾ ਦੇ ਇੱਕ ਕੋਰੀਅਰ ਦਫ਼ਤਰ ਵਿੱਚ ਇਹ ਪਾਰਸਲ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ।
ਪਾਰਸਲਾਂ ਦੀ ਬਾਰੀਕੀ ਨਾਲ ਜਾਂਚ ਕਰਨ 'ਤੇ ਅਧਿਕਾਰੀਆਂ ਨੂੰ 30 ਪੈਕੇਟ ਬਰਾਮਦ ਹੋਏ। ਤਸਕਰਾਂ ਨੇ ਬੜੀ ਚਲਾਕੀ ਨਾਲ ਇਹ ਨਸ਼ੀਲੇ ਪਦਾਰਥ ਰਸੋਈ ਦੇ ਭਾਂਡਿਆਂ ਅਤੇ ਐਡਲਟ ਡਾਇਪਰ ਪੈਡਾਂ (Adult Diaper Pads) ਦੇ ਅੰਦਰ ਛੁਪਾਏ ਹੋਏ ਸਨ। ਇਸ ਨਸ਼ੇ ਨੂੰ ਘਰੇਲੂ ਸਮਾਨ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਆੜ ਵਿੱਚ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਦਾਅਵਾ ਕਰਦਿਆਂ ਕੀਤਾ ਪਾਰਸਲਾਂ ਵਿੱਚੋਂ 12.118 ਕਿੱਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ।
DRI ਨੇ ਇਹ ਸਾਰੀ ਖੇਪ NDPS ਐਕਟ, 1985 ਦੀਆਂ ਧਾਰਾਵਾਂ ਤਹਿਤ ਜ਼ਬਤ ਕਰ ਲਈ ਹੈ। ਵਿਭਾਗ ਵੱਲੋਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਪਾਰਸਲ ਕਿਸ ਨੇ ਬੁੱਕ ਕਰਵਾਏ ਸਨ ਅਤੇ ਵਿਦੇਸ਼ ਵਿੱਚ ਇਹ ਕਿਸ ਨੂੰ ਭੇਜੇ ਜਾਣੇ ਸਨ। ਮਾਮਲੇ ਦੀ ਅਗਲੇਰੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ।