ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਵੱਲੋਂ JSW ਸੀਮਿੰਟ ਫੈਕਟਰੀ ਖਿਲਾਫ ਡੀ.ਸੀ. ਮਾਨਸਾ ਨੂੰ ਮੰਗ ਪੱਤਰ
ਅਸ਼ੋਕ ਵਰਮਾ
ਮਾਨਸਾ,30 ਦਸੰਬਰ 2025 : ਸੰਘਰਸ਼ ਕਮੇਟੀ ਤਲਵੰਡੀ ਅਕਲੀਆ (ਤਲਵੰਡੀ ਸਾਬੋ ਮੋਰਚਾ) ਤਜਵੀਜ਼ਤ JSW ਸੀਮਿੰਟ ਫੈਕਟਰੀ ਦੇ ਖਿਲਾਫ ਡੀ.ਸੀ. ਮਾਨਸਾ ਨੂੰ ਮਿਲਿਆ
ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਹ ਜੋ ਤਜਵੀਜ਼ਤ ਫੈਕਟਰੀ ਪਿੰਡਾਂ ਦੀ ਅਬਾਦੀ ਦੇ ਬਿਲਕੁਲ ਨੇੜੇ ਹੈ ਜੋ ਕਿ ਲਾਲ ਸ਼੍ਰੇਣੀ ਉਦਯੋਗ ਹੈ ਜਿਸ ਦਾ ਇਲਾਕੇ ਤੇ ਬਹੁਤ ਬੁਰਾ ਪ੍ਰਭਾਵ ਪਵੇਗਾ। ਉਹਨਾਂ ਕਿਹਾ ਕਿ ਜੋ ਕੰਪਨੀ ਨੇ ਜ਼ਮੀਨ ਖਰੀਦੀ ਹੈ ਉਹ ਅਜੇ ਖੇਤੀਯੋਗ ਜ਼ਮੀਨ ਹੈ। ਉਹਨਾਂ ਦੱਸਿਆ ਕਿ ਲੰਘੀ 14 ਜੁਲਾਈ ਨੂੰ ਹੋਈ ਜਨਤਕ ਸੁਣਵਾਈ ਦੌਰਾਨ ਜਨਤਾ ਵੱਲੋਂ ਕੀਤੇ ਗਏ 300 ਸਵਾਲਾਂ ਦੇ ਜਵਾਬ ਨਹੀਂ ਦੇ ਸਕੀ ਅਤੇ ਵੋਟਿੰਗ ਵਿੱਚ ਲੋਕਾਂ ਵੱਲੋਂ ਮੁੱਢੋਂ ਨਾਕਾਰੀ ਜਾ ਚੁੱਕੀ ਹੈ। ਇਸਦੇ ਖਿਲਾਫ ਇਲਾਕੇ ਦੀਆਂ ਲਗਭਗ ਚਾਲੀ ਗ੍ਰਾਮ ਪੰਚਾਇਤਾਂ ਅਤੇ ਚਾਲੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੁਆਰਾ ਮਤੇ ਪਾਏ ਗਏ ਹਨ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਤਖ਼ਤ ਸ਼੍ਰੀ ਦਮਦਮਾ ਸਾਹਿਬ, ਬੁੱਢਾ ਦਲ ਦਾ ਮਤਾ, ਤਜਵੀਜ਼ਤ ਫੈਕਟਰੀ ਦੇ ਬਿਲਕੁੱਲ ਨੇੜੇ ਗੁਰਦੁਆਰਾ ਸ਼੍ਰੀ ਮਠਿਆਈਸਰ ਸਾਹਿਬ ਪਿੰਡ ਦਲੀਏਵਾਲੀ, ਗੁਰਦੁਆਰਾ ਸੂਲੀਸਰ ਸਾਹਿਬ ਦੁਆਰਾ ਵੀ ਫੈਕਟਰੀ ਖਿਲਾਫ ਮਤੇ ਪਾਏ ਗਏ ਹਨ। ਇੰਨੇ ਵਿਰੋਧ ਦੇ ਬਾਵਜੂਦ ਵੀ ਫੈਕਟਰੀ ਭੂਮੀ ਵਰਤੋਂ ਤਬਦੀਲੀ ਸਰਟੀਫਿਕੇਟ (ਙ:ਓ) ਲੈਣ ਲਈ ਜ਼ੋਰ ਲਗਾ ਰਹੀ। ਡੀ.ਸੀ. ਮਾਨਸਾ ਨੂੰ ਅਪੀਲ ਕੀਤੀ ਕਿ ਫੈਕਟਰੀ ਨੂੰ ਭੂਮੀ ਵਰਤੋਂ ਤਬਦੀਲੀ ਸਰਟੀਫਿਕੇਟ ਨਾ ਦਿੱਤਾ ਜਾਵੇ। ਜੇਕਰ ਉਹਨਾਂ ਦੀ ਮੰਗ ਤੇ ਗੌਰ ਨਾ ਕੀਤੀ ਗਈ ਤਾਂ ਤਜ਼ਵੀਜਤ ਸੀਮਿੰਟ ਫੈਕਟਰੀ ਬਾਬਤ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਕਮੇਟੀ ਤਲਵੰਡੀ ਅਕਲੀਆ (ਤਲਵੰਡੀ ਸਾਬੋ ਮੋਰਚਾ) ਵੱਲੋਂ ਇਲਾਕਾ ਨਿਵਾਸੀਆਂ ਦਾ ਸਹਿਯੋਗ ਨਾਲ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ, ਪਲਵਿੰਦਰ ਸਿੰਘ ਕਾਕਾ, ਮਨਪ੍ਰੀਤ ਸਿੰਘ, ਖੁਸ਼ਵੀਰ ਸਿੰਘ, ਸਿਕੰਦਰ ਸਿੰਘ, ਜਸਵੰਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।