ਸ਼ਹੀਦ ਗੁਰਪ੍ਰੀਤ ਸਿੰਘ ਦੀ ਛੇਵੀਂ ਬਰਸੀ ਮਨਾਈ
- ਸ਼ਹੀਦ ਹੁੰਦੇ ਨੇ ਕੌਮ ਦਾ ਸਰਮਾਇਆ : ਰੰਧਾਵਾ
ਮਲਕੀਤ ਸਿੰਘ ਮਲਕਪੁਰ
ਲਾਲੜੂ 13 ਜੁਲਾਈ 2025: " ਸ਼ਹੀਦਾ ਦੀ ਚਿਤਾਓ ਪਰ ਲੱਗੇਂਗੇ ਹਰ ਵਰਸ਼ ਮੇਲੇ ਵਤਨ, ਮਿਟਨੇ ਵਾਲੇ ਕੇ ਯਹੀ ਬਾਕੀ ਨਿਸ਼ਾਨ ਹੋਂਗੇਂ " ,ਇਹ ਕਹਾਵਤ 6 ਸਾਲ ਪਹਿਲਾਂ ਲੇਹ ਵਿੱਚ ਸ਼ਹੀਦ ਹੋਏ ਪਿੰਡ ਧਰਮਗੜ੍ਹ ਦੇ 6ਵੀਂ ਸਿੱਖ ਰੈਜੀਮੈਂਟ ਦੇ ਸਿਪਾਹੀ 24 ਸਾਲਾ ਗੁਰਪ੍ਰੀਤ ਸਿੰਘ ਦੀ ਬਰਸੀ ਦੇ ਮਾਮਲੇ ਵਿਚ ਸੱਚ ਹੁੰਦੀ ਜਾਪਦੀ ਹੈ ।ਅੱਜ ਧਰਮਗੜ ਵਾਸੀਆਂ ਵੱਲੋਂ ਸ਼ਹੀਦ ਦੀ ਛੇਵੀਂ ਬਰਸੀ ਗੁਰਦੁਆਰਾ ਸਹਿਬ ਪਿੰਡ ਧਰਮਗੜ੍ਹ ਵਿਖੇ ਮਨਾਈ ਗਈ, ਜਿਸ ਵਿੱਚ ਵੱਖ-ਵੱਖ ਰਾਜਨੀਤਿਕ ,ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ ਤੌਰ ਤੇ ਸ਼ਮੂਲੀਅਤ ਕਰਦਿਆਂ ਸ਼ਹੀਦ ਗੁਰਪ੍ਰੀਤ ਸਿੰਘ ਦੇ ਬੁੱਤ ਨੂੰ ਫੁੱਲਾਂ ਦੀ ਮਾਲਾ ਪਾ ਕੇ ਸਰਧਾਜ਼ਲੀ ਭੇਂਟ ਕੀਤੀ। ਸ. ਰੰਧਾਵਾ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ, ਇਨ੍ਹਾਂ ਦੀ ਬਦੌਲਤ ਹੀ ਅਸੀਂ ਅੱਜ ਆਪਣੇ ਘਰਾਂ ਵਿੱਚ ਰਹਿ ਕੇ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ । ਉਨ੍ਹਾਂ ਕਿਹਾ ਕਿ ਸ਼ਹੀਦ ਕਦੇ ਮਰਿਆ ਨਹੀਂ ਕਰਦੇ ਤੇ ਉਹ ਹਮੇਸਾ ਅਮਰ ਰਹਿੰਦੇ ਹਨ ਅਤੇ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ ਅਤੇ ਪਿੰਡ ਵਾਸੀਆਂ ਨੂੰ ਸ਼ਹੀਦ ਗੁਰਪ੍ਰੀਤ ਸਿੰਘ ’ਤੇ ਮਾਣ ਹੋਣਾ ਚਾਹੀਦਾ ਹੈ, ਜਿਸ ਨੇ ਦੇਸ਼ ਕੌਮ ਲਈ ਆਪਣੀ ਸ਼ਹੀਦੀ ਦਿੱਤੀ।
ਰੰਧਾਵਾ ਨੇ ਸ਼ਹੀਦ ਗੁਰਪ੍ਰੀਤ ਸਿੰਘ ਅਕੈਡਮੀ ਧਰਮਗੜ੍ਹ ਨੂੰ ਆਪਣੀ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸ਼ਹੀਦਾਂ ਦੀ ਬਦਲੋਤ ਹੀ ਉਹ ਅੱਜ ਅਜਾਦ ਦੇਸ਼ ਵਿੱਚ ਰਹਿ ਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਬਣੇ ਹਨ। ਬਰਸੀ ’ਤੇ 6ਵੀਂ ਸਿੱਖ ਰੈਜੀਮੈਂਟ ਦੇ ਸੀਓ ਤੇ ਐਸਐਮ ਦੇ ਨਿਰਦੇਸਾਂ ਉਤੇ ਪੁੱਜੇ ਫੌਜੀ ਭਰਾਵਾਂ ਨੇ ਸਰਧਾਂਜਲੀ ਭੇਂਟ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਸਰਪੰਚ ਦੇ ਪਤੀ ਗੁਰਸੇਵਕ ਸਿੰਘ ਤੇ ਸ. ਸਾਹਿਬ ਸਿੰਘ ਧਰਮਗੜ੍ਹ ਵੱਲੋਂ ਹਲਕਾ ਵਿਧਾਇਕ ਨੂੰ ਸਨਮਾਨਿਤ ਕੀਤਾ ਅਤੇ ਅਕੈਡਮੀ ਵਿੱਚ ਸਿਖਲਾਈ ਦੌਰਾਨ ਸਰਕਾਰੀ ਨੌਕਰੀ ਤੇ ਲੱਗੇ ਨੌਜਵਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪ ਆਗੂ ਹਰੀਸ਼ ਮਦਾਨ , ਸ਼ਹੀਦ ਗੁਰਪ੍ਰੀਤ ਸਿੰਘ ਦੇ ਪਿਤਾ ਧਰਮਪਾਲ ਸਿੰਘ , ਚਾਚਾ ਰੂਪ ਚੰਦ, ਭਰਾ ਮਨਪ੍ਰੀਤ ਸਿੰਘ , ਬਲਜਿੰਦਰ ਸਿੰਘ ਤੇ ਸਰੂਪ ਸਿੰਘ, ਸੁਰਿੰਦਰ ਸਿੰਘ ਧਰਮਗੜ੍ਹ, ਬਲਜੀਤ ਸਿੰਘ ਬੱਲੂ, ਇੰਦਰਜੀਤ ਸਿੰਘ, ਗੁਰਭਜਨ ਸਿੰਘ ਤੇ ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।