ਫੁੱਲਾਂ ਅਤੇ ਡਰੈਗਨ ਫਰੂਟ ਦੀ ਖੇਤੀ ਕਰਕੇ ਕਿਸਾਨ ਚਮਕੌਰ ਸਿੰਘ ਨੇ ਸੁਧਾਰੀ ਆਪਣੀ ਆਰਥਿਕਤਾ
ਅਸ਼ੋਕ ਵਰਮਾ
ਬਠਿੰਡਾ, 20 ਜੂਨ 2025 : ਅਗਾਂਹ ਵਧੂ ਸੋਚ ਅਤੇ ਵਾਤਾਵਰਨ ਦੇ ਰਖਵਾਲੇ ਕਿਸਾਨਾਂ ਵੱਲੋਂ ਜਿੱਥੇ ਆਪਣੀ ਆਮਦਨ ਦੇ ਸਰੋਤਾਂ ਨੂੰ ਹੋਰ ਵਧਾਉਣ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਵੱਖ-ਵੱਖ ਆਧੁਨਿਕ ਤਰੀਕਿਆਂ ਦੇ ਨਾਲ ਖੇਤੀ ਕੀਤੀ ਜਾਂਦੀ ਹੈ ਉੱਥੇ ਹੀ ਜ਼ਿਲ੍ਹੇ ਦੇ ਪਿੰਡ ਪੂਹਲੀ ਦੇ ਕਿਸਾਨ ਚਮਕੌਰ ਸਿੰਘ ਵੱਲੋਂ ਲਗਭਗ 22 ਏਕੜ ਵਿੱਚ ਵੱਖ ਵੱਖ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ ਜਿਸ ਤੋਂ ਉਹ ਕਾਫੀ ਮੁਨਾਫਾ ਕਮਾ ਰਿਹਾ ਹੈ।
ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਅਗਾਂਹ ਵਧੂ ਸੋਚ ਦੇ ਮਾਲਕ ਕਿਸਾਨ ਚਮਕੌਰ ਸਿੰਘ ਵੱਲੋਂ ਸਾਲ 2022 'ਚ ਇੱਕ ਕਨਾਲ ਵਿੱਚ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਸੀ, ਜੋ ਕਿ ਉਸ ਨੇ ਹੌਲੀ-ਹੌਲੀ ਵਧਾ ਕੇ ਸਾਲ 2025 ਤੱਕ ਤਿੰਨ ਏਕੜ ਦੇ ਲਗਭਗ ਕਰ ਲਈ ਹੈ ਜਿਸ ਨਾਲ ਉਸ ਨੂੰ ਕਾਫੀ ਜ਼ਿਆਦਾ ਲਾਭ ਹੋਇਆ ਹੈ।
ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਕਿਸਾਨ ਚਮਕੌਰ ਸਿੰਘ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਤਿੰਨ ਏਕੜ ਰਕਬੇ ਵਿੱਚ ਫੁੱਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ, ਜਿਸ ਵਲੋਂ ਸਰਦ ਰੁੱਤ ਵਿੱਚ ਲਗਭਗ ਪੰਜ ਤੋਂ ਛੇ ਮਹੀਨਿਆਂ ਵਿੱਚ ਫੁੱਲਾਂ ਦਾ ਬੀਜ ਤਿਆਰ ਕਰਕੇ ਵੇਚਿਆ ਜਾਂਦਾ ਹੈ ਜਿਸ ਦੀ ਆਮਦਨ ਲਗਭਗ 70 ਤੋਂ 75 ਹਜਾਰ ਪ੍ਰਤੀ ਏਕੜ ਹੋ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਕਿਸਾਨ ਵੱਲੋਂ ਲਗਭਗ 20x20 ਫੁੱਟ ਦੇ ਦੋ ਪਲਾਟਾਂ ਵਿੱਚ ਗੰਡੋਆ ਦੀ ਖਾਦ ਵੀ ਤਿਆਰ ਕੀਤੀ ਜਾਂਦੀ ਹੈ ਜੋ ਕਿ ਉਸ ਵਲੋਂ ਆਪਣੇ ਖੇਤਾਂ ਵਿੱਚ ਹੀ ਵਰਤ ਲਈ ਜਾਂਦੀ ਹੈ, ਜਿਸ ਨਾਲ ਫ਼ਸਲ ਨੂੰ ਕਾਫੀ ਜ਼ਿਆਦਾ ਲਾਭ ਹੁੰਦਾ ਹੈ।
ਕਿਸਾਨ ਚਮਕੌਰ ਸਿੰਘ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਉਨਾਂ ਹੋਰ ਨਾ ਕਿਸਾਨਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਉਸ ਨੂੰ ਜ਼ਮੀਨ ਵਿੱਚ ਹੀ ਮਿਲਾਉਣ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹੇਗੀ ਅਤੇ ਫਸਲ ਦੇ ਝਾੜ ਵਿੱਚ ਵੀ ਵਾਧਾ ਹੋਵੇਗਾ।