11ਵਾਂ ਅੰਤਰਰਾਸ਼ਟਰੀ 'ਯੋਗਾ ਦਿਵਸ' ਡਾ. ਜਾਕਿਰ ਹੁਸੈਨ ਸਟੇਡੀਅਮ ਵਿਖੇ ਮਨਾਇਆ ਜਾਵੇਗਾ
- ਡਿਪਟੀ ਕਮਿਸ਼ਨਰ ਨੇ ਮਾਲੇਰਕੋਟਲਾ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਮਾਲੇਰਕੋਟਲਾ 20 ਜੂਨ 2025 - ਸਥਾਨਕ ਡਾ. ਜਾਕਿਰ ਹੁਸੈਨ ਸਟੇਡੀਅਮ ਵਿਖੇ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਸਵੇਰੇ 06 ਵਜੇ 'ਸੀ.ਐਮ ਦੀ ਯੋਗਸ਼ਾਲਾ' ਪ੍ਰੋਗਰਾਮ ਅਧੀਨ ਇੱਕ ਵਿਸ਼ੇਸ਼ ਸਮਾਗਮ ਨਾਲ ਮਨਾਇਆ ਜਾਵੇਗਾ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਦਿੰਦਿਆ ਕਿਹਾ ਕਿ ਇਸ ਮੌਕੇ ਮਾਹਰ ਯੋਗ ਟ੍ਰੇਨਰ ਲੋਕਾਂ ਨੂੰ ਯੋਗ ਅਭਿਆਸਾਂ ਵਿੱਚ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਮਾਰਗਦਰਸ਼ਨ ਕਰਨਗੇ । ਉਨ੍ਹਾਂ ਹੋਰ ਦੱਸਿਆ ਕਿ ਸਬ ਡਵੀਜਨ ਪੱਧਰ ਤੇ ਅਮਰਗੜ੍ਹ ਵਿਖੇ ਨਵ ਦੁਰਗਾ ਮੰਦਿਰ ਨੇੜੇ ਸਿਵਲ ਹਸਪਤਾਲ ਵਿਖੇ ਅਤੇ ਅਹਿਮਦਗੜ੍ਹ ਵਿਖੇ ਚਪਰ ਪਾਰਕ ਵਿਖੇ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਨਿਵੇਕਲੀ ਪਹਿਲ 'ਸੀ.ਐਮ. ਦੀ ਯੋਗਸ਼ਾਲਾ' ਇਸ ਮਹੀਨੇ ਸਫ਼ਲਤਾਪੂਰਵਕ ਦੋ ਸਾਲ ਪੂਰੇ ਕਰ ਰਹੀ ਹੈ। ਯੋਗ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਰੋਜ਼ਾਨਾ ਅਭਿਆਸ ਕਰਨ ਨਾਲ ਯੋਗ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵਧਾਉਂਦਾ ਹੈ, ਸਰੀਰ ਨੂੰ ਆਰਾਮ ਦੇਣ ਵਿੱਚ ਮਦਦ ਕਰਦਾ ਹੈ ਅਤੇ ਤਣਾਅ ਘੱਟ ਕਰਦਾ ਹੈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਆਪਕ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਵਿਭਾਗਾਂ ਨੂੰ ਖਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਢੁੱਕਵੀਂ ਪਾਰਕਿੰਗ, ਵਲੰਟੀਅਰ ਦੀ ਸੁਰੱਖਿਆ, ਪੀਣ ਵਾਲੇ ਪਾਣੀ ਦਾ ਇੰਤਜ਼ਾਮ, ਆਰਜੀ ਪਖਾਨਿਆਂ,ਟ੍ਰੈਫਿਕ ਨਿਯਮ ਅਤੇ ਮੈਡੀਕਲ ਟੀਮਾਂ ਦੀ ਤਾਇਨਾਤੀ ਸਮੇਤ ਹੋਰ ਲੋੜੀਂਦੇ ਪ੍ਰਬੰਧਾਂ 'ਤੇ ਕੀਤੇ ਜਾ ਰਹੇ ਹਨ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ।
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਿਯਮਤ ਯੋਗ ਅਭਿਆਸ ਇੱਕ ਸਿਹਤਮੰਦ ਸਰੀਰ ਅਤੇ ਮਨ ਨੂੰ ਉਤਸ਼ਾਹਿਤ ਕਰਦਾ ਹੈ, ਤਣਾਅ ਘਟਾਉਂਦਾ ਹੈ ਅਤੇ ਸਮੁੱਚੇ ਆਰਾਮ ਨੂੰ ਵਧਾਉਂਦਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।