ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਬੰਦ ਕਰੇ ਕੇਂਦਰ ਦੀ ਭਾਜਪਾ ਸਰਕਾਰ - ਪੰਨੂ
'ਆਪ' ਦੀ ਚਿਤਾਵਨੀ: ਧਾਰਾ 240 'ਚ ਸੋਧ ਰਾਹੀਂ ਚੰਡੀਗੜ੍ਹ 'ਤੇ ਕਬਜ਼ਾ ਨਹੀਂ ਹੋਣ ਦਿਆਂਗੇ - ਬਲਤੇਜ ਪੰਨੂ
ਬੀਜੇਪੀ ਦਾ ਪੰਜਾਬ ਵਿਰੋਧੀ ਏਜੰਡਾ ਬੇਨਕਾਬ, ਚੰਡੀਗੜ੍ਹ ਦੇ ਅਧਿਕਾਰ ਖੋਹਣ ਦੀ ਤਿਆਰੀ: ਬਲਤੇਜ ਪੰਨੂ
ਚੰਡੀਗੜ੍ਹ, 22 ਨਵੰਬਰ 2025
ਆਮ ਆਦਮੀ ਪਾਰਟੀ (ਆਪ) ਨੇ ਸੰਸਦ ਦੇ ਆਗਾਮੀ ਸਰਦ ਰੁੱਤ ਸੈਸ਼ਨ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪ੍ਰਸਤਾਵਿਤ ਸੰਵਿਧਾਨ (131ਵੇਂ ਸੋਧ) ਬਿੱਲ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। 'ਆਪ' ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਨੇ ਇਸ ਸੋਧ ਨੂੰ ਪੰਜਾਬ ਦੇ ਹਿੱਤਾਂ ਦੇ ਬਿਲਕੁਲ ਵਿਰੁੱਧ ਕਰਾਰ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਪਾਰਟੀ ਕੇਂਦਰ ਦੀ ਪੰਜਾਬ ਵਿਰੁੱਧ ਘੜੀ ਜਾ ਰਹੀ ਇਸ ਸਾਜ਼ਿਸ਼ ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਵੇਗੀ।
ਬਲਤੇਜ ਪੰਨੂ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ 'ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਇਹ ਸਮਝ ਤੋਂ ਪਰੇ ਹੈ ਕਿ ਕੇਂਦਰ ਦੀ ਬੀਜੇਪੀ ਦੀ ਪੰਜਾਬ ਨਾਲ ਕੀ ਦੁਸ਼ਮਣੀ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਕੋਈ ਨਾ ਕੋਈ ਅਜਿਹੀ ਚੀਜ਼ ਕੱਢ ਕੇ ਲਿਆਈ ਜਾਂਦੀ ਹੈ ਜਿਸ ਨਾਲ ਪੰਜਾਬ ਅਤੇ ਪੰਜਾਬੀਆਂ ਦੀ ਅਣਖ ਨੂੰ ਪਰਖਿਆ ਜਾ ਸਕੇ। ਉਨ੍ਹਾਂ ਪਿਛਲੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਚਾਹੇ ਉਹ ਬੀਬੀਐਮਬੀ 'ਤੇ ਜ਼ਬਰਨ ਕਬਜ਼ਾ ਕਰਨ ਦੀ ਗੱਲ ਹੋਵੇ ਤਾਂ ਕਿ ਪਾਣੀਆਂ ਨੂੰ ਆਪਣੇ ਹੱਥਾਂ ਵਿੱਚ ਕੀਤਾ ਜਾ ਸਕੇ, ਜਾਂ ਪਿਛਲੇ ਦਿਨਾਂ ਵਿੱਚ ਪੰਜਾਬ ਯੂਨੀਵਰਸਿਟੀ ਵਿਵਾਦ ਉੱਤੇ ਜਾਰੀ ਹੋਏ ਨੋਟੀਫਿਕੇਸ਼ਨ ਹੋਣ, ਜਿਸ ਕਾਰਨ ਵਿਦਿਆਰਥੀ ਅਜੇ ਵੀ ਧਰਨੇ 'ਤੇ ਬੈਠੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਜੋ ਨਵੀਂ ਗੱਲ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਸੰਸਦ ਦੇ ਆਉਣ ਵਾਲੇ ਸੈਸ਼ਨ ਵਿੱਚ ਧਾਰਾ 240 ਵਿੱਚ ਸੋਧ ਲਿਆਂਦੀ ਜਾ ਰਹੀ ਹੈ। ਇਸ ਸੋਧ ਰਾਹੀਂ ਚੰਡੀਗੜ੍ਹ, ਜੋ ਕਿ ਇਸ ਵੇਲੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਦੇ ਸਾਰੇ ਅਖਤਿਆਰ ਅਤੇ ਪ੍ਰਸ਼ਾਸਨ ਮੁਕੰਮਲ ਤੌਰ 'ਤੇ ਰਾਸ਼ਟਰਪਤੀ ਸਾਹਿਬ ਦੇ ਅੰਡਰ ਆ ਜਾਣਗੇ। ਇਸ ਦਾ ਸਿੱਧਾ ਮਤਲਬ ਇਹ ਹੋਵੇਗਾ ਕਿ ਚੰਡੀਗੜ੍ਹ 'ਤੇ ਪੰਜਾਬ ਦੇ ਹੱਕ ਨੂੰ ਮੁਕੰਮਲ ਤੌਰ 'ਤੇ ਖ਼ਤਮ ਕਰ ਦਿੱਤਾ ਜਾਵੇਗਾ।
'ਆਪ' ਦੇ ਜਨਰਲ ਸਕੱਤਰ ਪੰਨੂ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਤਿਆਰੀ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ 'ਨਾ ਰਹੇਗਾ ਬਾਂਸ ਨਾ ਵੱਜੂ ਬੰਸਰੀ' ਵਾਲੀ ਨੀਤੀ ਲਾਗੂ ਕੀਤੀ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਚੰਡੀਗੜ੍ਹ ਉਹ ਸ਼ਹਿਰ ਹੈ ਜੋ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ ਅਤੇ ਇਸ 'ਤੇ ਸਿਰਫ਼ ਪੰਜਾਬ ਦਾ ਹੱਕ ਹੈ। ਇਸ ਸੋਧ ਤੋਂ ਬਾਅਦ ਚੰਡੀਗੜ੍ਹ ਨੂੰ ਅੰਡੇਮਾਨ-ਨਿੱਕੋਬਾਰ ਜਾਂ ਪੁਡੂਚੇਰੀ ਵਰਗੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰਜ਼ 'ਤੇ ਲਿਆਂਦਾ ਜਾਵੇਗਾ ਅਤੇ ਸਾਰਾ ਪ੍ਰਬੰਧ ਰਾਸ਼ਟਰਪਤੀ ਦੇ ਅਧੀਨ ਹੋ ਜਾਵੇਗਾ।
ਪੰਨੂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਹਮੇਸ਼ਾ ਆਪਣੇ ਹੱਕਾਂ ਲਈ ਲੜਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਲੜੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਦਾ ਡਟ ਕੇ ਵਿਰੋਧ ਕਰਦੀ ਹੈ। "ਅਸੀਂ ਆਪਣੇ ਹੱਕ ਨੂੰ ਅਜਾਈਂ ਨਹੀਂ ਜਾਣ ਦੇਵਾਂਗੇ। ਕਿਸੇ ਵੀ ਹਾਲਤ ਵਿੱਚ ਧਾਰਾ 240 ਵਿੱਚ ਸੋਧ ਨਹੀਂ ਹੋਣ ਦਿੱਤੀ ਜਾਵੇਗੀ। ਇਸ ਲਈ ਸਾਨੂੰ ਜੋ ਵੀ ਸਖ਼ਤ ਕਦਮ ਚੁੱਕਣਾ ਪਿਆ, ਅਸੀਂ ਉਹ ਚੁੱਕਾਂਗੇ।"