ਹਿਊਮੈਂਨੀਟੀ ਫਸਟ ਇੰਡੀਆ ਵੱਲੋਂ ਪਰੀਲੀਮੀਨਰੀ ਐਜੁਕੇਸ਼ਨ ਸਟੱਡੀ ਸੈਂਟਰ ਦਾ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ,7 ਅਪ੍ਰੈਲ ਪਿੱਛੜੇ ਵਰਗਾਂ ਦੇ ਬੱਚਿਆਂ ਨੂੰ ਸਿੱਖਿਆ ਅਤੇ ਸਹਾਨੀਭੂਤੀ ਰਾਹੀਂ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਹਿਊਮੈਨਿਟੀ ਫਸਟ ਇੰਡੀਆ ਵੱਲੋਂ ਮਾਨ ਕੋਰ ਦੇ ਸਲਮ ਇਲਾਕੇ ਵਿੱਚ ਸਥਿਤ ਪਰੀਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਦਾ ਦੌਰਾ ਕੀਤਾ ਗਿਆ। ਇਹ ਕੇਂਦਰ, ਰਾਸ਼ਟਰੀ ਪੁਰਸਕਾਰ ਜੇਤੂ ਰੋਮੇਸ਼ ਮਹਾਜਨ ਦੀ ਅਗਵਾਈ ਹੇਠ, ਹਾਸਿਏ ‘ਤੇ ਰਹਿੰਦੇ ਬੱਚਿਆਂ ਲਈ ਉਮੀਦ ਦੀ ਇੱਕ ਮਿਸਾਲ ਬਣ ਚੁੱਕਾ ਹੈ।
ਹਿਊਮੈਨਿਟੀ ਫਸਟ ਇੰਡੀਆ ਦੀ ਟੀਮ ਦੀ ਅਗਵਾਈ ਵਾਈਸ ਚੇਅਰਮੈਨ ਐਸ. ਐਮ. ਬਸੀਰੁੱਦੀਨ ਨੇ ਕੀਤੀ, ਜਿਨ੍ਹਾਂ ਦੇ ਨਾਲ ਜਨਰਲ ਸਕੱਤਰ ਨਵੀਦ ਅਹਿਮਦ ਫ਼ਜ਼ਲ ਅਤੇ ਜ਼ਿਲ੍ਹਾ ਪ੍ਰਧਾਨ ਫ਼ਜ਼ਲ ਅਹਿਮਦ ਵੀ ਮੌਜੂਦ ਸਨ। ਉਨ੍ਹਾਂ ਦੇ ਪਹੁੰਚਣ ‘ਤੇ ਰਮੇਸ਼ ਮਹਾਜਨ, ਉਨ੍ਹਾਂ ਦੀ ਟੀਮ ਅਤੇ ਬੱਚਿਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਸਮਾਗਮ ਦੌਰਾਨ ਬਸੀਰੁੱਦੀਨ ਸਾਹਿਬ ਨੇ ਰਮੇਸ਼ ਮਹਾਜਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਹੀ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਕੇਂਦਰ ਦੀ ਤਸਵੀਰਾਂ ਰਾਹੀਂ ਜਾਣਕਾਰੀ ਲੈਂਦੇ ਹੋਏ ਉਨ੍ਹਾਂ ਜ਼ੋਰ ਦਿੱਤਾ ਕਿ ਅੱਕੱਲ ਦੇ ਸਮੇਂ ਵਿੱਚ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣਾ ਵੱਡੀ ਚੁਣੌਤੀ ਹੈ ਅਤੇ ਇਸ ਕੇਂਦਰ ਨੂੰ ਵੇਖ ਕੇ ਇਹ ਵਿਸ਼ਵਾਸ ਬਣਦਾ ਹੈ ਕਿ ਇੱਥੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ।
ਉਨ੍ਹਾਂ ਨੇ ਆਧੁਨਿਕ ਸਿੱਖਿਆ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਡਿਜ਼ਿਟਲ ਤਕਨਾਲੋਜੀ ਰਾਹੀਂ ਸਿੱਖਿਆ ਦੇਣ ਦੇ ਯਤਨਾਂ ਦੀ ਸਰਾਹਨਾ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੀ ਸੰਸਥਾ ਹਿਊਮੈਨਿਟੀ ਫਸਟ ਇੰਡੀਆ ਦੇ ਮਿਸ਼ਨ ਬਾਰੇ ਵੀ ਜਾਣਕਾਰੀ ਦਿੱਤੀ, ਜੋ ਦੁੱਖ-ਦਰਦ ਘਟਾਉਣ, ਅਮਨ, ਸ਼ਹਿਨਸ਼ੀਲਤਾ ਅਤੇ ਆਪਸੀ ਸਤਿਕਾਰ ਨੂੰ ਵਧਾਵਾ ਦੇਣ ਲਈ ਕੰਮ ਕਰ ਰਹੀ ਹੈ।
ਇਸ ਮੌਕੇ ਬੱਚਿਆਂ ਨੂੰ ਸਿੱਖਿਆ ਲਈ ਇੱਕ ਹਜ਼ਾਰ ਤੋਂ ਵੱਧ ਕਾਪੀਆਂ ਵੰਡੀਆਂ ਗਈਆਂ। ਬਸੀਰੁੱਦੀਨ ਸਾਹਿਬ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜਾਂ ਵਿੱਚ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ ਅਤੇ ਰੋਮੇਸ਼ ਮਹਾਜਨ ਨੂੰ ਬੱਚਿਆਂ ਸਮੇਤ ਕਾਦੀਆਂ ਆ ਕੇ ਸੰਸਥਾ ਦੇ ਪ੍ਰੋਜੈਕਟਾਂ ਨੂੰ ਵੇਖਣ ਦਾ ਸੱਦਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਕੋਆਰਡੀਨੇਟਰ ਬਖ਼ਸ਼ੀ ਰਾਜ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਰਮੇਸ਼ ਮਹਾਜਨ ਦੀ ਨਿਸ਼ਕਾਮ ਸੇਵਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ 2014 ਵਿੱਚ ਸਿਰਫ਼ ਤਿੰਨ ਬੱਚਿਆਂ ਨਾਲ ਸ਼ੁਰੂ ਹੋਇਆ ਇਹ ਕੇਂਦਰ ਅੱਜ ਇੱਕ ਆਧੁਨਿਕ ਇਮਾਰਤ ਵਿੱਚ ਤਬਦੀਲ ਹੋ ਚੁੱਕਾ ਹੈ, ਜਿਸਦਾ ਸਾਰਾ ਖਰਚਾ ਮਹਾਜਨ ਸਾਹਿਬ ਆਪਣੇ ਨਿੱਜੀ ਸਰੋਤਾਂ ਨਾਲ ਚਲਾਉਂਦੇ ਹਨ।
ਆਖਰ ਵਿੱਚ ਬੱਚਿਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਕੇ.ਪੀ. ਸਿੰਘ, ਅਧਿਆਪਕ ਆਸ਼ੂ, ਮਨਜੀਤ, ਕਿਰਨ, ਸੁਰਜਾ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।
Click to Follow Babushahi Facebook page →