ਮਮਤਾ ਦਿਵਸ ਮੌਕੇ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਡਾਇਰੀਆ ਤੋਂ ਬਚਾਉਣ ਲਈ ਨੁਕਤੇ ਦੱਸੇ
ਅਸ਼ੋਕ ਵਰਮਾ
ਨਥਾਣਾ, 2 ਜੁਲਾਈ 2025 : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਸਥਾਨਕ ਸਮੁਦਾਇਕ ਸਿਹਤ ਕੇਂਦਰ ਨਥਾਣਾ ਵਲੋਂ ਗੁਰਦੁਆਰਾ ਸਾਹਿਬ ਨਥਾਣਾ ਵਿਖੇ ਤੀਬਰ ਦਸਤ ਰੋਕੂ ਪੰਦਰਵਾੜੇ ਤਹਿਤ ਚੇਤਨਾ ਕੈਂਪ ਲਾਇਆ ਗਿਆ, ਜਿਸ ਮੌਕੇ ਗਰਭਵਤੀ ਔਰਤਾਂ ਅਤੇ ਮਾਵਾਂ ਨੂੰ ਡਾਇਰੀਆ ਤੋਂ ਬਚਾਉਣ ਲਈ ਸੁਰੱਖਿਆ ਉਪਾਅ ਦੱਸੇ ਗਏ। ਜਾਣਕਾਰੀ ਦਿੰਦਿਆਂ ਡਾ. ਸਰਾਂ ਨੇ ਦੱਸਿਆ ਕਿ ਤੀਬਰ ਦਸਤ (ਡਾਇਰੀਆ) 5 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਮੌਤ ਦਾ ਇੱਕ ਮੁੱਖ ਕਾਰਨ ਹੈ। ਇਸ ਕਾਰਨ ਸਿਹਤ ਵਿਭਾਗ ਵਲੋਂ ਹਰ ਸਾਲ 1 ਜੁਲਾਈ ਤੋਂ 15 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾਂਦਾ ਹੈ ਤਾਂ ਜੋ ਓ.ਆਰ.ਐਸ ਅਤੇ ਜ਼ਿੰਕ ਦੀ ਵਰਤੋਂ ਅਤੇ ਜਾਗਰੂਕਤਾ ਰਾਹੀਂ ਬੱਚਿਆਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਇਹ ਪੰਦਰਵਾੜਾ ਮਨਾਉਣ ਦਾ ਮਕਸਦ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਦਸਤ (ਡਾਇਰੀਆ) ਕਾਰਨ ਹੋਣ ਵਾਲੀ ਮੌਤਾਂ ਨੂੰ ਘਟਾਉਣਾ ਹੈ।
ਉਨ੍ਹਾਂ ਦੱਸਿਆ ਕਿ ਡਾਇਰੀਆ ਅਜਿਹੇ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ ਜੋ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ ਜਾਂ ਕੁਪੋਸ਼ਣ ਤੋਂ ਪੀੜਤ ਹਨ ਜਾਂ ਪੇਟ ਦੀ ਕਿਸੇ ਗੰਭੀਰ ਬਿਮਾਰੀ ਜਾਂ ਜਿਗਰ ਦੀ ਲਾਗ ਤੋਂ ਪੀੜਤ ਹਨ। ਗਰਭਵਤੀ ਔਰਤਾਂ ਲਈ ਦਸਤ ਹੋਣ ਦਾ ਵੀ ਖਤਰਾ ਹੈ। ਇਹ ਗਰਭਵਤੀ ਔਰਤਾਂ ਲਈ ਹੋਰ ਵੀ ਖ਼ਤਰਨਾਕ ਹੈ ਕਿਉਂਕਿ ਇਸ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡਾਇਰੀਆ ਕਾਰਨ ਥਕਾਵਟ ਅਤੇ ਸੁਸਤੀ ਮਹਿਸੂਸ ਕਰਨਾ, ਪਿਆਸ, ਘੱਟ ਪਿਸ਼ਾਬ ਆਉਣਾ, ਸੁੱਜੀਆਂ ਅੱਖਾਂ, ਜੀਅ ਕੱਚਾ ਹੋਣਾ, ਸਿਰ ਦਰਦ ਜਿਹੇ ਲੱਛਣਾਂ ਤੋਂ ਇਲਾਵਾ ਜੇ ਡੀਹਾਈਡਰੇਸ਼ਨ ਜ਼ਿਆਦਾ ਗੰਭੀਰ ਹੋਵੇ ਤਾਂ ਬੇਹੋਸ਼ ਹੋਣ ਦੀ ਸਥਿਤੀ ਵੀ ਆਉਂਦੀ ਹੈ ਅਤੇ ਗੰਭੀਰ ਖ਼ਤਰੇ ਜਿਵੇਂ ਕਿ ਸਰੀਰ ਦੇ ਅੰਗਾਂ ਦਾ ਕੰਮ ਕਰਨਾ ਬੰਦ ਕਰ ਦੇਣ ਨਾਲ ਮੌਤ ਵੀ ਹੋ ਸਕਦੀ ਹੈ। ਜੇਕਰ ਮਰੀਜ਼ ਦਾ ਜੀਅ ਕੱਚਾ ਹੋਣ ਲੱਗਦਾ ਹੈ ਅਤੇ ਸਰੀਰ ਪਾਣੀ ਨੂੰ ਰੋਕ ਨਹੀਂ ਪਾਉਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਜਾਣਾ ਚਾਹੀਦਾ ਹੈ।
ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਸੀ.ਐਚ.ਓ. ਵੀਰਪਾਲ ਕੌਰ ਨੇ ਸਾਂਝੇ ਰੂਪ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਡਾਇਰੀਆ ਕੀ ਰੋਕਥਾਮ, ਸਫਾਈ ਅਤੇ ਓ.ਆਰ.ਐਸ ਨਾਲ ਰੱਖੋ ਆਪਣਾ ਧਿਆਨ’ ਦੇ ਨਾਅਰੇ ਹੇਠ ਮਨਾਉਣ ਦਾ ਮਤਲਬ ਹੈ ਕਿ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਲਾਜਮੀ ਹੈ। ਹਮੇਸ਼ਾ ਸਾਫ਼ ਪਾਣੀ ਵਰਤੋ। ਖਾਣ-ਪੀਣ ਤੋਂ ਪਹਿਲਾਂ ਅਤੇ ਟਾਇਲਟ ਜਾਣ ਤੋਂ ਬਾਅਦ ਹਮੇਸ਼ਾ ਹੱਥ ਚੰਗੀ ਤਰ੍ਹਾਂ ਸਾਫ ਕਰਨੇ ਚਾਹੀਦੇ ਹਨ। ਓ.ਆਰ.ਐਸ ਘੋਲ ਸਹੀ ਢੰਗ ਨਾਲ ਬਣਾਉਣ ਦੀ ਵਿਧੀ ਅਤੇ ਬੱਚੇ ਨੂੰ ਵਾਰ-ਵਾਰ ਦੇਣ ਦੀ ਸਲਾਹ ਦਿੱਤੀ। ਬੇਹੀਆਂ ਚੀਜਾਂ ਜਾਂ ਖਾਧ- ਖੁਰਾਕ ਤੋਂ ਬਚਣਾ ਚਾਹੀਦਾ ਹੈ ਅਤੇ ਘਰੇਲੂ ਤਾਜ਼ੀਆਂ ਚੀਜ਼ਾਂ ਵਰਤਣੀਆਂ ਚਾਹੀਦੀਆਂ ਹਨ। ਦਸਤ ਦੇ ਲੱਛਣ ਆਉਣ ’ਤੇ ਤੁਰੰਤ ਬਿਨਾਂ ਦੇਰੀ ਕੀਤੇ ਨਜ਼ਦੀਕੀ ਸਿਹਤ ਕੇਂਦਰ ਜਾਂ ਹਸਪਤਾਲ ਜਾਣਾ ਚਾਹੀਦਾ ਹੈ। ਇਸ ਮੌਕੇ ਸਿਹਤ ਸੁਪਰਵਾਈਜਰ, ਸਿਹਤ ਕਰਮੀ ਅਤੇ ਆਸ਼ਾ ਵਰਕਰ ਹਾਜਰ ਸਨ।