ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ‘ਗਵਰਨਰ’ ਨਾਲ ਮੁਲਾਕਾਤ
ਅੰਤਰਰਾਜੀ ਅਤੇ ਹੜ੍ਹਾਂ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ
ਚੰਡੀਗੜ 17 ਸਤੰਬਰ 2025 - ਅੱਜ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦੇ ਵਫ਼ਦ ਜਿਸ ‘ਵਿੱਚ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਲਕਾ ਇੰਚਾਰਜ ਸ਼ੁਤਰਾਣਾ ਕਰਨ ਸਿੰਘ ਸਾਬਕਾ ਡੀਟੀਓ, ਜਰਨੈਲ ਸਿੰਘ ਕਰਤਾਰਪੁਰ ਅਤੇ ਭੁਪਿੰਦਰ ਸਿੰਘ ਨੇ ਪੰਜਾਬ ਦੇ ਮਾਨਯੋਗ ਗਵਰਨਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਕਾਲੀ ਦਲ ਦੇ ਡੈਲੀਗੇਸ਼ਨ ਵੱਲੋਂ ਪੰਜਾਬ ਨੂੰ ਅੰਤਰਰਾਜੀ ਪੱਧਰ ਉੱਤੇ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਗਵਰਨਰ ਸਾਹਿਬ ਨੂੰ ਇਨ੍ਹਾਂ ਚੁਣੌਤੀਆਂ ਦੇ ਢੁਕਵੇਂ ਹੱਲ ਲਈ ਗੁਆਂਢੀ ਰਾਜਾਂ ਤੇ ਪੰਜਾਬ ਵਿਚਾਲੇ ਵਿਚੋਲਗੀ ਦਾ ਪੱਧਰ ਅਖ਼ਤਿਆਰ ਕਰਨ ਦੀ ਅਪੀਲ ਕੀਤੀ।
ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਸ਼ਨ ਵੱਲੋਂ ਗਵਰਨਰ ਸਾਹਿਬ ਨੂੰ ਦੱਸਿਆ ਗਿਆ ਕਿ ਘੱਗਰ ਦਰਿਆ ਨੂੰ ਚੈਨਾਲਾਈਜ ਕਰਨ ਵਾਲੇ ਕੇਂਦਰ ਸਰਕਾਰ ਦੇ ਪ੍ਰੋਜੈਕਟ ਤੇ ਹਰਿਆਣਾ ਵੱਲੋਂ “ਕੇਂਦਰੀ ਜਲ ਕਮਿਸ਼ਨ” ਵਿੱਚ ਅਰਜ਼ੀ ਪਾਕੇ ਪ੍ਰੋਜੈਕਟ ਦਾ ਕੰਮ ਰੋਕਿਆ ਹੋਇਆ ਹੈ, ਉਨ੍ਹਾਂ ਅਪੀਲ ਕੀਤੀ ਕਿ ਉਹ ਇਸ ਬਾਰੇ ਦੋਵਾਂ ਸੂਬਿਆਂ ਵਿੱਚ ਗੱਲਬਾਤ ਕਰਨ ਲਈ ਰਾਹ ਪੱਧਰਾ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ, ਸੰਗਰੂਰ ਅਤੇ ਮਾਨਸਾ ਵਿੱਚੋਂ ਲੰਘਣ ਵਾਲੇ ਘੱਗਰ ਦਰਿਆ ਕਰਕੇ ਹਰ ਸਾਲ ਹਜ਼ਾਰਾਂ ਏਕੜ ਫਸਲ ਤਬਾਹ ਹੁੰਦੀ ਹੈ ਅਤੇ ਇਸ ਦਰਿਆ ਦੇ ਉੱਪਰ ਦੀ ਗੂਲਾ ਚੀਕਾ ਕੋਲ ਹਾਂਸੀ ਬੁਟਾਣਾ ਨਹਿਰ ਅਤੇ ਖਨੌਰੀ ਕੋਲ ਭਾਖੜਾ ਨਹਿਰ ਘੱਗਰ ਦੇ ਉੱਪਰ ਦੀ ਗੁਜ਼ਰਦੀ ਹੈ, ਇਸ ਦੇ ਗਲਤ ਡਿਜਾਇਨ ਹੋਣ ਕਰਕੇ ਇਲਾਕੇ ਦੇ ਲੋਕਾਂ ਨੂੰ ਹਰ ਸਾਲ ਘੱਗਰ ਦੀ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਦੀ ਦੁਬਾਰਾ ਤੋਂ ਰੀਡਿਜ਼ਾਈਨਿੰਗ ਕਰਨ ਦੀ ਲੋੜ ਹੈ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਤਿੰਨ ਧਿਰੀਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀਆਂ ਮੀਟਿੰਗ ਕਰਵਾਉਣਗੇ, ਜਿਸ ਵਿੱਚ ਉਹ ਖੁਦ ਵੀ ਸ਼ਾਮਿਲ ਹੋਣਗੇ।
ਇਸ ਮੌਕੇ ਡੈਲੀਗੇਸ਼ਨ ਵੱਲੋਂ ਸੂਬੇ ਦੇ ਰਾਜਪਾਲ ਅੱਗੇ ਹੜ੍ਹਾਂ ਦੌਰਾਨ ਜੰਮੂ ਅਤੇ ਹਿਮਾਚਲ ਦੀਆਂ ਫ਼ੈਕਟਰੀਆਂ ਦੇ ਕੈਮੀਕਲ ਦਾ ਮੁੱਦਾ ਵੀ ਉਭਾਰਿਆ ਗਿਆ। ਉਨ੍ਹਾਂ ਆਖਿਆ ਕਿ ਪਹਾੜਾਂ ਤੋਂ ਹੜ੍ਹਾਂ ਦੇ ਪਾਣੀ ਨਾਲ ਫ਼ੈਕਟਰੀਆਂ ਦੇ ਕੈਮੀਕਲ ਨੇ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਦਾ ਵੱਡੇ ਪੱਧਰ ਉਤੇ ਨੁਕਸਾਨ ਕੀਤਾ ਅਤੇ ਲੋਕਾਂ ਨੂੰ ਇਨ੍ਹਾਂ ਕੈਮੀਕਲਾਂ ਦੇ ਕਹਿਰ ਨਾਲ ਚਮੜੀ ਅਤੇ ਹੋਰ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਅਕਾਲੀ ਲੀਡਰਸ਼ਿਪ ਵੱਲੋਂ ਇਸ ਦੀ ਰੋਕਥਾਮ ਲਈ ਕੋਈ ਕਾਰਗਰ ਵਿਧੀ ਬਣਾਉਣ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਨ ਦੀ ਬੇਨਤੀ ਕੀਤੀ।
ਇਸ ਮੌਕੇ ਵਫ਼ਦ ਵੱਲੋਂ ਪਹਾੜਾਂ ਤੋਂ ਆ ਰਹੇ ਬਾਰਿਸ਼ਾਂ ਦੇ ਪਾਣੀ ਨੂੰ ਰੋਕਣ ਲਈ ਸਿੰਚਾਈ ਲਈ ਵਰਤਣ ਲਈ ਬਣਾਏ ਸੈਂਟਰਲ ਸੈਕਟਰੀਏਟ, ਚੰਡੀਗੜ੍ਹ ਤੋਂ ਪਠਾਨਕੋਟ ਤੱਕ ਬਣੇ ਹੋਏ ਤਕਰੀਬਨ 29 ਚੈੱਕ ਡੈਮਾਂ ਵਿੱਚੋਂ ਭਰੀ ਗਾਰ ਕੱਢਣ ਲਈ ਨਵੀਂ ਪਾਲਿਸੀ ਬਣਾਉਣ ਅਤੇ ਵਾਤਾਵਰਨ ਮਹਿਕਮੇ ਵੱਲੋਂ ਲਾਈਆਂ ਸਰਤਾਂ ਨਰਮ ਕਰਵਾਉਣ ਦੀ ਅਪੀਲ ਕੀਤੀ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਗਵਰਨਰ ਸਾਹਿਬ ਵੱਲੋਂ ਪੂਰਨ ਵਿਸ਼ਵਾਸ ਦਿੱਤਾ ਗਿਆ ਕਿ ਉਹ ਕੇਂਦਰੀ ਵਾਤਾਵਰਣ ਵਿਭਾਗ ਨਾਲ ਕੋਲ ਇਹ ਮਾਮਲਾ ਉਠਾਉਣਗੇ। ਇਸ ਤੋਂ ਇਲਾਵਾ ਵਫ਼ਦ ਵੱਲੋਂ ਪੰਜਾਬ ਲਈ ਸਕਰਾਤਮਕਤਾ ਵਾਲੀ ਖੇਤੀ ਬੀਮਾ ਯੋਜਨਾ ਤਿਆਰ ਕਰਨ ਜਾਂ ਕੇਂਦਰੀ ਖੇਤੀ ਬੀਮਾ ਯੋਜਨਾ ਦੀਆਂ ਸ਼ਰਤਾਂ ਪੰਜਾਬ ਦੇ ਅਨੁਕੂਲ ਬਣਵਾਉਣ ਲਈ ਵੀ ਬੇਨਤੀ ਕੀਤੀ।
ਅਖੀਰ ‘ਚ ਪ੍ਰੋ ਚੰਦੂਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਦੂਸਣਬਾਜੀ ਕਰਨ ਦੀ ਥਾਂ ਹੜ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਹਿਯੋਗ ਲੈਣ। ਉਨ੍ਹਾਂ ਆਖਿਆ ਕਿ ਹੜ੍ਹਾਂ ਦੌਰਾਨ ਨਿਭਾਈ ਅਹਿਮ ਭੂਮਿਕਾ ਤੋਂ ਪੰਜਾਬ ਦੀਆਂ ਰਾਜਸੀ ਪਾਰਟੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ, ਸੰਸਥਾਵਾਂ ਅਤੇ ਪੰਜਾਬ ਦੇ ਲੋਕਾਂ ਤੋਂ ਸਿੱਖਣ ਦੀ ਲੋੜ ਹੈ, ਇਸ ਮੌਕੇ ਚੰਦੂਮਾਜਰਾ ਨੇ ਮੁੱਖ ਮੰਤਰੀ ਪੰਜਾਬ ਨੂੰ ਸਰਬ ਪਾਰਟੀ ਮੀਟਿੰਗ ਬੁਲਾਕੇ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨ ਦੀ ਅਪੀਲ ਵੀ ਕੀਤੀ।