ਬਠਿੰਡਾ ਦੀਆਂ ਸਾਹਿਤਕ ਜਥੇਬੰਦੀਆਂ ਨੇ ਕੌਮਾਂਤਰੀ ਪੰਜਾਬੀ ਮਾਂ ਬੋਲੀ ਸਬੰਧੀ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 21 ਫਰਵਰੀ 2026 : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ ) ਵੱਲੋਂ ਸਥਾਨਕ ਟੀਚਰਜ਼ ਹੋਮ ਵਿਖੇ ਪੰਜਾਬੀ ਮਾਂ ਬੋਲੀ ਸੰਬੰਧੀ ਸਮਾਗਮ ਕਰਵਾਇਆ। ਉੱਘੇ ਚਿੰਤਕ ਗੁਰਦੇਵ ਖੋਖਰ, ਲਛਮਣ ਸਿੰਘ ਮਲੂਕਾ, ਸੁਖਵਿੰਦਰ ਜੀਦਾ ਅਤੇ ਨਾਵਲਕਾਰ ਜਸਪਾਲ ਮਾਨਖੇੜਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਪ੍ਰਗਤੀਸ਼ੀਲ ਲੇਖਕ ਸੰਘ ਦੇ ਅਹੁਦੇਦਾਰ ਦਮਜੀਤ ਦਰਸ਼ਨ ਨੇ ਸਮੂਹ ਹਾਜਰੀਨ ਨੂੰ ਜੀ ਆਇਆ ਨੂੰ ਕਿਹਾ। ਉਹਨਾਂ ਅੱਗੇ ਕਿਹਾ ਕਿ ਇਸ ਖਤਰਨਾਕ ਦੌਰ ਵਿੱਚ ਭਾਸ਼ਾ ਉੱਪਰ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹੈ।ਪ੍ਰੋਗਰਾਮ ਦਾ ਆਗਾਜ਼ ਕਾਵਿਕ ਮਹਿਫਲ ਨਾਲ਼ ਹੋਇਆ। ਡਾ ਅੰਮ੍ਰਿਤਪਾਲ ਨੇ ' ਮੇਰੇ ਸੀਨੇ ਦੇ ਵਿੱਚ ਧੜਕਦੀ ਮੇਰੀ ਮਾਂ ਪੰਜਾਬੀ ਬੋਲੀ ' ਅਤੇ ਅਮਨ ਦਾਤੇਵਾਸੀਆ ਨੇ ' ਮਾਂ ਬੋਲੀ ਨੂੰ ਜੇ ਤੁਸੀਂ ਭੁੱਲ ਜਾਉੰਗੇ ਆਪਣੀ ਧਰਤੀ ਉੱਤੇ ਗੈਰ ਕਹਾਉੰਗੇ ' ਅਤੇ ਜਗਸੀਰ ਜੀਦਾ ਨੇ ' ਮਾਂ ਬੋਲੀ ਨੂੰ ਭੁੱਲਣ ਵਾਲਿਓ ਕੁਝ ਤਾਂ ਸੋਚ ਵਿਚਾਰ ਕਰੋ 'ਮਾਂ ਬੋਲੀ ਦੀ ਉਸਤਤ ਵਿੱਚ ਤਰੰਨਮ ਵਿੱਚ ਰਚਨਾਵਾਂ ਪੇਸ ਕਰਕੇ ਖੂਬ ਰੰਗ ਬੰਨ੍ਹਿਆ।
ਜਸਪਾਲ ਮਾਨਖੇੜਾ ਨੇ ਬੰਗਲਾਦੇਸ਼ ਦੇ ਵਿਦਿਆਰਥੀਆਂ ਵੱਲੋਂ ਮਾਤ ਭਾਸ਼ਾ ਸੰਬੰਧੀ ਕੀਤੇ ਸ਼ਾਨਾਮੱਤੀ ਸ਼ੰਘਰਸ਼ ਦੇ ਪਿਛੋਕੜ ਤੇ ਚਾਨਣਾ ਪਾਇਆ। ਉਹਨਾਂ ਅੱਗੇ ਕਿਹਾ ਕਿ ਭਾਸ਼ਾ ਦਿਵਸ ਮਨਾਉਣ ਦਾ ਅਸਲ ਮਨੋਰਥ ਅਤੇ ਇਸ ਦੀ ਮਹੱਤਤਾ ਨੂੰ ਸਮਝ ਕੇ ਹੀ ਇਸਦੀ ਵੱਖਰਤਾ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਅਦਾਰਾ ਟੀਚਰਜ਼ ਹੋਮ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਦੱਸਿਆ ਕਿ ਭਾਸ਼ਾ ਦਾ ਆਰੰਭ 20 ਲੱਖ ਸਾਲ ਪਹਿਲਾਂ ਹੋਇਆ ਅਤੇ 7000 ਦੇ ਲੱਗਭੱਗ ਭਾਸ਼ਾਵਾਂ ਪੂਰੇ ਸੰਸਾਰ ਵਿੱਚ ਬੋਲੀਆਂ ਜਾਂਦੀਆਂ ਹਨ। ਯੁਨੇਸਕੋ ਵੱਲੋਂ ਪੰਜਾਬੀ ਭਾਸ਼ਾ ਦੇ ਖਤਮ ਹੋਣ ਦੇ ਸ਼ੰਕੇ ਜਾਹਰ ਕੀਤੇ ਹਨ। ਤਕਰੀਬਨ 110 ਮੁਲਕਾਂ ਦੇ 14 ਕਰੋੜ ਪੰਜਾਬੀ ਇਸ ਨੂੰ ਕਾਇਮ ਰੱਖਣ ਅਤੇ ਇਸਨੂੰ ਰੋਜਗਾਰ ਦੀ ਭਾਸ਼ਾ ਬਨਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਸੁਖਵਿੰਦਰ ਜੀਦਾ ਨੇ ਸਮੂਹ ਹਾਜ਼ਰੀਨ ਦਾ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰਨ ਤੇ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਰਣਬੀਰ ਰਾਣਾ, ਰਮੇਸ਼ ਗਰਗ, ਦਿਲਬਾਗ ਸਿੰਘ, ਤੇਜਾ ਸਿੰਘ ਪ੍ਰੇਮੀ, ਅਰਸ਼ ਬਿੰਦੂ, ਅਵਤਾਰ ਬਾਹੀਆ ਅਤੇ ਭੋਲਾ ਸਿੰਘ ਪੰਛੀ ਮੌਜੂਦ ਸਨ।
Click to Follow Babushahi Facebook page →