Canada: ਤਰਕਸ਼ੀਲ ਸੁਸਾਇਟੀ ਸਰੀ ਵੱਲੋਂ 27 ਜੁਲਾਈ ਨੂੰ ਕਰਵਾਇਆ ਜਾਵੇਗਾ ਤਰਕਸ਼ੀਲ ਮੇਲਾ
ਨਵਲਪ੍ਰੀਤ ਰੰਗੀ ਦੀ ਡਾਕੂਮੈਂਟਰੀ ‘ਕਾਲੇ ਪਾਣੀ ਦਾ ਮੋਰਚਾ’ ਦੀ ਭਰਪੂਰ ਪ੍ਰਸੰਸਾ
ਸਰੀ, 19 ਜੂਨ 2025-ਤਰਕਸ਼ੀਲ ਸੁਸਾਇਟੀ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਨਵਲਪ੍ਰੀਤ ਰੰਗੀ ਦੁਆਰਾ ਬਣਾਈ ਗਈ ਡਾਕੂਮੈਂਟਰੀ ‘ਕਾਲੇ ਪਾਣੀ ਦਾ ਮੋਰਚਾ’ ਦਿਖਾਈ ਗਈ। ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਸਮੇਤ ਵਿਸ਼ੇਸ਼ ਤੌਰ ਤੇ ਡਾਕੂਮੈਂਟਰੀ ਦੇਖਣ ਆਏ ਦਰਸ਼ਕਾਂ ਨੇ ਬਹੁਤ ਦਿਲਚਸਪੀ ਨਾਲ ਦੇਖੀ। ਇਸ ਡਾਕੂਮੈਂਟਰੀ ਵਿੱਚ ਇਸ ਨਾਲ਼ੇ ਦੇ ਗੰਦੇ ਪਾਣੀ ਨਾਲ ਹੋ ਰਹੇ ਲੋਕਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ਦਾ ਖਮਿਆਜ਼ਾ ਨਾਲ਼ੇ ਦੇ 2 ਕਿਲੋਮੀਟਰ ਲੰਮੇ ਘੇਰੇ ਵਿੱਚ ਰਹਿ ਰਹੇ ਲੋਕ ਭੁਗਤ ਰਹੇ ਹਨ ਤੇ ਇਹ ਨੁਕਸਾਨ ਅੱਗੇ ਤੋਂ ਅੱਗੇ ਵਧ ਰਿਹਾ ਹੈ ਅਤੇ ਰਾਜਸਥਾਨ ਅਤੇ ਪਾਕਿਸਤਾਨ ਤੱਕ ਨੁਕਸਾਨ ਪਹੁੰਚਾ ਰਿਹਾ ਹੈ। ਇਸ ਦੀ ਰੋਕਥਾਮ ਬਹੁਤ ਜ਼ਰੂਰੀ ਹੈ।
ਡਾਕੂਮੈਂਟਰੀ ਬਣਾਉਣ ਲਈ ਨਵਲਪ੍ਰੀਤ ਰੰਗੀ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਫਿਲਮ ਵੇਖਣ ਉਪਰੰਤ ਬਾਹਰੋਂ ਆਏ ਵਿਦਵਾਨਾਂ ਨੇ ਵੀ ਵਿਚਾਰ ਰੱਖੇ ਅਤੇ ਸਰਕਾਰਾਂ ਦੇ ਨਕਾਰਾਤਮਿਕ ਰਵੱਈਏ ਦੀ ਅਲੋਚਨਾ ਕੀਤੀ। ਮੰਗ ਕੀਤੀ ਗਈ ਕਿ ਸਰਕਾਰ ਤੁਰੰਤ ਇਸ ਨਾਲੇ ਦੀ ਸਫਾਈ ਕਰਵਾਉਣ ਵੱਲ ਧਿਆਨ ਦੇਵੇ ਸਾਰੇ ਹੀ ਅਦਾਰੇ ਆਪਣੇ ਆਪਣੇ ਯੂਨਿਟਾਂ ਨੂੰ ਪਾਣੀ ਸਾਫ ਕਰਨ ਵਾਲੇ ਪਲਾਂਟ 24 ਘੰਟੇ ਚੱਲਦੇ ਰੱਖਣ ਲਈ ਹੁਕਮ ਜਾਰੀ ਕਰਨ ਅਤੇ ਯਕੀਨੀ ਬਣਾਇਆ ਜਾਵੇ ਕਿ ਇਹ ਲਗਾਤਾਰ ਚਲਦੇ ਰਹਿਣ। ਫੇਰ ਹੀ ਸਾਫ ਪਾਣੀ ਧਰਤੀ ਵਿੱਚ ਰੀਚਾਰਜ ਲਈ ਭੇਜਿਆ ਜਾਵੇ। ਇਸ ਦੇ ਨਾਲ ਹੀ ਸਰਕਾਰ ਖ਼ੁਦ ਵੀ ਇਸ ਨਾਲ਼ੇ ‘ਤੇ ਵਾਟਰ ਟਰੀਟਮੈਂਟ ਪਲਾਂਟ ਲਾ ਕੇ ਨਾਲ਼ੇ ਦਾ ਗੰਦਾ ਪਾਣੀ ਸਤਲੁਜ ਵਿੱਚ ਪਾਉਣ ਤੋਂ ਰੋਕੇ। ਸੁਸਾਇਟੀ ਨੇ ਲੋਕਾਂ ਦੀ ਇਸ ਹੱਕੀ ਮੰਗ ਦੀ ਪੂਰਨ ਹਮਾਇਤ ਕੀਤੀ ਹੈ।
ਮੀਡੀਆ ਸਕੱਤਰ ਨਿਰਮਲ ਕਿੰਗਰਾ ਨੇ ਦੱਸਿਆ ਕਿ ਪ੍ਰੋਗਰੈਸਿਵ ਕਲਚਰਲ ਸੈਟਰ ਸਰੀ ਵਿਖ਼ੇ ਹੋਈ ਸੁਸਾਇਟੀ ਦੇ ਜਨਰਲ ਮੈਂਬਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਸੋਸਾਇਟੀ ਦੇ ਪ੍ਰਧਾਨ ਜਸਵਿੰਦਰ ਹੇਅਰ ਨੇ ਕੀਤੀ। ਮੀਟਿੰਗ ਵਿੱਚ ਸੋਸਾਇਟੀ ਦੇ ਸਰਪ੍ਰਸਤ ਅਵਤਾਰ ਬਾਈ ਨੇ ਕੌਮੀ ਐਗਜ਼ੈਕਟਿਵ ਕਮੇਟੀ ਦੀ 27 ਮਈ 2025 ਵਾਲੀ ਮੀਟਿੰਗ ਦੀ ਪੂਰੀ ਰਿਪੋਰਟਿੰਗ ਕੀਤੀ ਅਤੇ 27 ਜੁਲਾਈ 2025 ਨੂੰ ਕਰਵਾਏ ਜਾ ਰਹੇ ਸਲਾਨਾ ਤਰਕਸ਼ੀਲ ਮੇਲੇ ਦੇ ਸਬੰਧ ਵਿੱਚ ਚਰਚਾ ਕੀਤੀ। ਇਹ ਮੇਲਾ ਸਰੀ ਆਰਟ ਸੈਟਰ 13750-88 ਐਵੀਨਿਊ ਸਰੀ ਵਿਖ਼ੇ ਹੋਵੇਗਾ। ਇਸ ਮੇਲੇ ਦੌਰਾਨ ਸੁਰਿੰਦਰ ਸ਼ਰਮਾ (ਲੋਕ ਕਲਾ ਮੰਚ ਮੰਡੀ ਮੁੱਲਾਂਪੁਰ) ਦੁਆਰਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ਪੇਸ਼ ਕੀਤਾ ਜਾਵੇਗਾ। ਇਸ ਸਬੰਧ ਵਿੱਚ ਥੀਏਟਰ, ਟਿਕਟਾਂ ਸਮੇਤ ਸਾਰੀ ਤਿਆਰੀ ਕਰ ਲਈ ਗਈ ਹੈ। ਸੁਸਾਇਟੀ ਵੱਲੋਂ ਅਪੀਲ ਕੀਤੀ ਗਈ ਹੈ ਕਿ 27 ਜੁਲਾਈ (ਐਤਵਾਰ) ਦਾ ਦਿਨ ਮੇਲਾ ਦੇਖਣ ਲਈ ਰਾਖਵਾਂ ਕਰ ਲਿਆ ਜਾਵੇ। ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਯੂ-ਟਿਊਬ ਚੈਨਲ ਚਲਾਉਣ ਦੀ ਜ਼ਿੰਮੇਵਾਰੀ ਸਰੀ ਅਤੇ ਐਬਸਫੋਰਡ ਦੇ ਯੂਨਿਟਾਂ ਦੀ ਹੋਣ ਕਰ ਕੇ ਇਸ ‘ਤੇ ਵਿਚਾਰ ਕੀਤਾ ਗਿਆ ਹੈ। ਇਹ ਚੈਨਲ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।