ਮਾਨਸਾ ਜ਼ਿਲ੍ਹੇ ਦੇ ਨੌ ਕੇਂਦਰਾਂ ਵਿੱਚ ਹੋਵੇਗੀ ਅੱਠਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੀਖਿਆ
ਅਸ਼ੋਕ ਵਰਮਾ
ਮਾਨਸਾ, 30 ਦਸੰਬਰ 2025:ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸ. ਸੀ. ਈ. ਆਰ.ਟੀ.) ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (ਪੀ. ਐਸ. ਟੀ. ਐਸ. ਈ.) ਅਤੇ ਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ (ਐੱਨ. ਐਮ. ਐਮ.ਐੱਸ.) ਪ੍ਰੀਖਿਆ ਕਰਵਾਈ ਜਾ ਰਹੀ ਹੈ।
ਡਾਇਰੈਕਟਰ ਐੱਸ. ਸੀ. ਈ.ਆਰ.ਟੀ. ਮੈਡਮ ਕਿਰਨ ਸ਼ਰਮਾ ਅਤੇ ਸਹਾਇਕ ਡਾਇਰੈਕਟਰ ਸੀਮਾ ਖੇੜਾ ਤੇ ਅਸ਼ੋਕ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਪਰਮਜੀਤ ਸਿੰਘ ਭੋਗਲਦੀ ਦੇਖਰੇਖ ਹੋ ਰਹੀ ਪ੍ਰੀਖਿਆ ਵਿਚ ਸੈਸ਼ਨ 2025-26 ਦੇ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਭਾਗ ਲੈਣਗੇ ਅਤੇ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ 1ਵਜੇ ਤੱਕ ਹੋਵੇਗਾ ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਜ਼ਿਲ੍ਹੇ ਵਿਚ ਮਿਤੀ 4 ਜਨਵਰੀ ਨੂੰ ਤਹਿਸੀਲ ਪੱਧਰ 'ਤੇ 9 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਪ੍ਰੀਖਿਆ ਦੇ ਸੰਚਾਲਨ ਲਈ ਤਿਆਰੀਆਂ ਪੂਰਨ ਤੌਰ 'ਤੇ ਮੁਕੰਮਲ ਹਨ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪਰਮਜੀਤ ਸਿੰਘ ਭੋਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ 'ਚ ਪੀ. ਐੱਸ. ਟੀ.ਐੱਸ.ਈ. ਪ੍ਰੀਖਿਆ ਵਿਚ ਕੁੱਲ 2096 ਵਿਦਿਆਰਥੀ ਤੇ ਐੱਨ. ਐਮ. ਐਮ. ਐੱਸ. ਪ੍ਰੀਖਿਆ ਵਿਚ 2114 ਵਿਦਿਆਰਥੀ ਭਾਗ ਲੈ ਰਹੇ ਹਨ ਅਤੇ ਇਨ੍ਹਾਂ ਵਜ਼ੀਫਾ ਪ੍ਰੀਖਿਆਵਾਂ ਦਾ ਮਨੋਰਥ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਅਤੇ ਪੜ੍ਹਾਈ ਵੱਲ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ 'ਚ ਪੜ੍ਹ ਰਹੇ ਵਿਦਿਆਰਥੀ ਐੱਨ.ਐੱਮ.ਐੱਮ.ਐੱਸ. ਅਤੇ ਪੀ.ਐੱਸ.ਟੀ.ਐੱਸ.ਈ. ਪ੍ਰੀਖਿਆ ਪਾਸ ਕਰਨ ਉਪਰੰਤ ਅਗਲੇ 4 ਸਾਲ ਤੱਕ ਅਤੇ ਦੱਸਵੀਂ ਜਮਾਤ ਦੇ ਵਿਦਿਆਰਥੀ ਅਗਲੇ 2 ਸਾਲ ਤੱਕ ਵਜੀਫੇ ਦੇ ਯੋਗ ਹੋਣਗੇ। ਇਸ ਮੌਕੇ ਜ਼ਿਲ੍ਹਾ ਨੋਡਲ ਹਰਦੀਪ ਸਿੰਘ ਹਾਜ਼ਰ ਸਨ।