ਸਰਕਾਰ ਨੇ ਪਿਛਲੇ ਚਾਰ ਮਹੀਨਿਆਂ ਦੌਰਾਨ 19880 ਨਸ਼ਾ ਤਸਕਰ ਜੇਲ੍ਹਾਂ ਵਿੱਚ ਭੇਜੇ : MLA ਰੰਧਾਵਾ
- 786 ਕਿਲੋ ਹੈਰੋਇਨ ਅਤੇ 11.5 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 02 ਜੁਲਾਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚਲਾਈ ਫੈਸਲਾਕੁੰਨ ਜੰਗ ’ਯੁੱਧ ਨਸ਼ਿਆਂ ਵਿਰੁੱਧ’ ਦੇ ਚਾਰ ਮਹੀਨਿਆਂ ਦੌਰਾਨ ਪੰਜਾਬ ਪੁਲਿਸ ਨੇ 12135 ਐਫਆਈਆਰਜ਼ ਦਰਜ ਕਰਕੇ 19880 ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕੀਤਾ ਹੈ। ਇਸੇ ਦੌਰਾਨ ਇਨ੍ਹਾਂ ਨਸ਼ਾ ਸਮਗਲਰਾਂ ਕੋਲੋਂ 786 ਕਿਲੋਗ੍ਰਾਮ ਹੈਰੋਇਨ ਅਤੇ 11.5 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਪੁਲਿਸ ਨਸ਼ਾ ਤਸਕਰਾਂ ਉੱਪਰ ਸਿਕੰਜਾ ਕੱਸਣ ਵਿੱਚ ਕਾਮਯਾਬ ਹੋਈ ਹੈ ਅਤੇ ਸਰਕਾਰ ਦੀ ਸਖਤੀ ਕਾਰਨ ਨਸ਼ਿਆਂ ਦੀ ਸਪਲਾਈ ਲਾਈਨ ਟੁੱਟ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 5 ਮੈਂਬਰੀ ਕੈਬਨਿਟ ਸਬ ਕਮੇਟੀ ਵੀ ਬਣਾਈ ਗਈ ਹੈ।
ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ 786 ਕਿਲੋਗ੍ਰਾਮ ਹੈਰੋਇਨ ਤੋਂ ਇਲਾਵਾ, ਪੁਲਿਸ ਟੀਮਾਂ ਨੇ 301 ਕਿਲੋਗ੍ਰਾਮ ਅਫੀਮ, 158 ਕੁਇੰਟਲ ਭੁੱਕੀ, 11 ਕਿਲੋਗ੍ਰਾਮ ਚਰਸ, 300 ਕਿਲੋਗ੍ਰਾਮ ਗਾਂਜਾ, 2.9 ਕਿਲੋਗ੍ਰਾਮ ਆਈਸੀਈ, 27.99 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 11.58 ਕਰੋੜ ਰੁਪਏ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ - ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਂਸ਼ਨ (ਈਡੀਪੀ) - ਲਾਗੂ ਕੀਤੀ ਗਈ ਹੈ ਅਤੇ ਇਸ ਰਣਨੀਤੀ ਦੇ ਤਹਿਤ ਨਸ਼ੇ ਦੀ ਆਦਤ ਦੇ ਸ਼ਿਕਾਰ ਨੌਜਵਾਨਾਂ ਦਾ ਮੁਫ਼ਤ ਇਲਾਜ ਕਰਕੇ ਉਨ੍ਹਾਂ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਇੱਕ ਵਾਰ ਫਿਰ ਰੰਗਲਾ ਪੰਜਾਬ ਬਣਾਇਆ ਜਾਵੇਗਾ।