Babushahi Special ਜ਼ਿਮਨੀ ਚੋਣ: ਸਿਆਸੀ ਕਿੱਕਲੀ ਨਾਲ ਲਾਈ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਨਗਾਰੇ ਤੇ ਚੋਟ
ਅਸ਼ੋਕ ਵਰਮਾ
ਬਠਿੰਡਾ,18 ਅਕਤੂਬਰ 2025: ਵਿਧਾਨ ਸਭਾ ਹਲਕਾ ਤਰਨ ਤਾਰਨ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਨਵੀਂ ਸਿਆਸੀ ਕਿੱਕਲੀ ਪਾਈ ਹੈ ਜਿਸ ਰਾਹੀਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਘੇਰਾਬੰਦੀ ਕੀਤੀ ਹੈ। ਠੀਕ 15 ਮਹੀਨੇ ਬਾਅਦ ਹਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੁੱਧਵਾਰ ਨੂੰ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ’ਚ ਕੀਤੇ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਨੇ ਇਹ ਕਿੱਕਲੀ ਪਾਈ ਹੈ। ਕਿਕਲੀ ਕਲੀਰ ਦੀ , ਗੱਲ ਬਣਦੀ ਨਹੀਂ ਸੁਖਬੀਰ ਦੀ, ਚਿੱਟਾ ਮੇਰੇ ਭਾਈ ਦਾ ਉਹਨੂੰ ਆਪੇ ਹੀ ਫਸਾਈ ਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾਭੇ ਜਾਈਦਾ। ਹਾਲਾਂਕਿ ਮੁੱਖ ਮੰਤਰੀ ਨੇ ਸਮੂਹ ਵਿਰੋਧੀਆਂ ਖਿਲਾਫ ਤਿੱਖੇ ਨਿਸ਼ਾਨੇ ਲਾਏ ਪਰ ਅਕਾਲੀ ਆਗੂਆਂ ਨੂੰ ਇਸ ਤਰਾਂ ਘੇਰਨ ਨੇ ਇੱਕ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ। ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਖ਼ਾਲੀ ਹੋਈ ਹੈ।
ਭਾਰਤੀ ਚੋਣ ਕਮਿਸ਼ਨ ਨੇ ਤਰਨ ਤਾਰਨ ਜ਼ਿਮਨੀ ਚੋਣ 11 ਨਵੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਤਿੰਨ ਵਾਰ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ, ਜੋ ਸ਼ਰੋਮਣੀ ਅਕਾਲੀ ਦਲ ਚੋਂ ‘ਆਪ’ ’ਚ ਆਏ ਹਨ। ਹਰਮੀਤ ਸਿੰਘ ਸੰਧੂ ਨੇ ਆਪਣਾ ਸਿਆਸੀ ਜੀਵਨ ਸਾਲ 2002 ਤੋਂ ਆਜ਼ਾਦ ਤੌਰ ’ਤੇ ਚੋਣ ਜਿੱਤ ਕੇ ਸ਼ੁਰੂ ਕੀਤਾ ਸੀ। ਸੰਧੂ ਨੇ ਸਾਲ 2007 ਅਤੇ 2012 ਦੀ ਚੋਣ ਵੀ ਬਤੌਰ ਅਕਾਲੀ ਉਮੀਦਵਾਰ ਜਿੱਤੀ ਸੀ। ਸਾਲ 2022 ਦੀ ਚੋਣ ’ਚ ਉਹ ‘ਆਪ’ ਉਮੀਦਵਾਰ ਤੋਂ ਹਾਰ ਗਏ ਸਨ। ਜਦੋਂ ਜਿਮਨੀ ਚੋਣ ਦਾ ਬਿਗੁਲ ਵੱਜਿਆ ਤਾਂ ਹਰਮੀਤ ਸਿੰਘ ਸੰਧੂ ਨੇ ਝਾੜੂ ਚੁੱਕ ਲਿਆ ਤਾਂ ਪਾਰਟੀ ਨੇ ਉਮੀਦਵਾਰ ਬਣਾ ਦਿੱਤਾ । ਹਰਮੀਤ ਸੰਧੂ ਨੇ ਨਾਮਜਦਗੀ ਦਾਖਲ ਕਰਨ ਤੋਂ ਬਾਅਦ ਪਿੰਡਾਂ ਵਿੱਚ ਆਪਣੇ ਦਫਤਰ ਖੋਹਲ ਕੇ ਚੋਣ ਪ੍ਰਚਾਰ ਤੇਜ ਕਰ ਦਿੱਤਾ ਹੈ।
ਅਕਾਲੀ ਦਲ ਚੋਣ ਮੁਹਿੰਮ ਭਖਾਉਣ ’ਚ ਕਾਫ਼ੀ ਸਰਗਰਮ ਨਜ਼ਰ ਆ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਪੀੜਤਾਂ ਨੂੰ ਤੇਲ ਅਤੇ ਨਕਦੀ ਵੰਡਕੇ ਆਪਣੀ ਸਿਆਸੀ ਭੱਲ ਬਣਾਉਣ ਲਈ ਕੀਤੇ ਯਤਨ ਸਾਰਥਿਕ ਸਿੱਧ ਹੋਣ ਦੀ ਸੰਭਾਵਨਾ ਹੈ। ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਦਾ ਸਬੰਧ ਧਰਮੀ ਫੌਜੀ ਪ੍ਰੀਵਾਰ ਨਾਲ ਹੋਣ ਕਰਕੇ ਵੀ ਸ਼੍ਰੋਮਣੀ ਅਕਾਲੀ ਦਲ ਭਰਵੇਂ ਹੁੰਗਾਰੇ ਪ੍ਰਤੀ ਆਸਵੰਦ ਹੈ। ਇਸੇ ਤਰਾਂ ਕਾਂਗਰਸੀ ਆਗੂ ਭੁਪੇਸ਼ ਬਘੇਲ, ਪ੍ਰਤਾਪ ਸਿੰਘ ਬਾਜਵਾ, ਪਰਗਟ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਦਿ ਦੀ ਹਾਜ਼ਰੀ ਵਿੱਚ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਨਾਮਜਦਗੀ ਪਰਚਾ ਭਰਿਆ ਸੀ। ਵਿੱਤੀ ਤੌਰ ’ਤੇ ਮਜ਼ਬੂਤ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਸਿਆਸੀ ਤੌਰ ’ਤੇ ਬਹੁਤੇ ਜਾਣੇ ਪਛਾਣੇ ਚਿਹਰੇ ਨਹੀਂ ਹਨ। ਜ਼ਿਮਨੀ ਚੋਣ ਦੌਰਾਨ ਪੰਜਾਬ ਕਾਂਗਰਸ ਵਿਚਲੀ ਪਾਟੋਧਾੜ ਜਾਂ ਏਕਤਾ ਦਾ ਅਸਰ ਪੈਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਭਾਰਤੀ ਜੰਤਾ ਪਾਰਟੀ ਲਈ ਵੀ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਜ਼ਿਮਨੀ ਚੋਣ ’ਚ ਕਾਰਗੁਜ਼ਾਰੀ ਦਿਖਾਉਣਾ ‘ਕਰੋ ਜਾਂ ਮਰੋ’ ਵਾਂਗ ਹੈ। ਪਾਰਟੀ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਚੋਟੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਵੱਡੇ ਇਕੱਠ ਨਾਲ ਨਾਮਜਦਗੀ ਪਰਚਾ ਭਰਕੇ ਆਪਣੀ ਤਾਕਤ ਦਾ ਦਿਖਾਵਾ ਕੀਤਾ ਹੈ। ਭਾਜਪਾ ਇਸ ਚੋਣ ਦੌਰਾਨ ਹਮਲਾਵਰ ਮੁਹਿੰਮ ਚਲਾਉਣ ਦੇ ਰੌਂਅ ਹੈ ਅਤੇ ਪਾਰਟੀ ਨੇ ਪੂਰੀ ਤਾਕਤ ਝੋਕਣੀ ਸ਼ੁਰੂ ਕੀਤੀ ਹੋਈ ਹੈ। ਦਿਲਚਸਪ ਪਹਿਲੂ ਇਹ ਵੀ ਹੈ ਕਿ ਭਾਜਪਾ ਲਈ ਜਿਮਨੀ ਚੋਣ ਦੌਰਾਨ ਗੁਆਉਣ ਨੂੰ ਕੁੱਝ ਵੀ ਨਹੀਂ ਜਦੋਂਕਿ ਜਿੱਤਣ ਲਈ ਸਾਰਾ ਅਸਮਾਨ ਪਿਆ ਹੈ। ਬੀਜੇਪੀ ਵੱਲੋਂ ਤਰਨ ਤਾਰਨ ਹਲਕੇ ਲਈ ਜਾਰੀ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਇਹੋ ਦੱਸਦੀ ਹੈ ਕਿ ਪਾਰਟੀ ਕਿ ਜਿਮਨੀ ਚੋਣ ਨੂੰ ਕਿੰਨੀਂ ਸੰਜੀਦਗੀ ਨਾਲ ਲੈ ਰਹੀ ਹੈ। ਉੱਜ ਪੇਂਡੂ ਪ੍ਰਭਾਵ ਵਾਲੇ ਹਲਕੇ ਦੇ ਲੋਕਾਂ ਦਾ ਦਿਲ ਜਿੱਤਣਾ ਭਾਜਪਾ ਲਈ ਖਾਲਾ ਜੀ ਦਾ ਵਾੜਾ ਨਹੀਂ ਲੱਗਦਾ ਹੈ।
ਜਿਮਨੀ ਚੋਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਮਨਦੀਪ ਸਿੰਘ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਹੈ। ਮਨਦੀਪ ਸਿੰਘ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸੰਨੀ ਦਾ ਭਰਾ ਹੈ ਜਿਸ ਖਿਲਾਫ ਸ਼ਿਵ ਸੈਨਾ ਆਗੂ ਸੁਧੀਰ ਸੁਰੀ ਦੇ ਕਤਲ ਦਾ ਦੋਸ਼ ਹੈ। ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਵੀ ਮਨਦੀਪ ਸਿੰਘ ਦੀ ਹਮਾਇਤ ਕੀਤੀ ਹੈ। ਜਿਕਰਯੋਗ ਹੈ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਲੋਕ ਸਭਾ ਚੋਣਾਂ ਮੌਕੇ ਤਰਨ ਤਾਰਨ ਹਲਕੇ ਤੋਂ ਵੱਡੇ ਫਰਕ ਨਾਲ ਚੋਣ ਜਿੱਤੇ ਸਨ। ਹਲਕਾ ਪੰਥਕ ਸੋਚ ਵਾਲਾ ਹੋਣ ਕਰਕੇ ਜੱਥੇਬੰਦੀ ਦੇ ਆਗੂ ਮਨਦੀਪ ਸਿੰਘ ਨੂੰ ਲੋਕ ਸਭਾ ਚੋਣਾਂ ਵਰਗੀ ਹਮਾਇਤ ਮਿਲਣ ਪ੍ਰਤੀ ਆਸਵੰਦ ਹਨ। ਉਸਮਾਂ ਕਾਂਡ ’ਚ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਦਿਵਾਉਣ ਵਾਲੀ ਹਰਬਿੰਦਰ ਕੌਰ ਉਸਮਾਂ ਵੀ ਇਸ ਹਲਕੇ ਤੋਂ ਚੋਣ ਮੈਦਾਨ ਵਿੱਚ ਹੈ ਜਿਨ੍ਹਾਂ ਦੇ ਪਤੀ ਬਾਬਾ ਨਛੱਤਰ ਨਾਥ ਦਾ ਇਲਾਕੇ ’ਚ ਚੋਖਾ ਪ੍ਰਭਾਵ ਦੱਸਿਆ ਜਾਂਦਾ ਹੈ।
ਪੇਂਡੂ ਪ੍ਰਧਾਨੀ ਵਾਲਾ ਹਲਕਾ
ਤਰਨ ਤਾਰਨ ਹਲਕੇ ਵਿੱਚ 96 ਪਿੰਡ ਪੈਂਦੇ ਹਨ, ਜਿਨ੍ਹਾਂ ਦੀ ਵੋਟ ਫ਼ੈਸਲਾਕੁਨ ਸਾਬਤ ਹੋਣ ਦੇ ਅਨੁਮਾਨ ਹਨ। ਹਲਕੇ ’ਚ ਕੁੱਲ 222 ਪੋਲਿੰਗ ਬੂਥ ਹਨ, ਜਿਨ੍ਹਾਂ ’ਚੋਂ 122 ਦਿਹਾਤੀ ਅਤੇ 60 ਸ਼ਹਿਰੀ ਬੂਥ ਹਨ। ਤਰਨ ਤਾਰਨ ਹਲਕੇ ’ਚ ਕੁੱਲ 1.93 ਲੱਖ ਵੋਟਰ ਹਨ, ਜਿਨ੍ਹਾਂ ’ਚੋਂ 1.01 ਲੱਖ ਪੁਰਸ਼ ਵੋਟਰ ਅਤੇ 92,240 ਔਰਤਾਂ ਵੋਟਰ ਹਨ।