Babushahi Special ਨੇਤਰਹੀਣ ਆਂਚਲ ਭਠੇਜਾ: ਹਰ ਮੋੜ ਤੇ ਸਲੀਬਾਂ ਹਰ ਪੈਰ ਹਨੇਰਾ, ਫਿਰ ਵੀ ਰੁਕੇ ਨਾ ਦੇਖ ਸਾਡਾ ਜੇਰਾ
ਅਸ਼ੋਕ ਵਰਮਾ
ਬਠਿੰਡਾ,1 ਅਗਸਤ 2025: ‘ਸ਼ੁਕਰੀਆ ਧੀਏ, ਤੂੰ ਇਕੱਲੇ ਬਠਿੰਡਾ ਦੀ ਹੀ ਨਹੀਂ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈੇ।’ ਨਾਮੀ ਚਿੱਤਰਕਾਰ ਤੇ ਅਧਿਆਪਕ ਗੁਰਪ੍ਰੀਤ ਬਠਿੰਡਾ ਨੇ ਆਪਣੀ ਵਿਦਿਆਰਥੀ ਰਹੀ ‘ਆਂਚਲ ਭਠੇਜਾ’ ਨੂੰ ਇਹ ਸ਼ਬਦ ਆਖੇ ਅਤੇ ਸ਼ਾਬਾਸ਼ ਵੀ ਦਿੱਤੀ ਹੈ। ਆਂਚਲ ਭਠੇਜਾ ਬਠਿੰਡਾ ਦੀ ਧੀਅ ਹੈ ਜੋ ਸੁਪਰੀਮ ਕੋਰਟ ਦੀ ਪਹਿਲੀ ਨੇਤਰਹੀਣ ਵਕੀਲ ਬਣਨ ’ਚ ਸਫਲ ਹੋਈ ਹੈ। ਆਂਚਲ ਭਟੇਜਾ ਲਈ 6 ਜੂਨ ਇਤਿਹਾਸਕ ਹੋ ਨਿਬੜੀ ਹੈ ਜਿਸ ਦਿਨ ਉਸ ਨੇ ਇੱਕ ਮਾਮਲੇ ਦੀ ਪੈਰਵਾਈ ਕਰਨ ਲਈ ਸੁਪਰੀਮ ਕੋਰਟ ਵਿੱਚ ਪੇਸ਼ ਹੋਈ ਅਤੇ ਰਿਕਾਰਡ ਕਾਇਮ ਕੀਤਾ ਹੈ। ਆਂਚਲ ਹੁਣ ਸੁਪਰੀਮ ਕੋਰਟ ਵਿੱਚ ਕਿਸੇ ਕੇਸ ਦੀ ਪੈਰਵਾਈ ਕਰਨ ਵਾਲੀ ਪਹਿਲੀ ਨੇਤਰਹੀਣ ਮਹਿਲਾ ਵਕੀਲ ਬਣ ਗਈ ਹੈ। ਅੱਖਾਂ ਦੀ ਰੌਸ਼ਨੀ ਨਾਂ ਹੋਣ ਦੇ ਬਾਵਜੂਦ ਆਂਚਲ ਭਠੇਜਾ ਨੇ ਉਹ ਕਰ ਦਿਖਾਇਆ ਹੈ ਜੋ ਕਲਪਨਾ ਤੋਂ ਪਰ੍ਹੇ ਹੈ।
ਜਾਣਕਾਰੀ ਅਨੁਸਾਰ ਆਂਚਲ ਭਠੇਜਾ ਦੀ ਸ਼ੁਰੂ ਤੋਂ ਹੀ ਨਜ਼ਰ ਕੰਮਜੋਰ ਸੀ ਪਰ ਬਦਕਿਸਮਤੀ ਨਾਲ ਪ੍ਰੀਖਿਆ ਦੌਰਾਨ ਉਸ ਦੀਆਂ ਅੱਖਾਂ ਦੀ ਜੋਤ ਪੂਰੀ ਤਰਾਂ ਚਲੀ ਗਈ। ਕਿਸਮਤ ਆਂਚਲ ਨੂੰ ਹਰ ਮੋੜ ਤੇ ਸ਼ਰੀਕ ਬਣਕੇ ਟੱਕਰੀ ਪਰ ਉਸ ਨੇ ਕਿਸੇ ਮੁਸ਼ਕਿਲ ਨੂੰ ਲਾਗੇ ਨਹੀਂ ਢੁੱਕਣ ਦਿੱਤਾ ਜਿਸ ਕਰਕੇ ਉਸ ਦੀ ਹਰ ਤਰਫ ਚਰਚਾ ਹੈ। ਦੱਸਦੇ ਹਨ ਕਿ ਉਸ ਨੂੰ ਇੱਕ ਵਾਰ ਤਾਂ ਲੱਗਿਆ ਕਿ ਸੁਪਨੇ ਟੁੱਟ ਗਏ ਹਨ ਪਰ ਉਸ ਨੇ ਮੁਸ਼ਕਲਾਂ ਅੱਗੇ ਹਾਰ ਨਾਂ ਮੰਨਣ ਦਾ ਤਹਈਆ ਕੀਤਾ ਅਤੇ ਮੁਲਕ ਦੇ ਵਕਾਰੀ ਅਦਾਰੇ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਆਂਚਲ ਸ਼ਹਿਰ ਦੇ ਨਾਮਵਾਰ ਪਾਲ ਸੰਗੀਤ ਮਹਿਲ ਦੇ ਮਾਲਕ ਸ਼ਿੰਦਰਪਾਲ ਦੀ ਬੇਟੀ ਹੈ ਜਿਸ ਦੇ ਜਨਮ ਮੌਕੇ ਕਾਫੀ ਪੇਚੀਦਗੀਆਂ ਸਾਹਮਣੇ ਆਈਆਂ ਸਨ । ਪ੍ਰੀਵਾਰ ਨੂੰ ਤਾਂ ਆਂਚਲ ਵੱਲੋਂ ਆਪਣੀ ਸਿੱਖਿਆ ਪੂਰੀ ਕਰਨ ਪ੍ਰਤੀ ਵੀ ਵੱਡੀ ਖਦਸ਼ਾ ਸੀ।

ਨਜ਼ਰ ਗੁਆਉਣ ਦੇ ਬਾਵਜੂਦ ਉਸਨੇ ਦਸਵੀਂ ਦੀ ਪ੍ਰੀਖਿਆ ਦੌਰਾਨ ਆਪਣੇ ਸਾਥੀਆਂ ਨਾਲੋਂ ਹੱਦੋਂ ਵੱਧ ਮਿਹਨਤ ਕੀਤੀ ਅਤੇ ਇੱਕ ਸਹਾਇਕ ਦੀ ਸਹਾਇਤਾ ਨਾਲ ਪ੍ਰੀਖਿਆ ਦੇਣ ਤੱਕ ਆਪਣੇ ਮੁਕੱਦਰ ਅਤੇ ਪੜ੍ਹਾਈ ਨਾਲ ਸੰਘਰਸ਼ ਜਾਰੀ ਰੱਖਿਆ ਜਿਸ ਦਾ ਨਤੀਜਾ ਸਿੱਖਿਆ ਮੁਕੰਮਲ ਹੋਣ ਵਜੋਂ ਨਿਕਲਿਆ। ਇਸ ਦੌਰਾਨ ਉਹ ਬਠਿੰਡਾ ਦੇ ਇੱਕ ਨੇਤਰਹੀਣ ਵਿਅਕਤੀ ਨੂੰ ਮਿਲੀ ਜਿਸ ਤੋਂ ਉਸ ਨੇ ਤਕਨੀਕੀ ਅਤੇ ਵਿਹਾਰਕ ਗਿਆਨ ਹਾਸਲ ਕੀਤਾ। ਉਸ ਨੇ ਡਿਜ਼ੀਟਲ ਢੰਗ ਤਰੀਕਿਆਂ ਅਤੇ ਆਪਣੇ ਕੋਰਸ ਦੀਆਂ ਆਡੀਓਬੁੱਕਾਂ ਰਾਹੀਂ ਸਿੱਖਿਆ ਪੂਰੀ ਕੀਤੀ ਅਤੇ ਇੱਕ ਲਿਖਣ ਵਾਲੇ ਦੀ ਸਹਾਇਤਾ ਨਾਲ ਪ੍ਰੀਖਿਆ ਦਿੱਤੀ। ਆਪਣੇ ਬੁਲੰਦ ਹੌਂਸਲੇ ਅਤੇ ਦ੍ਰਿੜ ਇਰਾਦੇ ਦਾ ਪ੍ਰਗਟਾਵਾ ਕਰਦਿਆਂ ਆਂਚਲ ਨੇ ਕਾਮਨ ਲਾਅ ਐਡਮਿਸ਼ਨ ਟੈਸਟ ( ਕੈਟ) ਦਿੱਤਾ ਜਿਸ ਚੋਂ ਸਫਲ ਹੋਣ ਤੋਂ ਬਾਅਦ ਉਹ ਬੈਂਗਲੁਰੂ ਦੇ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ’ਚ ਦਾਖਲਾ ਲੈਣ ਵਾਲੀ ਪਹਿਲੀ ਨੇਤਰਹੀਣ ਵਿਦਿਆਰਥਣ ਬਣ ਗਈ।
ਇਸ ਦੌਰਾਨ ਕਾਲਜ ਦੇ ਆਪਣੇ ਪਹਿਲੇ ਸਾਲ ਵਿੱਚ, ਆਂਚਲ ਆਪਣੀਆਂ ਪ੍ਰੀਖਿਆਵਾਂ ਲਿਖਣ ਲਈ ਇੱਕ ਲੇਖਕ ਦੀ ਮਦਦ ਲੈਂਦੀ ਰਹੀ । ਇਸ ਮੌਕੇ ਉਸਦੇ ਪ੍ਰੋਫੈਸਰ ਨੇ ਉਸਨੂੰ ਆਪਣੇ ਜਵਾਬ ਟਾਈਪ ਕਰਨ ਦਾ ਸੁਝਾਅ ਦਿੱਤਾ। ਪਹਿਲਾਂ ਤਾਂ ਆਂਚਲ ਝਿਜਕੀ ਪਰ ਮਗਰੋਂ ਉਹ ਆਪਣਾ ਲੈਪਟਾਪ ਟੈਸਟ ਰੂਮ ਵਿੱਚ ਲੈ ਗਈ ਅਤੇ ਆਪਣੇ ਜਵਾਬ ਖੁਦ ਦਰਜ ਕਰਨ ਲੱਗੀ। ਰੁਕਾਵਟਾਂ ਦੇ ਬਾਵਜੂਦ ਆਂਚਲ ਨੇ 2023 ਵਿੱਚ ਲਾਅ ਸਕੂਲ ਤੋਂ ਗ੍ਰੈਜੂਏਸ਼ਨ ਮੁਕੰਮਲ ਕਰ ਲਈ ਅਤੇ ਹੁਣ ਉਹ ਇੱਕ ਪ੍ਰਮੁੱਖ ਲਾਅ ਫਰਮ ਵਿੱਚ ਵਕੀਲ ਵਜੋਂ ਕੰਮ ਕਰ ਰਹੀ ਹੈ। ਸੁਪਰੀਮ ਕੋਰਟ ਸਾਹਮਣੇ ਪਹਿਲੀ ਵਾਰ ਪੇਸ਼ ਵਕੀਲ ਆਂਚਲ ਭਟੇਜਾ ਨੇ ਉੱਤਰਾਖੰਡ ਨਿਆਂਇਕ ਸੇਵਾ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਦੀ ਭਰਤੀ ਲਈ ਜਾਰੀ ਕੀਤੇ ਇਸ਼ਤਿਹਾਰ ਦੀ ਸੰਵਿਧਾਨਕਤਾ ਨੂੰ ਚੁਣੌਤੀ ਦੇਣ ਵਾਲੇ ਪਟੀਸ਼ਨਰ ਦੀ ਨੁਮਾਇੰਦਗੀ ਕੀਤੀ। ਰੌਚਕ ਤੱਥ ਹੈ ਕਿ ਪਟੀਸ਼ਨਰ ਵੀ ਸੌ ਫੀਸਦੀ ਨੇਤਰਹੀਣ ਹੈ।

ਸ਼ਰੀਕਾਂ ਵਰਗਾ ਜਿੰਦਗੀ ਦਾ ਸਾਰ ਤੱਤ
ਆਂਚਲ ਭਠੇਜਾ ਦੀ ਜਿੰਦਗੀ ਦਾ ਸਾਰ ਤੱਤ ਹਮੇਸ਼ਾ ਸ਼ਰੀਕਾਂ ਵਾਲਾ ਰਿਹਾ ਹੈ। ਫਰਵਰੀ 2015 ਵਿੱਚ ਉਸ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ ਅਤੇ 23 ਦਿਨ ਵੈਂਟੀਲੇਟਰ ਤੇ ਰਹਿਣ ਉਪਰੰਤ ਜਦੋਂ ਮਾਂ ਨੇ ਸਾਥ ਛੱਡਿਆ ਤਾਂ ਇਹ ਉਸ ਲਈ ਇਹ ਪਹਿਲਾ ਵੱਡਾ ਸਦਮਾ ਸੀ। ਦੂਸਰੀ ਵਾਰ ਉਸ ਨੂੰ ਉਦੋਂ ਝਟਕਾ ਲੱਗਿਆ ਜਦੋਂ ਦਸਵੀਂ ਦੀ ਪ੍ਰੀਖਿਆ ਦੌਰਾਨ ਉਸ ਨੂੰ ਧੁੰਦਲਾ ਦਿਖਾਈ ਦੇਣ ਲੱਗ ਪਿਆ। ਆਂਚਲ ਨੂੰ ਦਿੱਲੀ ਅਤੇ ਚੇਨਈ ਦੇ ਵੱਡੇ ਹਸਪਤਾਲਾਂ ’ਚ ਲਿਜਾਇਆ ਗਿਆ ਜਿੱਥੇ ਸਫਲਤਾ ਨਾਂ ਮਿਲ ਸਕੀ। ਉਸ ਮਗਰੋਂ ਉਸਨੇ ਦਸਵੀਂ ਅਤੇ ਬਾਰਵੀਂ ਦੇ ਇਮਤਿਹਾਨਾਂ ’ਚ ਝੰਡੇ ਗੱਡੇ ਅਤੇ ਲਾਅ ਸਕੂਲ ’ਚ ਵੀ ਦਾਖਲਾ ਲਿਆ। ਤੱਤਕਾਲੀ ਡਿਪਟੀ ਕਮਿਸ਼ਨਰ ਦਿਪਾਰਵਾ ਲਾਕੜਾ ਵੱਲੋਂ ਪਿੱਠ ਥਾਪੜਣੀ ਆਂਚਲ ਦੀ ਅਹਿਮ ਪ੍ਰਾਪਤੀ ਵੀ ਰਹੀ ਹੈ।
ਆਂਚਲ ਭਠੇਜਾ ਦੀ ਪ੍ਰਤੀਕਿਰਿਆ
ਸੁਪਰੀਮ ਕੋਰਟ ’ਚ ਪੇਸ਼ ਹੋਣ ਦੇ ਤਜ਼ਰਬੇ ਨੂੰ ਸੋਸ਼ਲ ਮੀਡੀਆ ‘ਲਿੰਕਡਨ’ ਤੇ ਸਾਂਝਾ ਕਰਦਿਆਂ ਲਿਖਿਆ, ‘ਇਹ ਅਜਿਹਾ ਮੌਕਾ ਹੈ ਜੋ ਖੁਸ਼ੀ ਅਤੇ ਸ਼ਾਂਤ ਉਦਾਸੀ ਲਿਆਇਆ ਹੈ। ਮੈਨੂੰ ਇੱਥੇ ਹੋਣ ਅਤੇ ਉਸ ਥਾਂ ਤੇ ਆਉਣ ਤੇ ਮਾਣ ਹੈ ਜਿਸ ਨੂੰ ਮੇਰੇ ਵਰਗੇ ਨੂੰ ਧਿਆਨ ’ਚ ਰੱਖਕੇ ਨਹੀਂ ਬਣਾਇਆ ਗਿਆ। ਮੈਂ ਇਹ ਚਾਹੁੰਦੀ ਹਾਂ ਕਿ ਮੈਂ ਪਹਿਲੀ ਨਾਂ ਹੁੰਦੀ । ਮੈਂ ਚਾਹੁੰਦੀ ਹਾਂ ਇਹ ਰਾਹ ਪਹਿਲਾਂ ਵੀ ਕਈ ਵਾਰ ਤੈਅ ਕੀਤਾ ਜਾ ਚੁੱਕਿਆ ਹੁੰਦਾ। ਦਿੱਖ ਮਾਇਨੇ ਰੱਖਦੀ ਹੈ। ਪਹੁੰਚ ਮਾਇਨੇ ਰੱਖਦੀ ਹੈ ਅਤੇ ਤਬਦੀਲੀ ਵਿੱਚ ਸਮਾਂ ਲੱਗਦਾ ਹੈ। ਲੇਕਿਨ ਇਸ ਤਰ੍ਹਾਂ ਦੇ ਪਲ ਯਾਦ ਦਿਵਾਉਂਦੇ ਹਨ ਕਿ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ, ਭਾਵੇਂ ਹੌਲੀ ਹੌਲੀ।