ਪੰਜਾਬ ਕਾਂਗਰਸ ਦੇ ਆਗੂਆਂ ਨਾਲ ਆਬਜ਼ਰਵਰ ਕਰਨਗੇ ਮੀਟਿੰਗ
ਨਵੀਂ ਦਿੱਲੀ/ਚੰਡੀਗੜ੍ਹ 16 ਜੂਨ, 2026: ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤਾਂ ਅਤੇ ਸਿਆਸੀ ਸਥਿਤੀ ਦਾ ਜਾਇਜ਼ਾ ਲੈਣ ਲਈ ਕਾਂਗਰਸ ਹਾਈਕਮਾਂਡ ਵੱਲੋਂ ਨਿਯੁਕਤ ਕੀਤੇ ਗਏ ਵਿਸ਼ੇਸ਼ ਆਬਜ਼ਰਵਰ (ਨਿਗਰਾਨ) ਅੱਜ ਤੋਂ ਪੰਜਾਬ ਦੇ ਪਾਰਟੀ ਆਗੂਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਨ।
ਪੰਜਾਬ ਮਾਮਲਿਆਂ ਲਈ ਬਣਾਏ ਗਏ ਆਬਜ਼ਰਵਰ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਅੱਜ ਤੋਂ ਆਪਣੀ ਤਿੰਨ ਦਿਨਾਂ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ। ਇਸ ਦੌਰਾਨ ਉਹ ਪੰਜਾਬ ਕਾਂਗਰਸ ਦੇ ਵੱਖ-ਵੱਖ ਪੱਧਰ ਦੇ ਆਗੂਆਂ ਨਾਲ ਨਿੱਜੀ ਤੌਰ 'ਤੇ ਮੁਲਾਕਾਤਾਂ ਕਰਕੇ ਜ਼ਮੀਨੀ ਹਾਲਾਤਾਂ ਦੀ ਸਮੀਖਿਆ ਕਰਨਗੇ।
ਮਿਲੀ ਜਾਣਕਾਰੀ ਅਨੁਸਾਰ, ਇਹ ਆਬਜ਼ਰਵਰ ਸਭ ਤੋਂ ਪਹਿਲਾਂ ਕਾਂਗਰਸ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ (MPs) ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਲੜੀਵਾਰ ਤਰੀਕੇ ਨਾਲ, ਪਾਰਟੀ ਦੇ ਮੌਜੂਦਾ ਵਿਧਾਇਕਾਂ (MLAs), ਸਾਬਕਾ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ।
ਪੰਜਾਬ ਦੇ ਸਮੁੱਚੇ ਲੀਡਰਸ਼ਿਪ ਢਾਂਚੇ ਅਤੇ ਪਾਰਟੀ ਵਰਕਰਾਂ ਦੀ ਰਾਏ ਜਾਨਣ ਤੋਂ ਬਾਅਦ, ਇਹ ਤਿੰਨੋਂ ਆਬਜ਼ਰਵਰ ਆਪਣੀ ਇੱਕ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਨਗੇ। ਇਹ ਰਿਪੋਰਟ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਹਾਈਕਮਾਂਡ ਨੂੰ ਸੌਂਪੀ ਜਾਵੇਗੀ, ਜਿਸ ਦੇ ਅਧਾਰ 'ਤੇ ਪੰਜਾਬ ਕਾਂਗਰਸ ਦੇ ਸੰਗਠਨ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ।
- Download Babushahi App
-
-