ਹਰਿਵੱਲਭ ਸੰਗੀਤ ਸੰਮੇਲਨ ਨੌਜਵਾਨਾਂ ਨੂੰ ਸੰਗੀਤ ਦੀ ਅਮੀਰ ਪਰੰਪਰਾ ਨਾਲ ਜੋੜ ਰਿਹੈ: ਗੁਲਾਬ ਚੰਦ ਕਟਾਰੀਆ
ਨੌਜਵਾਨ ਪੀੜ੍ਹੀ ਨੂੰ ਆਪਣੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਤੋਂ ਜਾਣੂ ਕਰਵਾਉਣ ਦੀ ਲੋੜ ’ਤੇ ਦਿੱਤਾ ਜ਼ੋਰ
150 ਸਾਲਾਂ ਤੋਂ ਭਾਰਤੀ ਸ਼ਾਸਤਰੀ ਸੰਗੀਤ ਦੀ ਵਿਰਾਸਤ ਨੂੰ ਕਾਇਮ ਰੱਖਣ ਲਈ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਦੀ ਕੀਤੀ ਸ਼ਲਾਘਾ
ਜਲੰਧਰ, 27 ਸਤੰਬਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਨੀਵਾਰ ਨੂੰ ਸ਼ਾਸਤਰੀ ਸੰਗੀਤ ਨੂੰ ਲੋਕਾਂ ਨੂੰ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਦੱਸਦਿਆਂ ਨੌਜਵਾਨਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਸੱਭਿਆਚਾਰਕ ਖਜ਼ਾਨਿਆਂ ਵਿੱਚੋਂ ਇੱਕ ਸ਼ਾਸਤਰੀ ਸੰਗੀਤ ਨੂੰ ਸਹੀ ਮਾਅਨਿਆਂ ਵਿੱਚ ਸਮਝਣ ਲਈ ਭਾਰਤ ਦੀ ਸ਼ਾਸਤਰੀ ਸੰਗੀਤ ਦੀ ਅਮੀਰ ਪਰੰਪਰਾ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਰਾਜਪਾਲ ਇੱਥੇ ਸ਼੍ਰੀ ਦੇਵੀ ਤਲਾਬ ਮੰਦਿਰ ਵਿਖੇ 150ਵੇਂ ਹਰਿਵੱਲਭ ਸੰਗੀਤ ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੰਮੇਲਨ ਵੱਲੋਂ ਪਿਛਲੀ ਡੇਢ ਸਦੀ ਤੋਂ ਰਿਵਾਇਤੀ ਭਾਰਤੀ ਸੰਗੀਤ ਦੀ ਲੌਅ ਨੂੰ ਜੀਵਤ ਰੱਖਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਜਾ ਰਹੀ ਹੈ।
ਰਾਜਪਾਲ ਨੇ ਕਿਹਾ ਕਿ ਉਹ ਇਸ ਵਿਸ਼ਵ-ਪ੍ਰਸਿੱਧ ਸੰਮੇਲਨ ਦੇ 150ਵੇਂ ਇਤਿਹਾਸਕ ਸਮਾਗਮ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਹਰਿਵੱਲਭ ਮਹਾਸਭਾ ਦੇ ਚੇਅਰਮੈਨ ਸ਼ੀਤਲ ਵਿਜ ਅਤੇ ਪ੍ਰਧਾਨ ਪੂਰਨਿਮਾ ਬੇਰੀ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਇਹ ਸਾਲ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇਹ ‘ਵੰਦੇ ਮਾਤਰਮ’ ਦੇ 150 ਸਾਲ ਅਤੇ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ਨੂੰ ਦਰਸਾਉਂਦਾ ਹੈ।
ਦੇਸ਼ ਦੇ ਆਜ਼ਾਦੀ ਅੰਦੋਲਨ ਵਿੱਚ ਸੰਗੀਤ ਦੀ ਭੂਮਿਕਾ 'ਤੇ ਚਾਨਣਾ ਪਾਉਂਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਦੇਸ਼ ਭਗਤੀ ਨਾਲ ਭਰਪੂਰ ਰਚਨਾਵਾਂ ਨੇ ਜਨ ਚੇਤਨਾ ਨੂੰ ਜਗਾਉਣ ਅਤੇ ਆਜ਼ਾਦੀ ਦੇ ਸੰਘਰਸ਼ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਹਰਿਵੱਲਭ ਸੰਗੀਤ ਸੰਮੇਲਨ ਭਾਰਤ ਦੀ ਅਮੀਰ ਸੰਗੀਤਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਰਾਜਪਾਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨੌਜਵਾਨ ਪੀੜ੍ਹੀ ਨੂੰ ਅਜਿਹੇ ਉਤਸਵਾਂ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੇ ਸਾਰ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਜਲੰਧਰ ਕਰੀਬ 150 ਸਾਲਾਂ ਤੋਂ ਲਗਾਤਾਰ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਾਸਤਰੀ ਸੰਗੀਤ ਉਤਸਵਾਂ ਵਿੱਚੋਂ ਇੱਕ ਦੀ ਮੇਜ਼ਬਾਨੀ ਕਰ ਰਿਹਾ ਹੈ, ਜੋ ਉੱਭਰ ਰਹੇ ਕਲਾਕਾਰਾਂ ਨੂੰ ਇੱਕ ਵਿਸ਼ਵਵਿਆਪੀ ਪਲੇਟਫਾਰਮ ਪ੍ਰਦਾਨ ਕਰਨ ਦੇ ਨਾਲ-ਨਾਲ ਭਾਰਤੀ ਸ਼ਾਸਤਰੀ ਸੰਗੀਤ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦੇ ਸਮਰਪਣ ਨੇ ਜਲੰਧਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਦਿਵਾਈ ਹੈ। ਉਨ੍ਹਾਂ ਨੇ ਭਾਗ ਲੈਣ ਵਾਲੇ ਕਲਾਕਾਰਾਂ ਦਾ ਸਨਮਾਨ ਵੀ ਕੀਤਾ ਅਤੇ ਉਨ੍ਹਾਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੀ ਸੇਵਾ ਕਰਦੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨੌਜਵਾਨਾਂ ਨੂੰ ਆਪਣੀ ਸੱਭਿਆਚਾਰਕ ਅਤੇ ਸੰਗੀਤਕ ਵਿਰਾਸਤ ਨਾਲ ਜੋੜਨਾ ਸਮੇਂ ਦੀ ਲੋੜ ਹੈ।