ਪੰਜਾਬ ਸਰਕਾਰ ਵੱਲੋਂ 6 ਖੇਡ ਨਰਸਰੀਆਂ ਸਥਾਪਤ, ਕੋਚਾਂ ਦੀ ਨਿਯੁਕਤੀ
- ਡਿਪਟੀ ਕਮਿਸ਼ਨਰ ਵੱਲੋਂ ਕੋਚਾਂ ਨੂੰ ਵਧਾਈ, ਖਿਡਾਰੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਦਾ ਸੱਦਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 17 ਜੂਨ, 2025 - ਸ਼ਹੀਦ ਭਗਤ ਸਿੰਘ ਨਗਰ, 17 ਜੂਨ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਹੋਰ ਉਤਸਾਹਿਤ ਕਰਨ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਪਸੰਦੀਦਾ ਖੇਡਾਂ ਨਾਲ ਜੋੜਨ ਲਈ ਸਥਾਪਤ ਕੀਤੀਆਂ ਜਾ ਰਹੀਆਂ ਖੇਡ ਨਰਸਰੀਆਂ ਤਹਿਤ ਜਿਲ੍ਹੇ ਵਿੱਚ ਛੇ ਖੇਡ ਨਰਸਰੀਆਂ ਬਣਾਇਆ ਗਈਆਂ ਹਨ ਜੋ ਐਥਲਟਿਕਸ, ਫੁੱਟਬਾਲ, ਵਾਲੀਵਾਲ, ਕੁਸ਼ਤੀ ਅਤੇ ਬੈਡਮਿੰਟਨ ਦੇ ਖਿਡਾਰੀਆਂ ਲਈ ਵਰਦਾਨ ਸਾਬਤ ਹੋਣਗੀਆਂ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਖੇਡ ਨਰਸਰੀਆਂ ਦੀ ਸਥਾਪਤੀ ਅਤੇ ਕੋਚਾਂ ਦੀ ਨਿਯੁਕਤੀ ‘ਤੇ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਵਿੱਚ ਕੋਚਾਂ ਦੀ ਮੁਹਾਰਤ ਦੀ ਵਿਸ਼ੇਸ਼ ਭੂਮਿਕਾ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜਿਲ੍ਹੇ ਅੰਦਰ ਖੇਡ ਨਰਸਰੀਆਂ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੁਕਾਬਲਿਆਂ ਦੇ ਯੋਗ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨਗਿਆਂ । ਉਨ੍ਹਾਂ ਨੇ ਕੋਚਾਂ ਨੂੰ ਸੱਦਾ ਦਿੱਤਾ ਕਿ ਜਿਲ੍ਹੇ ਦੇ ਖਿਡਾਰੀਆਂ ਨੂੰ ਇਨ੍ਹਾਂ ਨਰਸਰੀਆਂ ਦਾ ਭਰਪੂਰ ਲਾਭ ਯਕੀਨੀ ਬਣਾਇਆ ਜਾਵੇ।
ਪੰਜਾਬ ਸਰਕਾਰ ਵੱਲੋਂ ਜਿਲ੍ਹੇ ਨੂੰ ਦਿੱਤੀਆਂ ਛੇ ਖੇਡ ਨਰਸਰੀਆਂ ਬਾਰੇ ਜਾਣਕਾਰੀ ਦਿੰਦੀਆਂ ਜਿਲ੍ਹਾ ਖੇਡ ਅਫਸਰ ਵੰਦਨਾ ਚੋਹਾਨ ਨੇ ਦੱਸਿਆ ਕਿ ਇਨ੍ਹਾਂ ਨਰਸਰੀਆਂ ਲਈ ਤਾਇਨਾਤ ਕੀਤੇ ਕੋਚਾਂ ਵੱਲੋਂ ਆਪਣੀ ਡਿਊਟੀ ਸੰਭਾਲ ਲਈ ਗਈ ਹੈ ਜਿਨ੍ਹਾਂ ਦੀ ਮੁਹਾਰਤ ਦਾ ਖਿਡਾਰੀਆਂ ਨੂੰ ਬੇਹਦ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਜਗਤਪੁਰ ਵਿਖੇ ਖੇਡ ਨਰਸਰੀ ਲਈ ਫੁੱਟਬਾਲ ਕੋਚ ਸਤਵੀਰ ਸਿੰਘ, ਪਿੰਡ ਥੋਪੀਆਂ ਵਿਖੇ ਵਾਲੀਬਾਲ ਕੋਚ ਮਨਪ੍ਰੀਤ ਸਿੰਘ, ਬੈਡਮਿੰਟਨ ਹਾਲ ਨਵਾਂਸਹਿਰ ਵਿਖੇ ਕੋਚ ਰਮਨਦੀਪ ਸਿੰਘ, ਪਿੰਡ ਰਾਏਪੁਰ ਡੱਬਾ ਵਿਖੇ ਕੁਸ਼ਤੀ ਕੋਚ ਜਸਪ੍ਰੀਤ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖੇਡ ਨਰਸਰੀਆਂ ਲਈ ਸੁਪਰਵਾਇਜਰ ਵੀ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਨਰਸਰੀਆਂ ਦੀ ਸਮੁੱਚੀ ਪ੍ਰਕਿਰਿਆ ਦੀ ਨਜ਼ਰਸਾਨੀ ਕੀਤੀ ਜਾ ਸਕੇ। ਇਸ ਦੌਰਾਨ ਕੋਚਾਂ ਨੇ ਵੀ ਆਪਣੀ ਡਿਊਟੀ ਪੂਰੀ ਲਗਨ, ਮਿਹਨਤ ਅਤੇ ਸਮਰਪਨ ਭਾਵਨਾ ਨਾਲ ਨਿਭਾਉਣ ਦੀ ਵਚਨਬੱਧਤਾ ਦੁਹਰਾਈ।