ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਦੇ ਰਹੀ ਹੈ ਨਿਰੋਗ ਜੀਵਨ ਦਾ ਆਨੰਦ-ਐਸ.ਡੀ.ਐਮ. ਡੇਰਾਬਸੀ ਅਮਿਤ ਗੁਪਤਾ
ਹਰਜਿੰਦਰ ਸਿੰਘ ਭੱਟੀ
- ਡੇਰਾਬਸੀ ’ਚ ਟ੍ਰੇਨਰ ਬਬਿਤਾ ਰਾਣੀ ਵੱਲੋਂ ਰੋਜ਼ਾਨਾ ਛੇ ਯੋਗਾ ਕਲਾਸਾਂ ਲਾ ਕੇ ਲੋਕਾਂ ਨੂੰ ਦੱਸੇ ਜਾ ਰਹੇ ਨੇ ਤੰਦਰੁਸਤ ਜੀਵਨ ਸ਼ੈਲੀ ਦੇ ਗੁਣ
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 13 ਮਈ, 2025: ਐਸ.ਡੀ.ਐਮ, ਡੇਰਾਬੱਸੀ, ਅਮਿਤ ਗੁਪਤਾ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਅਧੀਨ ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਤੰਦਰੁਸਤ ਸਿਹਤ ਅਤੇ ਮਾਨਸਿਕ ਤਣਾਅ ਤੋਂ ਰਹਿਤ ਜੀਵਨ ਪ੍ਰਦਾਨ ਕਰਨ ਦੇ ਮਿਸ਼ਨ ਤਹਿਤ ਸ਼ੁਰੂ ਕੀਤੀ ਮੁਹਿੰਮ ਨਾਲ ਯੋਗਾ ਅਭਿਆਸ ਰਾਹੀਂ ਲੋਕ ਆਪਣੀ ਤੰਦਰੁਸਤ ਜੀਵਨ ਸ਼ੈਲੀ ਦਾ ਆਨੰਦ ਮਾਣ ਰਹੇ ਹਨ। ਯੋਗ ਅਭਿਆਸ ਨਾਲ ਸਿਹਤਮੰਦ ਤਬਦੀਲੀਆਂ ਲਿਆਉਣ ਲਈ ਆਰੰਭੇ ਉਪਰਾਲੇ ਆਮ ਲੋਕਾਂ ਲਈ ਨਿੱਤ ਦਿਨ ਦੀਆਂ ਮੁਸ਼ਕਿਲਾਂ ਤੋਂ ਰਾਹਤ ਪਾਉਣ ’ਚ ਮੱਦਦਗਾਰ ਹੋ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਯੋਗਾ ਟ੍ਰੇਨਰ ਬਬਿਤਾ ਰਾਣੀ ਵੱਲੋਂ ਡੇਰਾਬੱਸੀ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾ ਕੇ ਲੋਕਾਂ ਨੂੰ ਨਿਰੋਗ ਅਤੇ ਤਣਾਅ ਮੁਕਤ ਜੀਵਨ ਪ੍ਰਦਾਨ ਕੀਤਾ ਜਾ ਰਿਹਾ ਹੈ। ਟ੍ਰੇਨਰ ਬਬਿਤਾ ਵੱਲੋਂ ਲਗਾਈਆ ਜਾ ਰਹੀਆ 6 ਯੋਗਾ ਕਲਾਸਾਂ ਵਿੱਚ ਪਹਿਲੀ ਕਲਾਸ ਬਰਵਾਲਾ ਚੌਂਕ ਪਾਰਕ ਵਿਖੇ ਸਵੇਰੇ 5.30 ਤੋਂ 6.30 ਵਜੇ ਤੱਕ, ਦੂਜੀ ਕਲਾਸ ਗੁਰੂ ਅੰਗਦ ਦੇਵ ਜੀ ਗੁਰਦੁਆਰਾ (ਅਨਾਜ ਮੰਡੀ) ਵਿਖੇ ਸਵੇਰੇ 9.30 ਤੋਂ 10.30 ਵਜੇ ਤੱਕ, ਤੀਜੀ ਕਲਾਸ ਰਵੀਦਾਸ ਭਵਨ ਵਿਖੇ ਸਵੇਰੇ 10.35 ਤੋਂ 11.35 ਵਜੇ ਤੱਕ, ਚੌਥੀ ਕਲਾਸ ਸ਼੍ਰੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਵਿਖੇ ਸਵੇਰੇ 11.45 ਤੋਂ 12.45 ਵਜੇ ਤੱਕ, ਪੰਜਵੀਂ ਕਲਾਸ ਫੋਰੈਸਟ ਪਾਰਕ ਵਿਖੇ ਦੁਪਿਹਰ 4.30 ਤੋਂ 5.30 ਵਜੇ ਤੱਕ, ਛੇਵੀਂ ਅਤੇ ਆਖਰੀ ਕਲਾਸ ਜੈਨ ਸਥਾਨਕ ਵਿਖੇ ਸ਼ਾਮ 5.40 ਵਜੇ ਤੋਂ 6.40 ਵਜੇ ਤੱਕ ਲਾਈ ਜਾਂਦੀ ਹੈ।
ਡੇਰਾਬੱਸੀ ਵਿਖੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਦੇ ਮਕਸਦ ਨਾਲ ਵੱਖ-ਵੱਖ ਥਾਵਾਂ ਤੇ ਰੋਜ਼ਾਨਾ ਕਲਾਸਾਂ ਲਗਾ ਰਹੇ ਯੋਗਾ ਇੰਸਟ੍ਰੱਕਟਰ ਬਬਿਤਾ ਰਾਣੀ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਰੋਜ਼ਾਨਾ ਲੱਗਣ ਵਾਲੀਆ ਯੋਗਾ ਕਲਾਸਾਂ ਵਿੱਚ ਲੋਕ ਰੋਗ ਮੁਕਤੀ ਦੇ ਨਾਲ ਨਾਲ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਦਾ ਅਨੰਦ ਲੈ ਰਹੇ ਹਨ।
ਉਸ ਦਾ ਕਹਿਣਾ ਹੈ ਕਿ ਅੱਜ ਕਲ੍ਹ ਦੇ ਸਮੇਂ ਵਿੱਚ ਹਰ ਇਕ ਦੀ ਜਿੰਦਗੀ ਰੁਝੇਵਿਆਂ ਭਰੀ ਹੈ ਅਤੇ ਲੋਕ ਕਿਸੇ ਨਾ ਕਿਸੇ ਕਾਰਨ ਕਰਕੇ ਮਾਨਸਿਕ ਤਣਾਅ ਵਿੱਚੋਂ ਵੀ ਗੁਜ਼ਰ ਰਹੇ ਹਨ ਪ੍ਰੰਤੂ ਯੋਗਾ ਨਾਲ ਉਹ ਹੁਣ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਜ਼ਿੰਦਗੀ ’ਚ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਯੋਗ ਨੂੰ ਇਨ੍ਹਾਂ ਤੋਂ ਰਾਹਤ ਲਈ ਬੇਹਤਰੀਨ ਉਪਾਅ ਸਮਝਦੇ ਹਨ। ਬਬਿਤਾ ਰਾਣੀ ਨੇ ਦੱਸਿਆ ਕਿ ਯੋਗਾ ਨੂੰ ਜੀਵਨ ਦਾ ਜ਼ਰੂਰੀ ਅੰਗ ਬਣਾਉਣ ਨਾਲ ਅਸੀਂ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਜੋ ਸਾਨੂੰ ਸਰੀਰਕ ਜਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੀਆਂ ਹਨ, ਤੋਂ ਵੱਖ-ਵੱਖ ਆਸਣਾਂ ਦੀ ਮੱਦਦ ਨਾਲ ਹੀ ਛੁਟਕਾਰਾ ਪਾ ਸਕਦੇ ਹਾਂ।
ਜ਼ਿਲ੍ਹਾ ਯੋਗਾ ਸੁਪਰਵਾਈਜ਼ਰ ਪ੍ਰਤਿਮਾ ਡਾਵਰ ਅਨੁਸਾਰ ਸੀ ਐਮ ਦੀ ਯੋਗਸ਼ਾਲਾ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ, ਜੋ ਆਪਣੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਨਿਰਾਸ਼ ਹੋ ਕੇ ਬੈਠ ਗਏ ਸਨ। ਉਨ੍ਹਾਂ ਕਿਹਾ ਕਿ ਯੋਗਾ ਕਲਾਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।