ਮਨਰੇਗਾ ਵਰਕਰਾਂ ਵੱਲੋਂ ਸੰਘਰਸ਼ ਦੀ ਰਣਨੀਤੀ ਉਲੀਕਣ ਲਈ ਜੋਨਲ ਕਨਵੈਨਸ਼ਨ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 15ਜੂਨ 2025: 'ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ' ਦੀ ਦੱਖਣੀ ਮਾਲਵਾ ਜ਼ੋਨ ਦੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਆਤਮਾ ਰਾਮ ਸਰਦੂਲਗੜ੍ਹ (ਮਾਨਸਾ), ਜੱਗਾ ਸਿੰਘ ਖੂਹੀਆਂ ਸਰਵਰ (ਫਾਜ਼ਿਲਕਾ), ਗੁਰਤੇਜ ਸਿੰਘ ਹਰੀ ਨੌ (ਫਰੀਦਕੋਟ), ਭੋਲਾ ਸਿੰਘ ਕਲਾਲ ਮਾਜਰਾ (ਬਰਨਾਲਾ) ਮਨਪ੍ਰੀਤ ਕੌਰ (ਬਠਿੰਡਾ) ਦੀ ਪ੍ਰਧਾਨਗੀ ਹੇਠ ਵਿਖੇ ਹੋਈ।
ਮੀਟਿੰਗ ਨੂੰ ਸੰਬੋਧਨ ਕਰਨ ਲਈ ਸੂਬਾਈ ਕੋ-ਆਰਡੀਨੇਟਰ ਸਾਥੀ ਮਹੀਪਾਲ, ਸੀਟੀਯੂ ਪੰਜਾਬ ਦੇ ਸਕੱਤਰ ਲਾਲ ਚੰਦ ਸਰਦੂਲਗੜ੍ਹ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸਹਾਇਕ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ(ਐਸ.ਬੀ.ਵਾਈ.ਐਫ.) ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ. ) ਦੇ ਕੋ-ਕਨਵੀਨਰ ਰਵਿੰਦਰ ਰਵੀ ਉਚੇਚੇ ਪਹੁੰਚੇ।
ਇਸ ਮੌਕੇ 11 ਜੁਲਾਈ, 2025 ਨੂੰ ਬਠਿੰਡਾ ਵਿਖੇ ਹੋਣ ਜਾ ਰਹੀ ਮਨਰੇਗਾ ਕਿਰਤੀਆਂ ਦੀ ਜ਼ੋਨਲ ਕਨਵੈਨਸ਼ਨ ਦੀ ਕਾਮਯਾਬੀ ਲਈ ਵਿਉਂਤਬੰਦੀ ਕੀਤੀ ਗਈ ਤੇ ਜਿਲ੍ਹੇਵਾਰ ਕੋਟੇ ਵੰਡੇ ਗਏ। ਕੇਂਦਰੀ ਟਰੇਡ ਯੂਨੀਅਨਾਂ ਤੇ ਆਜ਼ਾਦ ਫੈਡਰੇਸ਼ਨਾਂ ਦੇ ਸੱਦੇ 'ਤੇ ਆਉਣ ਵਾਲੀ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਪਿੰਡਾਂ-ਸ਼ਹਿਰਾਂ ਅੰਦਰ ਜਨਤਕ ਮੀਟਿੰਗਾਂ ਕਰਨ ਦਾ ਫੈਸਲਾ ਲਿਆ ਗਿਆ। ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਜਾਰੀ ਕੀਤਾ ਗਿਆ ਕਿਰਤੀ ਮਾਰੂ ਨੋਟੀਫਿਕੇਸ਼ਨ ਰੱਦ ਕਰਵਾਉਣ 21 ਜੂਨ 2025 ਨੂੰ ਪਿੰਡ-ਪਿੰਡ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣ ਦਾ ਨਿਰਣਾ ਲਿਆ ਗਿਆ ਹੈ।
ਆਗੂਆਂ ਨੇ ਦੱਸਿਆ ਕਿ 17 ਜੂਨ ਨੂੰ ਫਲਸਤੀਨੀਆਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਤੇ ਇਜ਼ਰਾਇਲ-ਅਮਰੀਕਾ ਜੰਗਬਾਜ਼ ਜੁੰਡਲੀ ਖਿਲਾਫ਼ ਬਠਿੰਡਾ, ਸਰਦੂਲਗੜ੍ਹ, ਮਹਿਲ ਕਲਾਂ, ਕੋਟਕਪੂਰਾ, ਅਬੋਹਰ ਵਿਖੇ ਰੋਡ ਸ਼ੋਅ ਕਰਨ ਦਾ ਐਲਾਨ ਕੀਤਾ ਗਿਆ ਹੈ।