ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖਾਂ ਨੂੰ ਆਗੂ ਵਿਹੂਣੇ ਕਰਨ ਦੀ ਸਾਜ਼ਿਸ਼ ਤੋਂ ਸੁਚੇਤ ਰਹਿਣ ਦੀ ਅਪੀਲ
ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਧਰਮ ਨਿਰਪੱਖ ਕਦਰਾਂ ਕੀਮਤਾਂ ਲਈ ਦਿੱਤੀ ਸਿਰਮੌਰ ਸ਼ਹਾਦਤ ਨੂੰ ਕੀਤਾ ਨਮਨ
ਜ਼ੋਰ ਦੇ ਕੇ ਕਿਹਾ ਕਿ ਸਿੱਖ ਧਰਮ ਖ਼ਤਰਨਾਕ ਸਿਧਾਂਤਕ ਤੇ ਸਿਆਸੀ ਹਮਲੇ ਦਾ ਸ਼ਿਕਾਰ
ਚੰਡੀਗੜ੍ਹ,, 18 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਨੀਆਂ ਭਰ ਦੇ ਸਿੱਖਾਂ ਨੂੰ ਸੱਦਾ ਦਿੱਤਾ ਕਿ ਉਹ ਸਿੱਖ ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰਨ ਅਤੇ ਖਾਲਸਾ ਪੰਥ ਨੂੰ ਪੂਰੀ ਤਰ੍ਹਾਂ ਆਗੂ ਵਿਹੂਣਾ ਕਰਨ ਦੀ ਡੂੰਘੀ ਸਾਜ਼ਿਸ਼ ਨੂੰ ਪਛਾਨਣ ਤੇ ਮਾਤ ਪਾਉਣ।
ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਦੇਸ਼ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਅਤੇ ਧਰਮ ਨਿਰਪੱਖਤਾ, ਮਨੁੱਖੀ ਅਧਿਕਾਰਾਂ ਤੇ ਨਾਗਰਿਕ ਅਧਿਕਾਰਾਂ ਦੀ ਰਾਖੀ ਦੀ ਜ਼ਰੂਰਤ ਹੈ ਜਿਸ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਰਵਉਚ ਬਲਿਦਾਨ ਦਿੱਤਾ ਅਤੇ ਇਹ ਦੁਨੀਆਂ ਵਿਚ ਇਕਲੌਤੀ ਅਜਿਹੀ ਉਦਾਹਰਣ ਹੈ ਜਦੋਂ ਕਿਸੇ ਨੇ ਆਪਣੇ ਨਹੀਂ ਬਲਕਿ ਦੂਜੇ ਧਰਮ ਦੀ ਰਾਖੀ ਵਾਸਤੇ ਸ਼ਹਾਦਤ ਦਿੱਤੀ ਹੋਵੇ। ਉਹਨਾਂ ਕਿਹਾ ਕਿ ਦੇਸ਼ ਨੂੰ ਗੁਰੂ ਸਾਹਿਬ ਦੇ ਦਰਸਾਏ ਰਾਹ ’ਤੇ ਚੱਲਣ ਦੀ ਜ਼ਰੂਰਤ ਹੈ ਕਿਉਂਕਿ ਇਹੀ ਧਾਰਮਿਕ ਸ਼ਹਿਣਸ਼ੀਲਤਾ ਤੇ ਆਪਸੀ ਭਾਈਚਾਰਕ ਸਾਂਝ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਨਿਰਪੱਖਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਕੰਮ ਕੀਤਾ। ਉਹਨਾਂ ਕਿਹਾ ਕਿ ਇਹੀ ਧਾਰਨਾਵਾਂ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਦਾ ਮਾਰਗ ਦਰਸ਼ਨ ਕਰਦੀਆਂ ਰਹੀਆਂ ਤੇ ਸਰਕਾਰਾਂ ਪੰਦਰਾਂ ਸਾਲ ਤੱਕ ਇਹਨਾਂ ਕਦਰਾਂ ਕੀਮਤਾਂ ’ਤੇ ਪਹਿਰਾ ਦਿੰਦੀਆਂ ਰਹੀਆਂ ਤਾਂ ਜੋ ਅਕਾਲੀ ਦਲ ਦੀਆਂ ਤਿੰਨ ਸਰਕਾਰਾਂ ਵੇਲੇ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਰਹੇ।
ਸਰਦਾਰ ਬਾਦਲ ਨੇ ਚੇਤਾਵਨੀ ਦਿੱਤੀ ਕਿ ਖਾਲਸਾ ਪੰਥ ਅਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਸਤੇ ਘਟੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ ਜੋ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਲਈ ਬਹੁਤ ਵੱਡਾ ਖ਼ਤਰਾ ਬਣ ਸਕਦੀਆਂ ਹਨ। ਉਹਨਾਂ ਕਿਹਾ ਕਿ ਖਾਲਸਾ ਪੰਥ ਅੱਜ ਅਣਕਿਆਸੇ ਸਿਧਾਂਤਕ ਤੇ ਸਿਆਸੀ ਖ਼ਤਰੇ ਦੀ ਮਾਰ ਹੇਠ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਤਾਕਤਵਰ ਤੱਤ ਸਿੱਖਾਂ ਦੀਆਂ ਤਿੰਨ ਸਿਰਮੌਰ ਧਾਰਮਿਕ ਤੇ ਸਿਆਸੀ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ’ਤੇ ਕਬਜ਼ੇ ਲਈ ਸਦੀਆਂ ਪੁਰਾਣੀ ਰਣਨੀਤੀ ਅਪਣਾ ਰਹੇ ਹਨ ਅਤੇ ਕੌਮ ਦੇ ਗੱਦਾਰਾਂ ਨੂੰ ਆਪਣੇ ਵੱਲ ਖਿੱਚਣ ਤੇ ਸੋਸ਼ਲ ਤੇ ਮੁੱਖ ਮੀਡੀਆ ਵਿਚ ਅਕਾਲੀ ਦਲ ਲੀਡਰਸ਼ਿਪ ਨੂੰ ਬਦਨਾਮ ਕਰਨ ਵਾਸਤੇ ਜ਼ਹਿਰੀਲਾ ਪ੍ਰਚਾਰ ਕਰ ਰਹੇ ਹਨ ਤਾਂ ਜੋ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਪਿਛਲੇ 13 ਸਾਲਾਂ ਵਿਚ ਪੰਜਾਬ ਵਿਚ ਵੇਖਿਆ ਹੈ ਕਿ ਕੌਮ ਨੂੰ ਗੁੰਮਰਾਹ ਕਰਨ ਵਾਸਤੇ ਝੂਠ ਦਾ ਪ੍ਰਚਾਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਸਿੱਖ ਵਿਰੋਧੀ ਸਾਜ਼ਿਸਕਾਰਾਂ ਤੇ ਉਹਨਾਂ ਦੀਆਂ ਕਠਪੁਤਲੀਆਂ ਦਾ ਮਕਸਦ ਸਿੱਖਾਂ ਤੋਂ ਲੋਕਤੰਤਰੀ ਢੰਗ ਨਾਲ ਚੁਣੇ ਉਹਨਾਂ ਦੇ ਧਾਰਮਿਕ ਨੁਮਾਇੰਦਿਆਂ ਨੂੰ ਦਰ ਕਿਨਾਰ ਕਰ ਕੇ ਉਹਨਾਂ ਦੀਆਂ ਪਵਿੱਤਰ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਖੋਹਣਾ ਹੈ। ਉਹਨਾਂ ਕਿਹਾ ਕਿ ਇਹਨਾਂ ਦਾ ਅਖੀਰਲਾ ਮਕਸਦ ਖਾਲਸਾ ਪੰਥ ਦੀ ਨਿਵੇਕਲੀ ਤੇ ਨਿਆਰੀ ਪਛਾਣ ਨੂੰ ਕਮਜ਼ੋਰ ਤੇ ਖ਼ਤਮ ਕਰਨਾ ਹੈ ਜਿਸ ਵਾਸਤੇ ਇਹ ਇਤਿਹਾਸਕ ਗੁਰਧਾਮਾਂ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਰਹੇ ਹਨ ਤੇ ਗੈਰ ਸਿੱਖਾਂ ਦੇ ਮਨਸੂਬਿਆਂ ਮੁਤਾਬਕ ਇਹਨਾਂ ਨੂੰ ਚਲਾ ਰਹੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਸਿੱਖ ਵਿਰੋਧੀ ਸਾਜ਼ਿਸ਼ਾਂ ਪਹਿਲਾਂ ਹੀ ਪੰਜਾਬ ਤੋਂ ਬਾਹਰ ਸਾਡੇ ਪਵਿੱਤਰ ਤਖ਼ਤਾਂ ਸਮੇਤ ਗੁਰਧਾਮਾਂ ਦਾ ਪ੍ਰਬੰਧ ਖੋਹਣ ਵਿਚ ਕਾਮਯਾਂਬ ਹੋ ਗਈਆਂ ਹਨ। ਹੁਣ ਇਹ ਸਾਡੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਖੋਹਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸਾਡੇ ਮਹਾਨ ਗੁਰੂ ਸਾਹਿਬਾਨ ਦੀ ਨਿਵੇਕਲੀ ਵਿਚਾਰਧਾਰਾ ਤੇ ਸੰਦੇਸ਼ ’ਤੇ ਇਹ ਅੰਤਿਮ ਹਮਲਾ ਹੈ। ਉਹਨਾਂ ਕਿਹਾ ਕਿ ਇਹ ਸਾਜ਼ਿਸ਼ਘਾੜੇ ਜਾਣਦੇ ਹਨ ਕਿ ਇਹ ਤਾਂ ਹੀ ਸਫਲ ਹੋਣਗੇ ਜੇਕਰ ਸਿੱਖਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਪਾਸੇ ਕਰਨਗੇ ਅਤੇ ਸਿੱਖ ਧਰਮ ਦੇ ਪ੍ਰਬੰਧ ’ਤੇ ਆਪਣੀਆਂ ਕਠਪੁਤਲੀਆਂ ਬਿਠਾਉਣਗੇ। ਉਹਨਾਂ ਕਿਹਾ ਕਿ ਇਹ ਦਿੱਲੀ, ਹਰਿਆਣਾ ਤੇ ਮਹਾਰਾਸ਼ਟਰ ਵਿਚ ਪਹਿਲਾਂ ਹੀ ਸਫਲ ਹੋ ਚੁੱਕੇ ਹਨ ਜਿਥੇ ਸਿੱਖ ਸੰਸਥਾਵਾਂ ਹੁਣ ਗੈਰ ਸਿੱਖ ਸਰਕਾਰ ਦੇ ਸਿੱਧੇ ਕੰਟਰੋਲ ਹੇਠ ਹਨ।
ਸੈਮੀਨਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਡਗੱਜ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਨੇ ਵੀ ਸੰਬੋਧਨ ਕੀਤਾ।