ਵੱਡੀ ਖ਼ਬਰ: ਜੇਲ੍ਹ 'ਚ ਮਜੀਠੀਆ ਦੀ ਜਾਨ ਨੂੰ ਖ਼ਤਰਾ, ਏਜੰਸੀਆਂ 'ਹਾਈ ਅਲਰਟ' 'ਤੇ..!
ਰਵੀ ਜੱਖੂ
ਚੰਡੀਗੜ੍ਹ, 9 ਜਨਵਰੀ 2026- ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਇਸ ਸਮੇਂ ਨਾਭਾ ਜੇਲ੍ਹ ਦੇ ਅੰਦਰ ਬੰਦ ਹਨ। ਜੇਲ੍ਹ ਅੰਦਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ੁਫ਼ੀਆ ਏਜੰਸੀਆਂ ਵੱਲੋਂ ਮਿਲੇ ਇਨਪੁਟਸ ਤੋਂ ਬਾਅਦ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਇੱਕ ਗੁਪਤ ਪੱਤਰ ਜਾਰੀ ਕਰਕੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸੂਤਰ ਦੱਸਦੇ ਨੇ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਖ਼ਤਰੇ ਦੇ ਮੱਦੇਨਜ਼ਰ ਸਪੈਸ਼ਲ DGP (ਇੰਟੈਲੀਜੈਂਸ) ਨੇ ਸਪੈਸ਼ਲ DGP (ਸੁਰੱਖਿਆ) ਅਤੇ ADGP (ਜੇਲ੍ਹਾਂ) ਨੂੰ ਤੁਰੰਤ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਲਈ ਕਿਹਾ ਹੈ।
ਇੱਕ ਗੁਪਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਖ਼ਤਾ ਕਦਮ ਚੁੱਕੇ ਜਾਣ। ਪਟਿਆਲਾ ਦੇ ਏ.ਆਈ.ਜੀ. (ਜ਼ੋਨਲ ਇੰਟੈਲੀਜੈਂਸ) ਨੂੰ ਸਥਿਤੀ 'ਤੇ ਤਿੱਖੀ ਨਜ਼ਰ ਰੱਖਣ ਅਤੇ ਹੈੱਡ ਆਫਿਸ ਨੂੰ ਪਲ-ਪਲ ਦੀ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਗਏ ਹਨ।