ਮਜੀਠਾ ਕਾਂਡ: ਡੁਲ੍ਹਿਆ ਗ਼ਰੀਬਾਂ ਦਾ ਖ਼ੂਨ, ਜ਼ਹਿਰੀਲੀ ਸ਼ਰਾਬ ਨੇ ਉਜਾੜੇ ਘਰ - ਬ੍ਰਹਮਪੁਰਾ
- ਖਡੂਰ ਸਾਹਿਬ 'ਚ ਵੀ ਮਜੀਠੇ ਵਰਗਾ ਹਾਲ, ਨਸ਼ਾ ਨੌਜਵਾਨੀ ਨੂੰ ਖਾ ਰਿਹੈ - ਬ੍ਰਹਮਪੁਰਾ
- ਨਕਲੀ ਸ਼ਰਾਬ ਮੌਤਾਂ: ਬ੍ਰਹਮਪੁਰਾ ਦੀ ਕੇਂਦਰ ਨੂੰ ਸੀਬੀਆਈ ਜਾਂਚ ਦੀ ਜ਼ੋਰਦਾਰ ਮੰਗ
ਤਰਨ ਤਾਰਨ 13 ਮਈ 2025: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ, ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਆਪਣੇ ਹਲਕੇ ਦੇ ਦੌਰੇ ਦੌਰਾਨ ਪਿੰਡ ਤੁੜ ਵਿਖੇ ਮੀਡੀਆ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਮਜੀਠਾ ਵਿਖੇ ਨਕਲੀ ਸ਼ਰਾਬ ਕਾਰਨ ਹੋਈਆਂ 17 ਮੌਤਾਂ ਦੀ ਘਟਨਾ ਨੂੰ 'ਸਰਕਾਰੀ ਕਤਲ' ਕਰਾਰ ਦਿੰਦਿਆਂ ਪੰਜਾਬ ਦੀ 'ਆਪ' ਸਰਕਾਰ 'ਤੇ ਜ਼ਬਰਦਸਤ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇਹ ਘਟਨਾ ਸਰਕਾਰ ਦੀ ਅਪਰਾਧਿਕ ਲਾਪਰਵਾਹੀ ਅਤੇ ਨਸ਼ਾ ਮਾਫ਼ੀਆ ਨਾਲ ਗੰਢਤੁੱਪ ਦਾ ਸਿੱਟਾ ਹੈ, ਜਿਸ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਹੈ।
ਸ੍ਰ. ਬ੍ਰਹਮਪੁਰਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਜੋ ਦੁਖਾਂਤ ਅੱਜ ਮਜੀਠਾ ਵਿੱਚ ਵਾਪਰਿਆ ਹੈ, ਉਹੀ ਖਡੂਰ ਸਾਹਿਬ ਅਤੇ ਨਾਲ ਲੱਗਦੇ ਸਰਹੱਦੀ ਹਲਕਿਆਂ ਵਿੱਚ ਸ਼ਰੇਆਮ ਹੈ। ਨਸ਼ਿਆਂ ਦਾ ਕਹਿਰ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ, ਪਰ ਸਰਕਾਰ ਬੇਖ਼ਬਰ ਹੋਣ ਦਾ ਨਾਟਕ ਕਰ ਰਹੀ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ, "ਅਸੀਂ ਕਈ ਦਿਨਾਂ ਤੋਂ ਮੁੱਖ ਮੰਤਰੀ ਜੀ ਨੂੰ ਖਡੂਰ ਸਾਹਿਬ ਅਤੇ ਨਾਲ ਲੱਗਦੇ ਸਰਹੱਦੀ ਹਲਕਿਆਂ, ਖ਼ਾਸ ਕਰਕੇ ਭਾਰਤ-ਪਾਕਿਸਤਾਨ ਦੇ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ, ਇੱਥੋਂ ਦੇ ਨਾਜ਼ੁਕ ਹਾਲਾਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਸੀ। ਪਰ 'ਆਪ' ਸਰਕਾਰ ਦਾ ਪ੍ਰਸ਼ਾਸਨ ਨਾ ਸਿਰਫ਼ ਸੁਹਿਰਦ ਨਹੀਂ ਹੈ, ਸਗੋਂ ਸਰਹੱਦੀ ਖੇਤਰਾਂ ਦੀ ਸੁਰੱਖਿਆ ਅਤੇ ਨਸ਼ਿਆਂ ਦੀ ਰੋਕਥਾਮ ਲਈ ਕੋਈ ਠੋਸ ਇੰਤਜ਼ਾਮ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ।
ਬ੍ਰਹਮਪੁਰਾ ਨੇ 'ਆਪ' ਸਰਕਾਰ ਵੱਲੋਂ ਚਲਾਈ ਗਈ 'ਨਸ਼ਿਆਂ ਵਿਰੁੱਧ ਮੁਹਿੰਮ' ਨੂੰ ਇੱਕ "ਨਿਰਾ ਦਿਖਾਵਾ ਅਤੇ ਫ਼ੋਕਾ ਪ੍ਰਚਾਰ" ਕਰਾਰ ਦਿੰਦਿਆਂ ਕਿਹਾ, "ਇਹ ਕਾਰਵਾਈ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ। ਇਹ ਸਿਰਫ਼ ਇੱਕ ਮਾਮਲਾ ਨਹੀਂ, 'ਆਪ' ਸਰਕਾਰ ਤਾਂ ਹਰ ਪੱਖੋਂ ਫੇਲ੍ਹ ਸਾਬਤ ਹੋਈ ਹੈ। ਮੰਨਦੇ ਹਾਂ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਪਹਿਲਾਂ ਕਾਂਗਰਸ ਦੇ ਰਾਜ ਦੌਰਾਨ ਵੀ ਵਾਪਰੀਆਂ ਸਨ, ਪਰ 'ਆਪ' ਸਰਕਾਰ ਨੇ ਤਾਂ ਬਰਬਾਦੀ ਦੀਆਂ ਸਾਰੀਆਂ ਸੀਮਾਵਾਂ ਟੱਪ ਦਿੱਤੀਆਂ ਹਨ। ਆਮ ਆਦਮੀ ਪਾਰਟੀ ਦੀ ਅਗਵਾਈ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਅਤੇ ਸੂਬੇ ਨੂੰ ਬੁਰੀ ਤਰ੍ਹਾਂ ਉਜਾੜ ਕੇ ਰੱਖ ਦਿੱਤਾ ਹੈ।
ਉਨ੍ਹਾਂ ਨੇ ਹੋਰ ਵੀ ਤਿੱਖੇ ਸ਼ਬਦਾਂ ਵਿੱਚ ਆਪਣੀ ਗੱਲ ਰੱਖਦਿਆਂ ਆਖਿਆ, "ਮੁੱਖ ਮੰਤਰੀ ਤਾਂ ਸਿਰਫ਼ ਇੱਕ ਕਠਪੁਤਲੀ ਹਨ, ਅਸਲੀ ਸੂਤਰਧਾਰ ਕੋਈ ਹੋਰ ਹੈ ਜੋ ਦਿੱਲੀ ਵਿੱਚ ਬੈਠਾ ਹੈ। ਉਹ ਜੋ ਦਿੱਲੀ ਵਿੱਚ ਹਾਰ ਦਾ ਮੂੰਹ ਦੇਖ ਚੁੱਕੇ ਹਨ, ਹੁਣ ਪੰਜਾਬ ਨੂੰ ਲੁੱਟਣਾ ਚਾਹੁੰਦੇ ਹਨ। ਇਹ ਮੌਤਾਂ ਨਹੀਂ, ਇਹ ਸਿੱਧੇ ਤੌਰ 'ਤੇ ਕਤਲ ਹਨ, ਜਿਨ੍ਹਾਂ ਲਈ ਸਿੱਧੇ ਤੌਰ 'ਤੇ 'ਆਪ' ਸਰਕਾਰ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ। ਇਹ ਪੂਰੇ ਪ੍ਰਸ਼ਾਸਨ ਦੀ ਵੱਡੀ ਅਸਫ਼ਲਤਾ ਸਾਬਤ ਹੋਈ ਹੈ। ਸਾਡੀ ਸਪੱਸ਼ਟ ਮੰਗ ਹੈ ਕਿ ਸਾਰੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਤੁਰੰਤ ਹਟਾਇਆ ਜਾਵੇ, ਐਕਸਾਈਜ਼ ਮੰਤਰੀ ਨੂੰ ਫੌਰੀ ਤੌਰ 'ਤੇ ਅਸਤੀਫ਼ਾ ਦੇਣਾ ਚਾਹੀਦਾ ਹੈ, ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਿਨਾਂ ਦੇਰੀ 25-25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਬ੍ਰਹਮਪੁਰਾ ਨੇ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਅਤੇ ਪੰਜਾਬ ਭਰ ਵਿੱਚ ਨਕਲੀ ਸ਼ਰਾਬ ਅਤੇ ਨਸ਼ਿਆਂ ਕਾਰਨ ਹੋਈਆਂ ਅਣਗਿਣਤ ਮੌਤਾਂ ਦੀ ਗਿਣਤੀ ਦਾ ਪਤਾ ਲਗਾਉਣ ਲਈ ਕੇਂਦਰ ਸਰਕਾਰ ਨੂੰ ਤੁਰੰਤ ਇੱਕ ਉੱਚ-ਪੱਧਰੀ ਨਿਰਪੱਖ ਏਜੰਸੀ, ਜਿਵੇਂ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਜਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸੱਚਾਈ ਲੋਕਾਂ ਸਾਹਮਣੇ ਆ ਸਕੇ ਅਤੇ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਵੱਡੇ ਮਗਰਮੱਛਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁੱਦੇ 'ਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਮੀਡੀਆ ਵਿੱਚ ਮਸ਼ਹੂਰ ਹੋਣ ਦੇ ਨਵੇਂ-ਨਵੇਂ ਜ਼ਰੀਏ ਲੱਭਦੀ ਰਹਿੰਦੀ ਹੈ, ਪਰ ਪੰਜਾਬ ਦੇ ਲੋਕ ਹੁਣ ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿੱਚ ਆਉਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ 'ਆਪ' ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦਾ ਪਰਦਾਫਾਸ਼ ਕਰਦਾ ਰਹੇਗਾ ਤਾਂ ਜੋ ਪੂਰੀ ਦੁਨੀਆਂ ਨੂੰ ਪੰਜਾਬ ਦੀ ਅਸਲ ਸਥਿਤੀ ਤੋਂ ਜਾਣੂੰ ਕਰਵਾਇਆ ਜਾ ਸਕੇ।
ਇਸ ਮੌਕੇ ਜਦੋਂ ਰਵਿੰਦਰ ਸਿੰਘ ਬ੍ਰਹਮਪੁਰਾ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਨਾਲ ਇਲਾਕੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਬ੍ਰਹਮਪੁਰਾ ਵੱਲੋਂ ਚੁੱਕੇ ਗਏ ਮੁੱਦਿਆਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਦੇ ਵਿਚਾਰਾਂ ਨਾਲ ਪੂਰਨ ਸਹਿਮਤੀ ਜਤਾਈ। ਇਸ ਮੌਕੇ ਦਿਆਲ ਸਿੰਘ ਸਰਪੰਚ ਤੁੜ, ਗੁਰਦਿਆਲ ਸਿੰਘ ਪ੍ਰਧਾਨ ਸਾਬਕਾ ਸਰਪੰਚ, ਨਿਰਮਲ ਸਿੰਘ ਮੈਂਬਰ ਪੰਚਾਇਤ, ਡਾ: ਸੁਖਦੇਵ ਸਿੰਘ ਆਦਿ ਹਾਜ਼ਰ ਸਨ।