ਮੇਅਰ ਪਦਮਜੀਤ ਮਹਿਤਾ ਦੀ ਪਹਿਲਕਦਮੀ ਤੇ ਪ੍ਰਾਪਰਟੀ ਟੈਕਸ ਰਾਹੀਂ ਨਗਰ ਨਿਗਮ ਨੇ ਭਰਿਆ ਬੋਝਾ
ਅਸ਼ੋਕ ਵਰਮਾ
ਬਠਿੰਡਾ, 1 ਅਗਸਤ 2025 : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਸਾਲ 2013-14 ਤੋਂ ਸਾਲ 2024-25 ਤੱਕ ਬਕਾਇਆ ਪ੍ਰਾਪਰਟੀ ਟੈਕਸ 'ਤੇ ਲਗਦੇ ਵਿਆਜ਼ ਅਤੇ ਜੁਰਮਾਨੇ ਤੋਂ ਛੋਟ ਦਿੱਤੀ ਗਈ ਸੀ, ਜਿਸਦਾ ਲੋਕਾਂ ਵੱਲੋਂ ਭਰਪੂਰ ਫਾਇਦਾ ਉਠਾਇਆ ਗਿਆ। ਇਸ ਸਕੀਮ ਤਹਿਤ ਮਿਤੀ 18 ਮਈ 2025 ਤੋਂ 31 ਜੁਲਾਈ ਤੱਕ ਬਕਾਇਆ ਪ੍ਰਾਪਰਟੀ ਟੈਕਸ 'ਤੇ ਲਗਦੇ 18 ਪ੍ਰਤੀਸ਼ਤ ਵਿਆਜ਼ ਅਤੇ 20 ਪ੍ਰਤੀਸ਼ਤ ਜੁਰਮਾਨੇ ਤੋਂ ਛੋਟ ਦਿੱਤੀ ਗਈ ਸੀ। ਲੋਕਾਂ ਦੇ ਰੁਝਾਨ ਨੂੰ ਮੁੱਖ ਰੱਖਦਿਆਂ ਹੁਣ ਇਸ ਸਕੀਮ ਵਿੱਚ 15 ਅਗਸਤ 2025 ਤੱਕ ਵਾਧਾ ਕੀਤਾ ਗਿਆ ਹੈ। ਇਸ ਸਕੀਮ ਤਹਿਤ ਹੁਣ 16 ਅਗਸਤ 2025 ਤੋਂ 31 ਅਕਤੂਬਰ 2025 ਤੱਕ ਬਿਆਜ਼ ਘੱਟ ਕੇ 9 ਪ੍ਰਤੀਸ਼ਤ ਤੇ ਜੁਰਮਾਨਾ ਘੱਟ ਕੇ 10 ਪ੍ਰਤੀਸ਼ਤ ਨਾਲ ਬਕਾਇਆ ਪ੍ਰਾਪਰਟੀ ਟੈਕਸ ਭਰਿਆ ਜਾ ਸਕਦਾ ਹੈ। ਇਹ ਜਾਣਕਾਰੀ ਮੇਅਰ, ਨਗਰ ਨਿਗਮ ਪਦਮਜੀਤ ਸਿੰਘ ਮਹਿਤਾ ਨੇ ਸਾਂਝੀ ਕੀਤੀ।
ਉਹਨਾਂ ਅੱਗੇ ਦੱਸਿਆ ਕਿ ਮਿਤੀ 01 ਨਵੰਬਰ 2025 ਤੋਂ ਬਾਅਦ ਇਹ ਵਿਆਜ਼ ਅਤੇ ਜੁਰਮਾਨਾ ਪਹਿਲਾਂ ਵਾਂਗ ਹੀ ਕ੍ਰਮਵਾਰ 18 ਪ੍ਰਤੀਸ਼ਤ ਅਤੇ 20 ਪ੍ਰਤੀਸ਼ਤ ਦੀ ਦਰ ਨਾਲ ਹੀ ਲਗੇਗਾ। ਵਰਨਣਯੋਗ ਹੈ ਕਿ ਇਹ ਸਕੀਮ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਮਿਤੀ 18 ਸਿਤੰਬਰ 2023 ਤੋਂ 31 ਮਾਰਚ 2024 ਤੱਕ ਤਕਰੀਬਨ ਸਾਢੇ ਛੇ ਮਹੀਨੇ ਲਈ ਲਾਗੂ ਕੀਤੀ ਗਈ ਸੀ। ਉਸ ਸਮੇਂ ਦੌਰਾਨ ਸਿਰਫ 2 ਕਰੋੜ 77 ਲੱਖ ਰੁਪਏ ਹੀ ਵਸੂਲ ਹੋਏ ਸਨ, ਪਰੰਤੂ ਇਸ ਵਾਰ ਮਿਤੀ 18 ਮਈ 2025 ਤੋਂ 31 ਜੁਲਾਈ 2025 ਤੱਕ ਸਿਰਫ਼ ਢਾਈ ਮਹੀਨੇ ਦੇ ਸਮੇਂ ਦੌਰਾਨ ਪ੍ਰਾਪਰਟੀ ਟੈਕਸ/ ਹਾਊਸ ਟੈਕਸ ਦੀ ਵਸੂਲੀ 10 ਕਰੋੜ ਰੁਪਏ ਦੀ ਹੋਈ ਹੈ।
ਮੇਅਰ, ਨਗਰ ਨਿਗਮ ਬਠਿੰਡਾ, ਕਮਿਸ਼ਨਰ, ਨਗਰ ਨਿਗਮ ਬਠਿੰਡਾ ਅਤੇ ਨਗਰ ਨਿਗਮ ਦੀ ਸਮੁੱਚੀ ਟੀਮ ਵੱਲੋਂ ਵੱਖ-ਵੱਖ ਵਾਰਡਾਂ ਵਿੱਚ ਕੈਂਪ ਲਗਾ ਕੇ ਇਸ ਸਕੀਮ ਸਬੰਧੀ ਜਾਗਰੂਕ ਕੀਤਾ ਗਿਆ। ਉਕਤ ਕੈਂਪਾਂ ਦਾ ਫਾਇਦਾ ਉਠਾਉਂਦੇ ਹੋਏ ਇੰਡਸਟਰੀਅਲ ਏਰੀਆ, ਫੋਕਲ ਪੁਆਇੰਟ ਦੇ ਯੂਨਿਟਾਂ ਵੱਲੋਂ ਵੀ ਇਸ ਸਕੀਮ ਦਾ ਲਾਭ ਉਠਾਉਂਦਿਆਂ ਸਾਲ 2013-14 ਤੋਂ ਸਾਲ 2024-25 ਤੱਕ ਬਕਾਇਆ ਰਹਿੰਦਾ ਪ੍ਰਾਪਰਟੀ ਟੈਕਸ ਪਹਿਲੀ ਵਾਰ ਭਰਿਆ ਗਿਆ।
ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਅਤੇ ਕਮਿਸ਼ਨਰ, ਨਗਰ ਨਿਗਮ ਬਠਿੰਡਾ ਮੈਡਮ ਕੰਚਨ ਦੀ ਦਿਨ ਰਾਤ ਕੀਤੀ ਮਿਹਨਤ ਦੇ ਨਤੀਜੇ ਸਦਕਾ ਉਕਤ ਰਿਕਾਰਡ ਹਾਸਲ ਕੀਤਾ ਗਿਆ ਹੈ। ਇਹ ਵੀ ਵਰਨਣਯੋਗ ਹੈ ਕਿ ਉਕਤ ਵਸੂਲ ਹੋਈ ਰਾਸ਼ੀ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਕੰਮਾਂ 'ਤੇ ਹੀ ਖਰਚ ਕੀਤੀ ਜਾਵੇਗੀ। ਜਿੰਨ੍ਹਾ ਲੋਕਾਂ ਵੱਲੋਂ ਉਕਤ ਬਕਾਇਆ ਭਰਿਆ ਗਿਆ ਹੈ, ਉਨ੍ਹਾਂ ਨੂੰ ਵੀ ਲੱਗਣ ਵਾਲੇ ਵਿਆਜ਼ ਅਤੇ ਜੁਰਮਾਨੇ ਦੀ ਬਣਦੀ ਰਕਮ ਦਾ ਬਹੁਤ ਜਿਆਦਾ ਫਾਇਦਾ ਹੋਇਆ ਹੈ, ਪਰੰਤੂ ਅਜੇ ਵੀ ਇਸ ਸਕੀਮ ਦਾ ਫਾਇਦਾ ਉਠਾਉਣ ਤੋਂ ਕਈ ਲੋਕ ਵਾਂਝੇ ਰਹਿ ਗਏ।
ਇਸ ਮੌਕੇ ਆਮ ਲੋਕਾਂ ਦੇ ਰੁਝਾਨ ਅਤੇ ਉਨ੍ਹਾਂ ਦੀ ਅਪੀਲ ਨੂੰ ਸੁਣਦੇ ਹੋਏ ਮੇਅਰ, ਨਗਰ ਨਿਗਮ ਬਠਿੰਡਾ ਸ਼੍ਰੀ ਪਦਮਜੀਤ ਸਿੰਘ ਮਹਿਤਾ ਵੱਲੋਂ ਸਰਕਾਰ ਨਾਲ ਗੱਲਬਾਤ ਕੀਤੀ ਗਈ। ਜਿਸ 'ਤੇ ਵਿਚਾਰ ਕਰਦਿਆਂ ਸਰਕਾਰ ਵੱਲੋਂ ਹੁਣ ਇਸ ਸਕੀਮ ਵਿੱਚ ਮਿਤੀ 15 ਅਗਸਤ 2025 ਤੱਕ ਬਿਨ੍ਹਾਂ ਵਿਆਜ਼ ਅਤੇ ਬਿਨ੍ਹਾਂ ਜੁਰਮਾਨਾ ਵਾਧਾ ਕੀਤਾ ਗਿਆ ਹੈ। ਮੇਅਰ ਸ਼੍ਰੀ ਮਹਿਤਾ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਕੀਮ ਦਾ ਮਿਤੀ 15 ਅਗਸਤ 2025 ਤੱਕ ਵੱਧ ਤੋਂ ਵੱਧ ਲਾਭ ਉਠਾਉਣ, ਤਾਂ ਜੋ ਵਿਆਜ਼ ਅਤੇ ਜੁਰਮਾਨੇ ਤੋਂ ਬਚਿਆ ਜਾ ਸਕੇ।