ਸੰਘਣੀ ਧੁੰਦ ਕਾਰਨ ਵਾਪਰਿਆ ਦਰਦਨਾਕ ਹਾਦਸਾ, ਇੱਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
ਰੋਹਿਤ ਗੁਪਤਾ
ਗੁਰਦਾਸਪੁਰ, 28 ਦਸੰਬਰ 2025- ਦੀਨਾਨਗਰ ਬਹਿਰਾਮਪੁਰ ਰੋਡ ਉੱਪਰ ਪਿੰਡ ਅਵਾਂਖਾ ਦੇ ਨੇੜੇ ਸੰਘਣੀ ਧੁੰਦ ਕਾਰਨ ਇੱਕ ਪਰਿਵਾਰ ਦੀ ਕਾਰ ਨਾਲ ਵਾਪਰੇ ਹਾਦਸੇ ਵਿੱਚ ਕਾਰ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਕਾਰ ਹਾਦਸੇ ਵਿੱਚ ਮ੍ਰਿਤਕ ਦੀ ਪਛਾਣ ਰਾਜਪਾਲ ਸਿੰਘ ਵਾਸੀ ਰੰਘੜਪਿੰਡੀ ਵਜੋਂ ਹੋਈ ਹੈ, ਜਦੋਂ ਕਿ ਜ਼ਖ਼ਮੀਆਂ ਵਿੱਚ ਮ੍ਰਿਤਕ ਰਾਜਪਾਲ ਸਿੰਘ ਦਾ ਲੜਕਾ ਸੌਰਵ ਸਲਾਰੀਆ ਅਤੇ ਨੂੰਹ ਭਾਰਤੀ ਸਲਾਰੀਆ ਸ਼ਾਮਲ ਹਨ।
ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਸਾਢੇ ਬਾਰਾਂ ਵਜੇ ਦੇ ਕਰੀਬ ਰੰਘੜਪਿੰਡੀ ਵਾਸੀ ਸੌਰਵ ਸਲਾਰੀਆ ਦੇ 2 ਸਾਲ ਦੇ ਬੇਟੇ ਦੀ ਤਬੀਅਤ ਅਚਾਨਕ ਖਰਾਬ ਹੋਣ ਕਾਰਨ, ਸੌਰਵ ਸਲਾਰੀਆ, ਉਸਦੀ ਪਤਨੀ ਭਾਰਤੀ ਅਤੇ ਪਿਤਾ ਰਾਜਪਾਲ ਸਿੰਘ ਕਰੇਟਾ ਕਾਰ ਰਾਹੀਂ ਆਪਣੇ ਪਿੰਡ ਰੰਘੜਪਿੰਡੀ ਤੋਂ ਦੀਨਾਨਗਰ ਵੱਲ ਆ ਰਹੇ ਸਨ। ਇਸੇ ਦੌਰਾਨ ਜਦੋਂ ਉਹਨਾਂ ਦੀ ਕਾਰ ਪਿੰਡ ਅਵਾਂਖਾ ਨੇੜੇ ਸਥਿਤ ਤਾਰਾਂ ਫੈਕਟਰੀ ਦੇ ਕੋਲ ਪੁੱਜੀ ਤਾਂ ਸੰਘਣੀ ਧੁੰਦ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਹੋਈ ਕਾਰ ਦੀ ਇੱਕ ਜਿੰਮ ਦੀ ਕੰਧ ਨਾਲ ਜ਼ੋਰਦਾਰ ਟੱਕਰ ਹੋ ਗਈ।
ਹਾਦਸੇ ਦੀ ਆਵਾਜ਼ ਸੁਣ ਕੇ ਮੌਕੇ 'ਤੇ ਪੁੱਜੇ ਨੇੜਲੇ ਘਰਾਂ ਦੇ ਲੋਕਾਂ ਨੇ ਜ਼ਖ਼ਮੀਆਂ, ਰਾਜਪਾਲ ਸਿੰਘ, ਸੌਰਵ ਸਲਾਰੀਆ ਅਤੇ ਭਾਰਤੀ ਸਲਾਰੀਆ ਨੂੰ ਇਲਾਜ ਲਈ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਪਰ ਰਾਜਪਾਲ ਸਿੰਘ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ, ਜਦੋਂ ਕਿ ਸੌਰਵ ਸਲਾਰੀਆ ਦੇ ਗੰਭੀਰ ਸੱਟਾਂ ਲੱਗੀਆਂ ਹੋਣ ਕਾਰਨ ਉਸਨੂੰ ਇਲਾਜ ਲਈ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ।