11 ਲੱਖ ਬਿਜਲੀ ਖਪਤਕਾਰਾਂ ਲਈ ਮੋਹਾਲੀ ਵਿੱਚ ਪਾਵਰਕਾਮ ਵੱਲੋਂ ਪੂਰਬੀ ਵੰਡ ਜੋਨ ਦਫ਼ਤਰ ਸਥਾਪਿਤ: ਇੰਜ:ਰਤਨ ਮਿੱਤਲ
ਮੋਹਾਲੀ 9 ਅਪ੍ਰੈਲ, 2026 ਪੰਜਾਬ ਵਿੱਚ ਬਿਜਲੀ ਵੰਡ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਖਪਤਕਾਰ-ਕੇਂਦ੍ਰਿਤ ਬਣਾਉਣ ਵੱਲ ਇੱਕ ਮਹੱਤਵਪੂਰਨ ਉਪਰਾਲੇ ਦੀ ਲੜੀ ਵਿੱਚ ਪੰਜਾਬ ਸਰਕਾਰ ਨੇ *ਮਾਣਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਮਾਣਯੋਗ ਬਿਜਲੀ ਮੰਤਰੀ ਸ੍ਰੀ ਸੰਜੀਵ ਅਰੋੜਾ* ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਨਵਾਂ *ਮੁੱਖ ਇੰਜੀਨੀਅਰ/ਵੰਡ ਪੂਰਬ ਜ਼ੋਨ ਦਫ਼ਤਰ ਮੋਹਾਲੀ* ਵਿਖੇ ਸਥਾਪਿਤ ਕੀਤਾ ਹੈ। ਇਹ ਉਪਰਾਲਾ ਬਿਜਲੀ ਪ੍ਰਸ਼ਾਸਨ ਨੂੰ ਹੋਰ ਸੁਚਾਰੂ ਬਣਾਉਣ ਦੇ ਨਾਲ-ਨਾਲ ਬਿਜਲੀ ਖਪਤਕਾਰਾਂ ਨੂੰ *ਸਮੇਂ ਸਿਰ ਅਤੇ ਉੱਚ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ* ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ।
ਨਵੇਂ ਜੋਨਲ ਦਫ਼ਤਰ ਦੀ ਸਥਾਪਨਾ ਨਾਲ ਬਿਜਲੀ ਪ੍ਰਬੰਧਨ ਵਿੱਚ ਫ਼ੈਸਲਾ ਲੈਣ ਦੀ ਪ੍ਰਕਿਰਿਆ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣੇਗੀ, ਜਦਕਿ ਫੀਲਡ ਪੱਧਰ ’ਤੇ ਨਿਗਰਾਨੀ ਅਤੇ ਕਾਰਗੁਜ਼ਾਰੀ ਵਿੱਚ ਵੀ ਲਾਭਕਾਰੀ ਸੁਧਾਰ ਆਏਗਾ।
ਇਸ ਨਾਲ ਬਿਜਲੀ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਸੰਭਵ ਹੋਵੇਗਾ ਅਤੇ ਬਿਜਲੀ ਖਪਤਕਾਰਾਂ ਨੂੰ ਸੇਵਾਵਾਂ ਦੇਣ ਦੇ ਮਾਪਦੰਡ ਹੋਰ ਉੱਚੇ ਹੋਣਗੇ।
ਪੰਜਾਬ ਸਰਕਾਰ ਦਾ ਇਹ *ਦੂਰਅੰਦੇਸ਼ੀ ਫ਼ੈਸਲਾ* ਸੂਬੇ ਵਿੱਚ ਮਜ਼ਬੂਤ ਬਿਜਲੀ ਢਾਂਚੇ, ਸੁਚਾਰੂ ਪ੍ਰਸ਼ਾਸਨਿਕ ਪ੍ਰਬੰਧ ਅਤੇ ਖਪਤਕਾਰਾਂ ਪ੍ਰਤੀ ਜ਼ਿੰਮੇਵਾਰ ਸੇਵਾਵਾਂ ਨੂੰ ਹੋਰ ਮਜ਼ਬੂਤੀ ਦੇਣ ਵਾਲਾ ਸਾਬਤ ਹੋਵੇਗਾ।
ਇਸ ਨਾਲ ਨਾ ਸਿਰਫ਼ ਬਿਜਲੀ ਪ੍ਰਬੰਧਨ ਵਿੱਚ ਕੁਸ਼ਲਤਾ ਵਧੇਗੀ, ਸਗੋਂ ਬਿਜਲੀ ਖਪਤਕਾਰਾਂ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਸਥਾਨਕ ਪੱਧਰ ’ਤੇ ਹੀ *ਬਿਹਤਰ ਸਹੂਲਤਾਂ* ਉਪਲਬਧ ਹੋਣਗੀਆਂ।
ਇਹ ਮਹਤਵਪੂਰਨ ਉਪਰਾਲਾ *ਪੰਜਾਬ ਸਰਕਾਰ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਤਹਿਤ ਬਿਜਲੀ ਖਪਤਕਾਰਾਂ ਨੂੰ ਪਾਰਦਰਸ਼ੀ ਅਤੇ ਭਰੋਸੇਯੋਗ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ*।
ਇਹ *ਨਵਾਂ ਪੂਰਬ ਵੰਡ ਜੋਨ ਪੰਜਾਬ ਦਾ ਛੇਵਾਂ ਡਿਸਟ੍ਰੀਬਿਊਸ਼ਨ ਜੋਨ* ਹੈ, ਜਿਸ ਵਿੱਚ ਮੋਹਾਲੀ, ਏਅਰੋਸਿਟੀ, ਜ਼ੀਰਕਪੁਰ, ਲਾਲੜੂ, ਖਰੜ, ਕੁਰਾਲੀ, ਰੋਪੜ, ਸ੍ਰੀ ਆਨੰਦਪੁਰ ਸਾਹਿਬ ਅਤੇ ਸਮਰਾਲਾ ਮੰਡਲ ਸ਼ਾਮਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪਟਿਆਲਾ (ਸਾਊਥ), ਬਠਿੰਡਾ (ਵੈਸਟ), ਲੁਧਿਆਣਾ (ਸੈਂਟਰਲ), ਜਲੰਧਰ (ਨਾਰਥ) ਅਤੇ ਅੰਮ੍ਰਿਤਸਰ (ਬਾਰਡਰ) ਵਿੱਚ ਜੋਨਲ ਦਫ਼ਤਰ ਕਾਰਜਸ਼ੀਲ ਹਨ।
ਨਵੇਂ ਜੋਨ ਦੀ ਸਥਾਪਨਾ ਨਾਲ ਮੋਹਾਲੀ, ਜ਼ੀਰਕਪੁਰ ਅਤੇ ਰੋਪੜ ਸਰਕਲ ਹੁਣ ਇਸ ਦੇ ਅਧੀਨ ਆ ਜਾਣਗੇ, ਜਿਸ ਨਾਲ ਨਿਗਰਾਨੀ ਵਿੱਚ ਸੁਧਾਰ ਅਤੇ ਫੀਲਡ ਪੱਧਰ ’ਤੇ ਤੇਜ਼ ਕਾਰਵਾਈ ਸੰਭਵ ਹੋਵੇਗੀ।
ਇਸ ਦਫ਼ਤਰ ਦੀ ਸਥਾਪਨਾ ਨਾਲ ਲਗਭਗ *11 ਲੱਖ ਖਪਤਕਾਰਾਂ ਨੂੰ ਵੱਡਾ ਰਾਹਤ ਮਿਲੇਗੀ*, ਕਿਉਂਕਿ ਹੁਣ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਲਈ ਪਟਿਆਲਾ ਜਾਣ ਦੀ ਲੋੜ ਨਹੀਂ ਰਹੇਗੀ ਅਤੇ ਮੋਹਾਲੀ ਵਿੱਚ ਹੀ ਸਾਰੀਆਂ ਬਿਜਲੀ ਸੇਵਾਵਾਂ ਉਪਲਬਧ ਹੋਣਗੀਆਂ। *ਇਸ ਨਾਲ ਸਮੇਂ ਅਤੇ ਹੋਰ ਸਾਧਨਾਂ ਦੀ ਮਹੱਤਵਪੂਰਨ ਬਚਤ ਹੋਵੇਗੀ।*
*ਇੰਜ: ਰਤਨ ਮਿੱਤਲ ਨੇ ਮੁੱਖ ਇੰਜੀਨੀਅਰ ਪੂਰਬ ਵੰਡ ਵਜੋਂ ਅਹੁਦੇ ਦਾ ਚਾਰਜ ਸੰਭਾਲਿਆ*
ਮੁੱਖ ਇੰਜੀਨੀਅਰ ਵਜੋਂ ਅਹੁਦਾ ਸੰਭਾਲਣ ਉਪਰੰਤ ਇੰਜ: ਰਤਨ ਮਿੱਤਲ ਨੇ ਐਲਾਨ ਕੀਤਾ ਕਿ ਘਰੇਲੂ, ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਨੂੰ *ਨਵੇਂ ਬਿਜਲੀ ਕੁਨੈਕਸ਼ਨ ਨਿਰਧਾਰਤ ਸਮਾਂ-ਸੀਮਾ ਵਿੱਚ ਜਾਰੀ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ*।
*ਉਨ੍ਹਾਂ ਭਰੋਸਾ ਦਿਵਾਇਆ ਕਿ ਬਿਜਲੀ ਸਪਲਾਈ ਬੰਦ ਹੋਣ ਜਾਂ ਹੋਰ ਸ਼ਿਕਾਇਤਾਂ ਦਾ ਨਿਪਟਾਰਾ ਤੇਜ਼ੀ ਅਤੇ ਕੁਸ਼ਲਤਾ ਨਾਲ ਕੀਤਾ ਜਾਵੇਗਾ*।
ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਰੁੱਖ ਅਪਣਾਉਂਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਪੱਧਰ ’ਤੇ *ਜ਼ੀਰੋ ਟੋਲਰੈਂਸ ਨੀਤੀ ਲਾਗੂ* ਕੀਤੀ ਜਾਵੇਗੀ। ਉਨ੍ਹਾਂ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਮੰਗ ਜਾਂ ਗੈਰ-ਵਾਜਬ ਦੇਰੀ ਦਾ ਸਾਹਮਣਾ ਕਰਨਾ ਪਵੇ ਤਾਂ ਤੁਰੰਤ ਸ਼ਿਕਾਇਤ ਦਰਜ ਕਰਵਾਈ ਜਾਵੇ, ਜਿਸ ’ਤੇ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ।
Click to Follow Babushahi Facebook page →