ਪਿੰਡ ਜਖਵਾਲੀ ਦੀ ਧੀ ਦਿਲਪ੍ਰੀਤ ਕੌਰ ਨੂੰ ਮੱਛੀ ਪਾਲਣ ਅਫ਼ਸਰ ਲੱਗਣ ਤੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ
ਗੁਰਪ੍ਰੀਤ ਸਿੰਘ ਜਖਵਾਲੀ
ਸ਼੍ਰੀ ਫਤਹਿਗੜ੍ਹ ਸਾਹਿਬ 12 ਜੂਨ 2026:- ਪਿੰਡ ਜਖਵਾਲੀ ਦੀ ਹੋਣਹਾਰ ਧੀ ਦਿਲਪ੍ਰੀਤ ਕੌਰ ਵੱਲੋਂ ਮੱਛੀ ਪਾਲਣ ਵਿਭਾਗ ਵਿੱਚ ਅਫ਼ਸਰ ਵਜੋਂ ਨਿਯੁਕਤੀ ਪ੍ਰਾਪਤ ਕਰਕੇ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਅਹੁਦਾ ਸੰਭਾਲਣ 'ਤੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਇਸ ਮੌਕੇ ਦਿਲਪ੍ਰੀਤ ਕੌਰ ਦੇ ਪਿਤਾ ਹੰਸ ਰਾਜ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਪਹਿਲੀ ਵਾਰ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਸਫਲਤਾ ਦਿਲਪ੍ਰੀਤ ਕੌਰ ਦੀ ਸਖ਼ਤ ਮਿਹਨਤ, ਲਗਨ ਅਤੇ ਪੰਜਾਬ ਸਰਕਾਰ ਦੀ ਨਿਰਪੱਖ ਤੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਬੇਟੀ ਦੀ ਮਿਹਨਤ ਅਤੇ ਸਰਕਾਰ ਦੀ ਯੋਗਤਾ ਅਧਾਰਿਤ ਚੋਣ ਪ੍ਰਣਾਲੀ ਨੂੰ ਸਲਾਮ ਕਰਦੇ ਹਾਂ।
ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਰਸੂ ਮਹਿੰਦੀਰੱਤਾ (ਪੀਐੱਫਐੱਸ) ਨੇ ਦਿਲਪ੍ਰੀਤ ਕੌਰ ਨੂੰ ਵਿਭਾਗ ਦਾ ਹਿੱਸਾ ਬਣਨ 'ਤੇ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਦਿਲਪ੍ਰੀਤ ਕੌਰ ਆਪਣੀਆਂ ਸੇਵਾਵਾਂ ਰਾਹੀਂ ਵਿਭਾਗ ਅਤੇ ਸਮਾਜ ਦੀ ਬਿਹਤਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਏਗੀ।
ਪਿੰਡ ਜਖਵਾਲੀ ਦੇ ਸਰਪੰਚ ਗੁਰਦੀਪ ਸਿੰਘ ਨੇ ਵੀ ਇਸ ਉਪਲਬਧੀ 'ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ ਦੀ ਧੀ ਦੀ ਇਹ ਸਫਲਤਾ ਹੋਰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਾਫ਼-ਸੁਥਰੀ ਅਤੇ ਇਮਾਨਦਾਰ ਭਰਤੀ ਨੀਤੀ ਕਾਰਨ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ, ਜੋ ਇੱਕ ਲੋਕ-ਪੱਖੀ ਅਤੇ ਜ਼ਿੰਮੇਵਾਰ ਸਰਕਾਰ ਦੀ ਨਿਸ਼ਾਨੀ ਹੈ।
ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਵੀ ਦਿਲਪ੍ਰੀਤ ਕੌਰ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਧਾਈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਜੀਆਂ ਹਨ।
ਅੱਜ ਜੁਆਇਨਿੰਗ ਦੇ ਮੌਕੇ 'ਤੇ ਦਿਲਪ੍ਰੀਤ ਕੌਰ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਸ਼ੁਭਚਿੰਤਕ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਇਸ ਮੌਕੇ ਸਭ ਨੇ ਦਿਲਪ੍ਰੀਤ ਕੌਰ ਦੀ ਇਸ ਉਪਲਬਧੀ ਨੂੰ ਪਿੰਡ ਅਤੇ ਇਲਾਕੇ ਲਈ ਮਾਣ ਵਾਲਾ ਪਲ ਕਰਾਰ ਦਿੰਦਿਆਂ ਉਨ੍ਹਾਂ ਦੇ ਸਫਲ ਅਤੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।
- Download Babushahi App
-
-