Babushahi Special ਮੰਜ਼ਿਲ ਦੇ ਮੱਥੇ ’ਤੇ ਤਖਤੀ ਲੱਗਦੀ ਉਨ੍ਹਾਂ ਦੀ ਜੋ ਘਰੋਂ ਬਣਾਕੇ ਟੁਰਦੇ ਨਕਸ਼ਾ ਆਪਣੇ ਸਫਰਾਂ ਦਾ
ਅਸ਼ੋਕ ਵਰਮਾ
ਬਠਿੰਡਾ, 28 ਦਸੰਬਰ 2025: ਗੁਰਬਤ ਉਸ ਦਾ ਰਾਹ ਨਹੀਂ ਰੋਕ ਸਕੀ ਤੇ ਹਕੂਮਤਾਂ ਦੇ ਵਤੀਰੇ ਦੀਆਂ ਠੰਢੀਆਂ ਰਾਤਾਂ ਉਸ ਦਾ ਹੌਂਸਲਾ ਨਹੀਂ ਤੋੜ ਸਕੀਆਂ। ਜਦੋਂ ਸਿਰੜ ਨੇ ਜਜ਼ਬੇ ਦੀ ਉਂਗਲ ਫੜੀ ਤਾਂ ਬੇਰੁਜਗਾਰ ’ਤੇ ਉੱਪਰੋਂ ਕੁਦਰਤ ਦੀ ਮਾਰ ਦੇ ਝੰਬੇ ਅਪੰਗ ਅਧਿਆਪਕ ਪ੍ਰਿਥਵੀ ਵਰਮਾ ਨੇ ਹਵਾ ਦੇ ਲਗਾਤਰ ਉਲਟ ਉੱਡਕੇ ਅੰਤ ਨੂੰ ਮੰਜਿਲ ਫਤਿਹ ਕਰਕੇ ਹੀ ਸਾਹ ਲਿਆ । ਫਾਜ਼ਿਲਕਾ ਜਿਲ੍ਹੇ ਦੇ ਸਰਹੱਦੀ ਪਿੰਡ ਡੰਗਰ ਖੇੜਾ ਦਾ ਰਹਿਣ ਵਾਲਾ ਪ੍ਰਿਥਵੀ ਵਰਮਾ ਹੁਣ ਪਟਿਆਲਾ ਜਿਲ੍ਹੇ ਦੇ ਪਿੰਡ ਝਾੜਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹੈ। ਪ੍ਰਿਥਵੀ ਵਰਮਾ ਨੂੰ ਆਪਣੀ ਮੰਜਿਲ ਤੱਕ ਪੁੱਜਣ ਲਈ ਤਿੰਨ ਮੁੱਖ ਮੰਤਰੀਆਂ ਦੀਆਂ ਸਰਕਾਰਾਂ ਨਾਲ ਆਢਾ ਲਾਉਣਾ ਪਿਆ ਹੈ। ਦਰਅਸਲ ਪ੍ਰਿਥਵੀ ਦੀ ਜੰਗ 2019 ’ਚ ਸ਼ੁਰੂ ਹੋਈ ਜਦੋਂ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿੱਚ ਸੀ ਅਤੇ ਸ਼ਾਹੀ ਸ਼ਹਿਰ ਪਟਿਆਲਾ ਸੰਘਰਸ਼ਾਂ ਦਾ ਮੁੱਖ ਕੇਂਦਰ ਬਿੰਦੂ ਬਣਿਆ ਹੋਇਆ ਸੀ।
ਇਸ ਮੌਕੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਨੇ ਜਦੋਂ ਰੁਜਗਾਰ ਖਾਤਰ ਸ਼ਾਹੀ ਮਹਿਲਾਂ ਨਾਲ ਮੱਥਾ ਲਾਉਣ ਦਾ ਫੈਸਲਾ ਲਿਆ ਤਾਂ ਪ੍ਰਿਥਵੀ ਵਰਮਾ ਕਿਸ ਤਰਾਂ ਪਿੱਛੇ ਰਹਿ ਸਕਦਾ ਸੀ। ਕੈਪਟਨ ਸਰਕਾਰ ਨਾਲ ਹੱਕਾਂ ਦੀ ਲੜਾਈ ਦੌਰਾਨ ਪ੍ਰਿਥਵੀ ਨੂੰ ਸਾਥੀ ਬੇਰੁਜ਼ਗਾਰਾਂ ਨਾਲ ਤਿੰਨ ਸਾਲ ਤੱਕ ਪੰਜਾਬ ਪੁਲਿਸ ਦੀਆਂ ਡਾਂਗਾਂ ਦਾ ਕਹਿਰ ਵੀ ਝੱਲਣਾ ਪਿਆ ਅਤੇ ਪੁਲਿਸ ਦੀ ਧੂਹ ਘੜੀਸ ਵੀ ਬਰਦਾਸ਼ਤ ਕਰਨੀ ਪਈ। ਉਹ ਦੱਸਦਾ ਹੈ ਕਿ ਉਸਨੇ ਰਿਕਸ਼ੇ ਜਾਂ ਕਿਸੇ ਹੋਰ ਸਾਧਨ ਰਾਹੀਂ ਹਰ ਪ੍ਰਦਰਸ਼ਨ ’ਚ ਸ਼ਾਮਲ ਹੋਕੇ ਆਪਣੀ ਅਵਾਜ਼ ਬੁਲੰਦ ਕੀਤੀ ਹੈ। ਅਜੇ ਬੇਰੁਜਗਾਰ ਅਧਿਆਪਕ ਸੰਘਰਸ਼ ਦੇ ਮੈਦਾਨ ਵਿੱਚ ਹੀ ਸਨ ਕਿ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਅਤੇ ਚਰਨਜੀਤ ਚੰਨੀ ਨੂੰ ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਬਣਾਇਆ ਗਿਆ। ਬੇਰੁਜਗਾਰ ਅਧਿਆਪਕਾਂ ਨੇ ਨੌਕਰੀ ਖਾਤਰ ਚੰਨੀ ਦੇ ਹਲਕੇ ’ਚ ਡੇਰਾ ਜਮਾ ਲਿਆ ਜਿੱਥੇ ਲਾਠੀਚਾਰਜ ਪਿੰਡੇ ਤੇ ਹੰਢਾਉਣ ਦੇ ਬਾਵਜੂਦ ਗੱਲ ਨਾਂ ਬਣੀ।
ਪ੍ਰਿਥਵੀ ਨੇ ਦੱਸਿਆ ਕਿ ਦੂਰ ਹੋਣ ਦੇ ਬਾਵਜੂਦ ਮੌਸਮ ਦੀਆਂ ਮਾਰਾਂ ਝੱਲਦਾ ਹੋਇਆ ਉਹ ਫਾਜ਼ਿਲਕਾ ਤੋਂ ਚੱਲਕੇ ਹਰ ਧਰਨੇ ’ਚ ਸ਼ਾਮਲ ਹੋਕੇ ਹਕੂਮਤਾਂ ਵਾਲਿਆਂ ਦੇ ਬੋਲੇ ਕੰਨਾਂ ਤੱਕ ਆਪਣੀ ਅਵਾਜ਼ ਪਹੁੰਚਾਉਂਦਾ ਰਿਹਾ। ਉਸ ਨੇ ਦੱਸਿਆ ਕਿ ਚੰਨੀ ਸਰਕਾਰ ਤੋਂ ਬਾਅਦ ਆਮ ਆਦਮੀ ਪਾਰਟੀ ਸੱਤਾ ਵਿੱਚ ਆ ਗਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਣ ਗਏ ਜੋ ਸੰਗਰੂਰ ਜਿਲ੍ਹੇ ਨਾਲ ਸਬੰਧ ਰੱਖਦੇ ਹਨ। ਸੱਤਾ ’ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੇ ਵਾਾਅਦੇ ਦੀ ਰੌਸ਼ਨੀ ਵਿੱਚ ਉਨ੍ਹਾਂ ਨੇ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਕੀਤੀ। ਜਦੋਂ ਕੋਈ ਸੁਣਵਾਈ ਨਾਂ ਹੋਈ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿਚਲੀ ਰਿਹਾਇਸ਼ ਅੱਗੇ ਡਟਣਾ ਪਿਆ। ਬੇਰੁਜ਼ਗਾਰਾਂ ਨੂੰ ਉਮੀਦ ਸੀ ਕਿ ਸਰਕਾਰ ਨੌਕਰੀਆਂ ਲੈਕੇ ਉਨ੍ਹਾਂ ਕੋਲ ਪੁੱਜੇਗੀ ਪਰ ਅਜਿਹਾ ਨਾਂ ਹੋ ਸਕਿਆ ਅਤੇ ਇੱਥੇ ਵੀ ਪੁਲਿਸ ਨੇ ਡਾਂਗ ਫੇਰਨ ’ਚ ਕਸਰ ਬਾਕੀ ਨਹੀਂ ਛੱਡੀ ।
.jpg)
ਪ੍ਰਿਥਵੀ ਵਰਮਾ ਦੱਸਦਾ ਹੈ ਕਿ ਉਸ ਦੀ ਸਭ ਤੋਂ ਵੱਡੀ ਜੰਗ ਅਪੰਗਤਾ ਨਾਲ ਸੀ ਅਤੇ ਉੱਪਰੋਂ ਘਰ ਦੀ ਗੁਰਬਤ ਜਿਸ ਕਾਰਨ ਜਿੰਦਗੀ ਇੱਕ ਪ੍ਰੀਖਿਆ ਬਣ ਗਈ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਅਲਾਮਤਾਂ ਦਰਮਿਆਨ ਤਿੰਨ ਤਿੰਨ ਮੁੱਖ ਮੰਤਰੀ ਅਤੇ ਲੋਕ ਵਿਰੋਧੀ ਪ੍ਰਸ਼ਾਸ਼ਨ ਨਾਲ ਮੱਥਾ ਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਲੜਾਈ ਜਾਰੀ ਰੱਖੀ ਅਤੇ 6 ਸਾਲ ਦੇ ਲੰਮੇਂ ਸੰਘਰਸ਼ ਤੋਂ ਬਾਅਦ ਸਰਕਾਰ ਨੂੰ ਦਿਵਿਆਂਗ ਕੋਟੇ ਦੀਆਂ ਅਸਾਮੀਆਂ ਭਰਨ ਲਈ ਮਜਬੂਰ ਕਰ ਦਿੱਤਾ। ਸਰਕਾਰ ਨੇ ਆਪਣੇ ਤਿੰਨ ਸਾਲ ਲੰਘਣ ਉਪਰੰਤ ਹੁਣ ਪ੍ਰਿਥਵੀ ਵਰਮਾ ਵਰਗੇ ਨਿਤਾਣਿਆਂ ਦੀ ਸਾਰ ਲਈ ਹੈ। ਹੁਣ ਇਹੋ ਪਿਥਵੀ ਵਰਮਾ ਪਟਿਆਲਾ ਜਿਲ੍ਹੇ ਦੇ ਪਿੰਡ ਝਾੜਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਅਧਿਆਪਕ ਬਣ ਗਿਆ ਹੈ। ਪ੍ਰਿਥਵੀ ਵਰਮਾ ਆਖਦਾ ਹੈ ਕਿ ਹੁਣ ਬੱਚਿਆਂ ਨੂੰ ਵਧੀਆਂ ਸਿੱਖਿਆ ਦੇਕੇ ਚੰਗੇ ਨਾਗਰਿਕ ਬਨਾਉਣਾ ਉਸ ਦਾ ਇੱਕ ਮੰਤਵ ਹੋਵੇਗਾ।
ਭਰਵਾਂ ਰੈਡ ਕਾਰਪੈਟ ਸੁਆਗਤ
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪ੍ਰਿਥਵੀ ਵਰਮਾ ਵੱਲੋਂ ਸਕੂਲ ’ਚ ਆਪਣੀ ਜਿੰਮੇਵਾਰੀ ਸੰਭਲਣ ਦਾ ਦਿਨ ਵੀ ਉਸ ਲਈ ਯਾਦਗਾਰੀ ਬਣ ਗਿਆ ਹੈ। ਸਕੂਲ ’ਚ ਪੁੱਜਣ ਸਾਰ ਬੱਚਿਆਂ ਨੇ ਪ੍ਰਿਥਵੀ ਵਰਮਾ ਦਾ ਰੈਡ ਕਾਰਪੈਟ ਸੁਆਗਤ ਕੀਤਾ ਜੋ ਮੰਤਰੀਆਂ ਜਾਂ ਹੋਰ ਵੱਡੀ ਸ਼ਖਸ਼ੀਅਤਾਂ ਦੇ ਹਿੱਸੇ ਆਉਂਦਾ ਹੈ। ਇਸ ਸਬੰਧ ’ਚ ਸੋਸ਼ਲ ਮੀਡੀਆ ਤੇ ਵੀਡੀਓ ਵੀ ਸਾਹਮਣੇ ਆਈ ਹੈ ਜਿਸ ’ਚ ਪ੍ਰਿਥਵੀ ਵਰਮਾ ਲਾਲ ਰੰਗ ਦੇ ਨਵੇਂ ਛੋਟੇ ਕਾਰਪੈਟ ਤੇ ਚਲਦਾ ਨਜ਼ਰ ਆ ਰਿਹਾ ਹੈ । ਇਸ ਦੌਰਾਨ ਬੱੱਚਿਆਂ ਵੱਲੋਂ ਉਸ ਦੇ ਉੱਪਰ ਫੁਲਕਾਰੀ ਵਾਂਗ ਕੱਪੜਾ ਤਾਣਿਆ ਹੋਇਆ ਹੈ। ਪ੍ਰਿਥਵੀ ਵਰਮਾ ਦੱਸਦਾ ਹੈ ਕਿ ਉਸ ਦੀ ਜੁਆਇਨਿੰਗ ਉਸ ਨੂੰ ਜਿੰਦਗੀ ਦੇ ਆਖਰੀ ਸਾਹ ਤੱਕ ਯਾਦ ਰਹੇਗੀ।
ਸੰਘਰਸ਼ੀ ਸਲਾਮ: ਨਰਾਇਣ ਦੱਤ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਕਿ ਅਜਿਹੇ ਸੰਘਰਸ਼ੀ ਜਿਊੜਿਆਂ ਨੂੰ ਸਲਾਮ ਕਰਨਾ ਬਣਦਾ ਹੈ ਜਿੰਨ੍ਹਾਂ ਨੇ ਤਿੰਨ ਹਕੂਮਤਾਂ ਨਾਲ ਟੱਕਰ ਲੈਣ ਤੋਂ ਬਾਅਦ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਵੀ ਹੈ ਕਿ ਪ੍ਰਿਥਵੀ ਵਰਮਾ ਨੇ ਸੰਘਰਸ਼ ਦੀ ਮਮਟੀ ਤੇ ਜੋ ਦੀਵਾ ਜਗਾਇਆ ਹੈ ਉਸ ਨਾਲ ਨਵੇਂ ਪੋਚ ਨੂੰ ਜਾਗ ਲੱਗੇਗੀ।