ਵਿਧਾਇਕ ਬਲਕਾਰ ਸਿੱਧੂ ਦੇ ਹਲਕੇ ’ਚ ਖਿਲਰਿਆ ਝਾੜੂ- ਡੋਰ ਅਜ਼ਾਦਾਂ ਦੇ ਹੱਥ ਡੋਰ
ਅਸ਼ੋਕ ਵਰਮਾ
ਰਾਮਪੁਰਾ, 22 ਦਸੰਬਰ 2024: ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਦੇ ਹਲਕੇ ’ਚ ਪੈਂਦੇ ਰਾਮਪੁਰਾ ਫੂਲ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 9 ਉਮੀਦਵਾਰਾਂ ਹੀ ਜਿੱਤ ਸਕੇ ਹਨ ਜਦੋਂਕਿ 12 ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ 11 ਅਜਾਦ ਉਮੀਦਵਾਰਾਂ ਨੂੰ ਸਫਲਤਾ ਮਿਲੀ ਹੈ ਅਤੇ ਅਕਾਲੀ ਦਲ ਬਾਦਲ ਦੇ 1ਉਮੀਦਵਾਰ ਦੀ ਜਿੱਤ ਤੇ ਹੀ ਸਬਰ ਕਰਨਾ ਪਿਆ ਹੈ । ਦਿਲਚਸਪੀ ਵਾਲੀ ਗੱਲ ਹੈ ਕਿ ਕਾਂਗਰਸੀ ਆਗੂ ਸਾਬਕਾ ਮੰਤਰੀ ਗੁਰਪ੍ਰੀਤ ਸਿੰੰਘ ਕਾਂਗੜ ਦਾ ਜੱਦੀ ਹਲਕਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸੱਜੀ ਬਾਂਹ ਜਸ਼ਨ ਚਹਿਲ ਵੱਲੋਂ ਹਲਕੇ ’ਚ ਚੰਗੀ ਪਕੜ ਰੱਖਣ ਦੇ ਬਾਵਜੂਦ ਕਾਂਗਰਸ ਪਾਰਟੀ ਪਹਿਲਾਂ ਹੀ ਚੋਣ ਮੈਦਾਨ ਤੋਂ ਭੱਜ ਗਈ ਸੀ। ਭਾਜਪਾ ਨੇ ਕੁੱਝ ਵਾਰਡਾਂ ਵਿੱਚ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਉਹ ਭਗਵਾ ਪਾਰਟੀ ਦਾ ਖਾਤਾ ਖੋਲਣ ਵਿਚ ਅਸਫਲ ਰਹੇ ਹਨ ।
ਚੋਣ ਨਤੀਜਿਆਂ ਅਨੁਸਾਰ ਵਾਰਡ ਨੰ 1 ਤੋਂ ਅਕਾਲੀ ਦਲ ਦੀ ਪਰਵਿੰਦਰ ਕੌਰ, ਵਾਰਡ ਨੰ 2 ਤੋਂ ਆਮ ਆਦਮੀ ਪਾਰਟੀ ਦੇ ਕਰਨੈਲ ਸਿੰਘ ਮਾਨ, ਵਾਰਡ ਨੰ 3 ਤੋਂ ‘ਆਪ’ ਦੀ ਗੁਰਜੀਤ ਕੌਰ , ਵਾਰਡ ਨੰ 4 ਤੋਂ ‘ਆਪ’ ਦੇ ਜ਼ਸਪਾਲ ਸਿੰਘ, ਵਾਰਡ ਨੰ 5 ਤੋਂ ਅਜ਼ਾਦ ਮੀਨਾ ਰਾਣੀ ,ਵਾਰਡ ਨੰ 6 ਤੋਂ ਸੂਰਜ ਪ੍ਰਕਾਸ਼ ਆਜਾਦ,ਵਾਰਡ ਨੰ 7 ਤੋਂ ‘ਆਪ’ ਦੀ ਕ੍ਰਿਸ਼ਨਾ ਦੇਵੀ , ਵਾਰਡ ਨੰ 8 ਤੋਂ ‘ਆਪ’ ਦੇ ਰਵਿੰਦਰ ਸਿੰਘ , ਵਾਰਡ ਨੰ 9 ਤੋਂ ਪੂਜਾ ਰਾਣੀ ਆਜਾਦ, ਵਾਰਡ ਨੰ 10 ਤੋਂ ਅੰਕੁਸ਼ ਗਰਗ ਅੰਕੂ ਆਜਾਦ ,ਵਾਰਡ ਨੰ 11 ਤੋਂ ਦਰਸ਼ਨਾ ਦੇਵੀ ,ਵਾਰਡ ਨੰ 12 ਤੋਂ ਸੁਰਜੀਤ ਸਿੰਘ ਆਜਾਦ ,ਵਾਰਡ ਨੰ 13 ਤੋਂ ‘ਆਪ’ਦੀ ਰਵਿੰਦਰਕੌਰ ਰੂਬੀ ਢਿੱਲੋ ਵਾਰਡ ਨੰ 14 ਤੋਂ ਹੈਪੀ ਬਾਂਸਲ ਆਜਾਦ, ਵਾਰਡ ਨੰ 15 ਤੋਂ ‘ਆਪ’ ਦੀ ਕਿਰਨਦੀਪ ਕੌਰ ਬਰਾੜ,ਵਾਰਡ ਨੰ 16 ਤੋਂ ‘ਆਪ’ ਦੇ ਦਲਰਾਜ ਸਿੰਘ ਪ੍ਰਿੰਸ ਨੰਦਾ, ਵਾਰਡ ਨੰ 17 ਤੋਂ ਬਿੰਦੂ ਰਾਣੀ ਬਿੱਟਾ ਆਜਾਦ,ਵਾਰਡ ਨੰ 18 ਤੋਂ ਸੁਨੀਲ ਕੁਮਾਰ ਬਿੱਟਾ ਆਜਾਦ, ਵਾਰਡ ਨੰ 19 ਤੋਂ ਰਜਨੀ ਬਾਲਾ ਆਜਾਦ ,ਵਾਰਡ ਨੰ 20 ਕੁਲਦੀਪ ਸਿੰਘ ਆਜਾਦ ਅਤੇ ਵਾਰਡ ਨੰ 21 ਤੋਂ ਮਨਪ੍ਰੀਤ ਸਿੰਘ ਰੂਬੀ ਢਿੱਲੋਂ ਆਜਾਦ ਚੋਣ ਜਿੱਤੇੇ ਹਨ ।
ਪ੍ਰਧਾਨਗੀ ਲਈ ਜੋੜ ਤੋੜ ਦੀ ਚਰਚਾ
ਰਾਮਪੁਰਾ ਅਤੇ ਫੂਲ ਦੇ 21 ਵਾਰਡਾਂ ਦੇ ਕੌਂਸਲਰਾਂ ਦੀ ਚੋਣ ਲਈ ਵੋਟਾਂ ਪਈਆਂ ਸਨ ਅਤੇ ਪੋÇਲੰਗ ਦੀ ਦਰ ਲਗਭਗ 64 ਫੀਸਦੀ ਰਹੀ ਹੈ । ਨਗਰ ਕੌਂਸਲ ਰਾਮਪੁਰਾ ਫੂਲ ਦੀ ਪ੍ਰਧਾਨਗੀ ਲਈ ਲਈ 12 ਉਮੀਦਵਾਰਾਂ ਦਾ ਬਹੁਮੱਤ ਹੋਣਾ ਜਰੂਰੀ ਹੈ । ਆਮ ਆਦਮੀ ਪਾਰਟੀ ਵਿਧਾਇਕ ਦੀ ਵੋਟ ਸਮੇਤ ਵੀ ਬਹੁਮਤ ਦੇ ਨੇੜੇ ਨਹੀਂ ਪੁੱਜੀ ਹੈ। ਅਜਿਹੇ ਹਾਲਤਾਂ ਦੌਰਾਨ ਮੈਂਬਰਾਂ ਦੀ ਕਥਿਤ ਖਰੀਦੋ ਫਰੋਖਤ ਹੋਣ ਦੇ ਚਰਚੇ ਛਿੜ ਗਏ ਹਨ। ਚੋਣਾਂ ਵਿਚ ਆਜਾਦ ਉਮੀਦਵਾਰ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਨੀਲ ਬਿੱਟਾ , ਉਨ੍ਹਾਂ ਦੀ ਪਤਨੀ ਬਿੰਦੂ ਰਾਣੀ ਬਿੱਟਾ ਅਤੇ ਆਜਾਦ ਉਮੀਦਵਾਰ ਹੈਪੀ ਬਾਂਸਲ ਦੇ ਅਗਲੇ ਪੈਂਤੜੇ ਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ ਹਨ। ਇਹ ਉਹ ਤਿੰਨ ਵਾਰਡ ਹਨ ਜਿੰਨ੍ਹਾਂ ’ਚ ਸ਼ਹਿਰੀਆਂ ਦੀ ਸਭ ਤੋਂ ਵੱਧ ਦਿਲਚਸਪੀ ਰਹੀ ਹੈ।
ਹਾਈਕੋਰਟ ਵੀ ਪੁੱਜਿਆ ਸੀ ਮਾਮਲਾ
ਕਿਸੇ ਸਮੇਂ ਸਾਬਕਾ ਅਕਾਲੀ ਮੰਤਰੀ ਦੀ ਮੁੱਛ ਦਾ ਵਾਲ ਮੰਨੇ ਜਾਂਦੇ ਅਤੇ ਬਾਅਦ ’ਚ ਕਾਂਗਰਸੀ ਆਗੂ ਗੁਰਪ੍ਰੀਤ ਕਾਂਗੜ ਨਾਲ ਜਾ ਮਿਲੇ ਸੁਨੀਲ ਬਿੱਟਾ ਤਾਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਹਾਈਕੋਰਟ ਤੱਕ ਪਹੁੰਚ ਗਏ ਸਨ। ਹਾਈਕੋਰਟ ਨੇ ਇਸ ਮਾਮਲੇ ’ਚ ਸੁਰੱਖਿਆ ਸਣੇ ਕੁੱਝ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਸਨ। ਬਠਿੰਡਾ ਪ੍ਰਸ਼ਾਸ਼ਨ ਵੱਲੋਂ ਕੀਤੇ ਸਖਤ ਪ੍ਰਬੰਧਾਂ ਕਾਰਨ ਚੋਣ ਅਮਲ ਤਾਂ ਪੁਰਅਮਨ ਢੰਗ ਨਾਲ ਨੇਪਰੇ ਚੜ੍ਹ ਗਿਆ ਪਰ ਹੁਣ ਹਰ ਅੱਖ ਪ੍ਰਧਾਨਗੀ ਦੀ ਕੁਰਸੀ ਤੇ ਟਿਕ ਗਈ ਹੈ।ਰਾਮਪੁਰਾ ਫੂਲ ਚ ਨਗਰ ਕੌਂਸਲ ਦੀਆਂ ਚੋਣਾਂ 10 ਸਾਲ ਬਾਅਦ ਹੋਈਆਂ ਹਨ । ਜਾਣਕਾਰੀ ਅਨੁਸਾਰ ਨਗਰ ਕੌਂਸਲ ਰਾਮਪੁਰਾ ਦੀ ਚੋਣ 20 ਫਰਵਰੀ 2015 ਨੂੰ ਹੋਈ ਸੀ ਅਤੇ 19 ਫਰਵਰੀ 2020 ਨੂੰ ਮਿਆਦ ਪੁੱਗ ਗਈ ਸੀ ।