ਪੰਜਾਬ ਸਰਕਾਰ ਨੇ ਸੂਬੇ ਵਿੱਚ ਉਦਯੋਗ ਪੱਖੀ ਮਾਹੌਲ ਸਿਰਜਿਆ - ਰਮਨ ਬਹਿਲ
- ਉਦਯੋਗਾਂ ਨੂੰ ਹੁਣ ਹਰ ਸਾਲ ਨਹੀਂ ਲੈਣਾ ਹੋਵੇਗਾ ਫਾਇਰ ਐਨਓਸੀ
ਰੋਹਿਤ ਗੁਪਤਾ
ਗੁਰਦਾਸਪੁਰ, 2 ਜੁਲਾਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗ ਪੱਖੀ ਮਾਹੌਲ ਸਿਰਜਣ ਲਈ ਲਗਾਤਾਰ ਕੰਮ ਕਰ ਰਹੀ ਹੈ ਜਿਸਦੇ ਹਾਂ ਪੱਖੀ ਨਤੀਜੇ ਵੀ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਰਾਜ ਵਿੱਚ ਅੱਗ ਬੁਝਾਊ ਸੇਵਾਵਾਂ ਨੂੰ ਆਧੁਨਿਕ ਬਣਾਉਣ ਅਤੇ ਉਦਯੋਗਾਂ ਲਈ ਸੌਖ ਨਾਲ ਕਾਰੋਬਾਰ ਕਰਨ ਦੀ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਉਣ ਲਈ ਅਹਿਮ ਕਦਮ ਚੁੱਕੇ ਹਨ। ਉਦਯੋਗਾਂ ਅਤੇ ਆਮ ਨਾਗਰਿਕਾਂ ਲਈ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ, 2024 ਲਾਗੂ ਕੀਤਾ ਗਿਆ ਹੈ। ਉਦਯੋਗਿਕ ਇਮਾਰਤਾਂ ਦੀ ਆਗਿਆਯੋਗ ਉਚਾਈ ਹੁਣ 18 ਮੀਟਰ ਤੋਂ ਵਧਾ ਕੇ 21 ਮੀਟਰ ਤੱਕ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਸਾਝੀ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਬੀਤੀ 27 ਜੂਨ ਨੂੰ ਡਾਇਰੈਕਟੋਰੇਟ ਆਫ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਸਿਜ਼ (ਸਥਾਨਕ ਸਰਕਾਰਾਂ ਵਿਭਾਗ) ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ ਵੱਖ-ਵੱਖ ਉਦਯੋਗਾਂ ਦੇ ਜੋਖਮ ਵਰਗੀਕਰਨ ਦੇ ਆਧਾਰ ’ਤੇ ਕਈ ਉਦਯੋਗਾਂ ਦੀ ਫਾਇਰ ਸੇਫਟੀ ਐਨ.ਓ.ਸੀ. ਦੀ ਵੈਧਤਾ 1 ਸਾਲ ਤੋਂ ਵਧਾ ਕੇ 3 ਤੋਂ 5 ਸਾਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਦਯੋਗਾਂ ਨੂੰ 3 ਵਰਗਾਂ ਵਿੱਚ ਵੰਡਿਆਂ ਗਿਆ ਹੈ ਅਤੇ ਜਿਹੜੇ ਉਦਯੋਗ ਜੋਖਮ ਜਾਂ ਜ਼ਿਆਦਾ ਖਤਰਨਾਕ ਪੱਧਰ ਦੇ ਹਨ ਸਿਰਫ ਉਨ੍ਹਾਂ ਉਦਯੋਗਾਂ ਨੂੰ ਸਾਲਾਨਾ ਐਨ.ਓ.ਸੀ. ਦੀ ਲੋੜ ਹੋਵੇਗੀ। ਘੱਟ ਜੋਖਮ ਵਾਲੇ ਉਦਯੋਗਾਂ ਲਈ 5 ਸਾਲ ਅਤੇ ਦਰਮਿਆਨੇ ਜੋਖਮ ਵਾਲੇ ਉਦਯੋਗਾਂ ਲਈ ਐਨ.ਓ.ਸੀ. ਦੀ ਵੈਧਤਾ 3 ਸਾਲ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਲਾਲ ਫੀਤਾਸ਼ਾਹੀ ਨੂੰ ਨੱਥ ਪਵੇਗੀ ਅਤੇ ਉਦਯੋਗਪਤੀ ਆਪਣਾ ਕਾਰੋਬਾਰ ਹੋਰ ਸੌਖ ਨਾਲ ਕਰ ਸਕਣਗੇ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਯੋਗ ਆਰਕੀਟੈਕਟ ਵੱਲੋਂ ਬਣਾਈ ਗਈ ਅੱਗ ਬੁਝਾਊ ਡਰਾਇੰਗ/ਸਕੀਮ ਨੂੰ ਵਿਭਾਗ ਦੁਆਰਾ ਸਵੀਕਾਰ ਕੀਤਾ ਜਾਵੇਗਾ। ਕਿਸੇ ਹੋਰ ਸਲਾਹਕਾਰ ਜਾਂ ਏਜੰਸੀ ਤੋਂ ਅੱਗ ਬੁਝਾਊ ਡਰਾਇੰਗ/ਸਕੀਮ ਦੀ ਜਾਂਚ ਕਰਵਾਉਣ ਦੀ ਕੋਈ ਲੋੜ ਨਹੀਂ ਹੋਵੇਗੀ।
ਸ੍ਰੀ ਰਮਨ ਬਹਿਲ ਨੇ ਅੱਗੇ ਕਿਹਾ ਕਿ ਫਾਇਰ ਐਨ.ਓ.ਸੀ. ਲੈਣ ਲਈ ਅਰਜ਼ੀ ਦੇਣ ਵੇਲੇ ਮਾਲਕ/ਕਾਬਜ਼ਕਾਰ ਵੱਲੋਂ 53 ਪੁਆਇੰਟਾਂ ਦੀ ਇੱਕ ਵਿਆਪਕ ਚੈੱਕਲਿਸਟ ਦੇਣ ਦੀ ਪ੍ਰਣਾਲੀ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੋਟੀਫਿਕੇਸ਼ਨ ਅਨੁਸਾਰ ਹੁਣ ਇਮਾਰਤ ਦੇ ਮਾਲਕ ਨੂੰ ਆਨਲਾਈਨ ਸਾਲਾਨਾ ਸਵੈ-ਪ੍ਰਮਾਣੀਕਰਨ ਪੇਸ਼ ਕਰਨ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਨ੍ਹਾਂ ਫੈਸਲਿਆਂ ਨਾਲ ਉਦਯੋਗਾਂ ਨੂੰ ਰਾਹਤ ਮਿਲੇਗੀ ਅਤੇ ਉਹ ਆਪਣਾ ਜ਼ਿਆਦਾ ਧਿਆਨ ਵਪਾਰਕ ਵਾਧੇ ਵੱਲ ਲਗਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਉਦਯੋਗਾਂ ਨੂੰ ਬੇਲੋੜੀਆਂ ਮਨਜ਼ੂਰੀਆਂ ਲੈਣ ਤੋਂ ਵੀ ਨਿਜਾਤ ਮਿਲੇਗੀ।