File Photo
ਲੁਧਿਆਣਾ ਸਰਫੇਸ ਵਾਟਰ ਪ੍ਰੋਜੈਕਟ 'ਚ ਵੱਡੀ ਲਾਪਰਵਾਹੀ: ਬਿਨਾਂ 'ਲੀਕੇਜ ਟੈਸਟਿੰਗ' ਦੇ ਦੱਬੀਆਂ ਜਾ ਰਹੀਆਂ ਪਾਈਪਾਂ; ਜਨਤਾ ਦੇ ਕਰੋੜਾਂ ਰੁਪਏ ਦਾਅ 'ਤੇ
ਸੁਖਮਿੰਦਰ ਭੰਗੂ
ਲੁਧਿਆਣਾ 7 ਅਪ੍ਰੈਲ 2026- ਲੁਧਿਆਣਾ ਸ਼ਹਿਰ ਵਿੱਚ ਚੱਲ ਰਹੇ ਕਰੋੜਾਂ ਰੁਪਏ ਦੇ ਸਰਫੇਸ ਵਾਟਰ ਸਪਲਾਈ ਪ੍ਰੋਜੈਕਟ ਵਿੱਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਜ ਸੇਵੀ ਕੁਲਦੀਪ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਇੱਕ ਤਿੱਖੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਸ਼ਹਿਰ ਵਿੱਚ ਪਾਈਪਲਾਈਨਾਂ ਵਿਛਾਉਣ ਤੋਂ ਬਾਅਦ ਉਨ੍ਹਾਂ ਦੀ ਲੋੜੀਂਦੀ ਲੀਕੇਜ ਟੈਸਟਿੰਗ (Pressure/Hydro Testing) ਕੀਤੇ ਬਿਨਾਂ ਹੀ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ?
ਸ਼ਿਕਾਇਤਕਰਤਾ ਅਨੁਸਾਰ, ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕਈ ਇਲਾਕਿਆਂ ਵਿੱਚ ਪਾਈਪਲਾਈਨਾਂ ਨੂੰ ਬਿਨਾਂ ਚੈੱਕ ਕੀਤੇ ਹੀ ਮਿੱਟੀ ਅਤੇ ਲੁੱਕ ਪਾ ਕੇ ਦੱਬਿਆ ਜਾ ਰਿਹਾ ਹੈ। ਜੇਕਰ ਭਵਿੱਖ ਵਿੱਚ ਇਨ੍ਹਾਂ ਪਾਈਪਾਂ ਵਿੱਚੋਂ ਪਾਣੀ ਲੀਕ ਹੁੰਦਾ ਹੈ, ਤਾਂ ਨਵੀਆਂ ਬਣੀਆਂ ਕਰੋੜਾਂ ਰੁਪਏ ਦੀਆਂ ਸੜਕਾਂ ਨੂੰ ਮੁੜ ਪੁੱਟਣਾ ਪਵੇਗਾ, ਜਿਸ ਨਾਲ ਸਰਕਾਰੀ ਖ਼ਜ਼ਾਨੇ ਅਤੇ ਜਨਤਾ ਦੇ ਟੈਕਸ ਦੇ ਪੈਸੇ ਦਾ ਭਾਰੀ ਨੁਕਸਾਨ ਹੋਵੇਗਾ।
ਸ਼ਿਕਾਇਤ ਵਿੱਚ ਚੁੱਕੇ ਗਏ ਅਹਿਮ ਸਵਾਲ!
ਕੀ ਕੰਪਨੀ ਡਿਫੈਕਟ ਲਾਇਬਿਲਟੀ ਪੀਰੀਅਡ (DLP) ਅਤੇ ਲਾਜ਼ਮੀ ਟੈਸਟਿੰਗ ਪ੍ਰਕਿਰਿਆ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਰਹੀ ਹੈ? ਕੰਟਰੈਕਟ ਮੁਤਾਬਕ ਪਾਈਪਾਂ ਦੀ ਟੈਸਟਿੰਗ ਅਤੇ ਸੜਕਾਂ ਦੀ ਸਹੀ ਰਿਪੇਅਰ ਦੀ ਜ਼ਿੰਮੇਵਾਰੀ ਕੰਪਨੀ ਦੀ ਹੈ, ਪਰ ਫਿਲਹਾਲ ਇਹ ਜ਼ਿੰਮੇਵਾਰੀ ਸਿਰਫ਼ ਕਾਗਜ਼ਾਂ ਤੱਕ ਸੀਮਤ ਜਾਪਦੀ ਹੈ। ਕੀ ਸਬੰਧਤ ਵਿਭਾਗ ਦੇ ਅਧਿਕਾਰੀ ਇਸ ਲਾਪਰਵਾਹੀ ਬਾਰੇ ਜਾਣੂ ਹਨ? ਜੇਕਰ ਹਾਂ, ਤਾਂ ਇਸ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?
ਖਹਿਰਾ ਨੇ ਕੀਤੀ ਤੁਰੰਤ ਆਡਿਟ ਦੀ ਮੰਗ
ਕੁਲਦੀਪ ਸਿੰਘ ਖਹਿਰਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਅਤੇ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਚੱਲ ਰਹੇ ਕੰਮਾਂ ਦੀ ਤੁਰੰਤ ਨਿਰੀਖਣ ਅਤੇ ਆਡਿਟ ਕਰਵਾਇਆ ਜਾਵੇ। ਇਹ ਤਸਦੀਕ ਕੀਤਾ ਜਾਵੇ ਕਿ ਕੀ ਪਾਈਪ ਲਾਈਨਾਂ ਦੀ ਲੀਕੇਜ ਟੈਸਟਿੰਗ ਹੋਈ ਹੈ ਜਾਂ ਨਹੀਂ। ਲਾਪਰਵਾਹ ਕੰਪਨੀ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
ਸ਼ਹਿਰ ਵਾਸੀਆਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਵਾਰ-ਵਾਰ ਸੜਕਾਂ ਪੁੱਟਣ ਨਾਲ ਨਾ ਸਿਰਫ਼ ਪੈਸੇ ਦੀ ਬਰਬਾਦੀ ਹੁੰਦੀ ਹੈ, ਸਗੋਂ ਆਉਣ-ਜਾਣ ਵਿੱਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ‘ਗੰਭੀਰ’ ਸ਼ਿਕਾਇਤ 'ਤੇ ਕੀ ਕਾਰਵਾਈ ਕਰਦੀ ਹੈ।
Click to Follow Babushahi Facebook page →