ਬਰਨਾਲਾ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਚੱਲੀਆਂ ਗੋਲੀਆਂ
ਕਮਲਜੀਤ ਸਿੰਘ
ਬਰਨਾਲਾ : ਬਰਨਾਲਾ ਵਿੱਚ ਅੱਜ ਸਵੇਰੇ ਇਕ ਵੱਡੀ ਘਟਨਾ ਵਾਪਰੀ ਜਦੋਂ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਇਹ ਮੁਕਾਬਲਾ ਬਰਨਾਲਾ-ਮੋਗਾ ਹਾਈਵੇਅ 'ਤੇ ਪਿੰਡ ਵਿਧਾਤਾ ਲਿੰਕ ਰੋਡ 'ਤੇ ਨਾਕਾਬੰਦੀ ਦੌਰਾਨ ਵਾਪਰਿਆ। ਦੋਵਾਂ ਪਾਸਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਇਸ ਮੁਕਾਬਲੇ ਦੌਰਾਨ ਬਦਨਾਮ ਗੈਂਗਸਟਰ ਲਵਪ੍ਰੀਤ ਸਿੰਘ ਉਰਫ਼ ਜੰਡੋ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਕਿ ਸੁੱਖਾ ਧੁੰਨਾ ਗੈਂਗ ਨਾਲ ਸੰਬੰਧਤ ਹੈ।
ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਅਨੁਸਾਰ, ਇਹ ਗੈਂਗਸਟਰ ਕਤਲ, ਜਬਰਨ ਵਸੂਲੀ ਅਤੇ ਲੁੱਟ ਸਮੇਤ ਕਈ ਗੰਭੀਰ ਮਾਮਲਿਆਂ ਵਿੱਚ ਦੋਸ਼ੀ ਹੈ ਅਤੇ ਇੱਕ ਮਾਮਲੇ ਵਿੱਚ ਭਗੌੜਾ ਵੀ ਸੀ। ਪੁਲਿਸ ਨੂੰ ਖ਼ਾਸ ਜਾਣਕਾਰੀ ਮਿਲਣ 'ਤੇ ਨਾਕਾਬੰਦੀ ਕੀਤੀ ਗਈ ਸੀ। ਜਦੋਂ ਲਵਪ੍ਰੀਤ ਨੇ ਪੁਲਿਸ ਨੂੰ ਦੇਖਿਆ ਤਾਂ ਉਸਨੇ ਮੋਟਰਸਾਈਕਲ 'ਤੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ 'ਚ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਮੁਕਾਬਲੇ ਦੌਰਾਨ ਇੱਕ ਗੋਲੀ ਪੁਲਿਸ ਦੀ ਗੱਡੀ ਨੂੰ ਵੀ ਲੱਗੀ, ਪਰ ਕਿਸੇ ਪੁਲਿਸ ਮੁਲਾਜ਼ਮ ਨੂੰ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਗੈਂਗਸਟਰ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਲਵਪ੍ਰੀਤ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਗੈਂਗ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।