ਪਾਕਿਸਤਾਨ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਮੈਰੀਲੈਂਡ ਵਿੱਚ ਸਿੱਖ ਭਾਈਚਾਰੇ ਨਾਲ ਕੀਤੀ ਮੁਲਾਕਾਤ
ਵਿਰਾਸਤ, ਕੌਮੀ ਮੰਗਾਂ ਅਤੇ ਸੱਭਿਆਚਾਰਕ ਸਾਂਝ 'ਤੇ ਹੋਈ ਚਰਚਾ
ਸਮੀਪ ਸਿੰਘ ਗੁਮਟਾਲਾ
ਮੈਰੀਲੈਂਡ, ਅਮਰੀਕਾ, 1 ਜੂਨ 2026: ਅਮਰੀਕਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਧਾਰਮਿਕ ਮਸਲਿਆਂ ਸੰਬੰਧੀ ਸਬ-ਕਮੇਟੀ ਦੇ ਕੋਆਰਡੀਨੇਟਰ ਅਤੇ ਮੈਰੀਲੈਂਡ ਗਵਰਨਰ ਇੰਟਰਫੇਥ ਕੌਂਸਲ ਦੇ ਮੈਂਬਰ ਭਾਈ ਸਵਿੰਦਰ ਸਿੰਘ ਨੇ ਹੋਰਨਾਂ ਪ੍ਰਮੁੱਖ ਸਿੱਖ ਆਗੂਆ ਸਣੇ ਅਮਰੀਕਾ ਦੌਰੇ 'ਤੇ ਆਏ ਪਾਕਿਸਤਾਨ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨਾਲ ਆਪਣੇ ਮੈਰੀਲੈਂਡ ਸਥਿਤ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮਿਲਣੀ ਦੀ ਮੇਜ਼ਬਾਨੀ ਕੀਤੀ। ਇਸ ਇਕੱਠ ਵਿੱਚ ਸਿੱਖ ਵਿਰਾਸਤ ਦੀ ਸਾਂਭ-ਸੰਭਾਲ, ਕੌਮੀ ਮੰਗਾਂ ਅਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਵਿੱਚ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮਿਲਣੀ ਦੌਰਾਨ ਸਿੱਖ ਆਗੂਆਂ ਨੇ ਮੰਤਰੀ ਅਰੋੜਾ ਦਾ ਸਵਾਗਤ ਕਰਦਿਆਂ, ਵਿਰਾਸਤ ਦੀ ਸਾਂਭ-ਸੰਭਾਲ ਲਈ ਪਾਕਿਸਤਾਨ ਸਰਕਾਰ ਅਤੇ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਦਾ ਧੰਨਵਾਦ ਕੀਤਾ। ਭਾਈ ਸਵਿੰਦਰ ਸਿੰਘ ਨੇ ਪਾਕਿਸਤਾਨ ਪੰਜਾਬ ਵਿੱਚ ਪਹਿਲੀ ਵਾਰ ਕਿਸੇ ਸਿੱਖ ਨੂੰ ਕੈਬਨਿਟ ਮੰਤਰੀ ਵਜੋਂ ਨਿਵਾਜਣ ਦੇ ਇਤਿਹਾਸਕ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੁੱਚੀ ਕੌਮ ਲਈ ਵੱਡੇ ਮਾਣ, ਭਰੋਸੇ ਅਤੇ ਸ਼ਮੂਲੀਅਤ ਦਾ ਪ੍ਰਤੀਕ ਦੱਸਿਆ।
ਇਸ ਗੱਲਬਾਤ ਦੌਰਾਨ ਸਿੱਖ ਲੀਡਰਸ਼ਿਪ ਨੇ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਧਾਮਾਂ ਦੀ ਨਿਰੰਤਰ ਸਾਂਭ-ਸੰਭਾਲ ਅਤੇ ਨਵੀਨੀਕਰਨ ਦੀਆਂ ਮੰਗਾਂ ਰੱਖੀਆਂ। ਮੰਤਰੀ ਅਰੋੜਾ ਨੇ ਸਿੱਖ ਵਿਰਾਸਤ ਦੀ ਸੁਰੱਖਿਆ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਅਮਰੀਕਾ ਰਹਿੰਦੇ ਸਿੱਖ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਭਾਈ ਸਵਿੰਦਰ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧਾਂ ਨੂੰ ਸੁਧਾਰਨ ਦੀ ਅਪੀਲ ਕਰਦਿਆਂ ਕਿਹਾ ਕਿ ਦੋਵਾਂ ਮੁਲਕਾਂ ਦੇ ਤਣਾਅ ਦਾ ਸਭ ਤੋਂ ਵੱਧ ਅਸਰ ਭਾਰਤ ਦੀ ਸਿੱਖ ਸੰਗਤ 'ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਪਸੀ ਖਟਾਸ ਕਾਰਨ ਅਕਸਰ ਸ਼ਰਧਾਲੂਆਂ ਦੇ ਜੱਥੇ ਰੋਕ ਦਿੱਤੇ ਜਾਂਦੇ ਹਨ, ਜਿਸ ਨਾਲ ਸੰਗਤਾਂ ਨੂੰ ਭਾਰੀ ਨਿਰਾਸ਼ਾ ਹੁੰਦੀ ਹੈ। ਉਨ੍ਹਾਂ ਕਰਤਾਰਪੁਰ ਲਾਂਘੇ ਰਾਹੀਂ ਆਵਾਜਾਈ ਨੂੰ ਹੋਰ ਸੁਖਾਲਾ ਬਣਾਉਣ ਦੀ ਮੰਗ ਕੀਤੀ ਤਾਂ ਜੋ ਸ਼ਰਧਾਲੂ ਬਿਨਾਂ ਰੁਕਾਵਟ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ। ਉਨ੍ਹਾਂ ਯਾਦ ਕਰਵਾਇਆ ਕਿ ਸਿੱਖ ਕੌਮ ਦਾ ਆਜ਼ਾਦੀ ਅਤੇ ਦੇਸ਼ ਦੀ ਪ੍ਰਗਤੀ ਵਿੱਚ ਵੱਡਾ ਯੋਗਦਾਨ ਹੈ।
ਇਸ ਮਿਲਣੀ ਵਿੱਚ ਮੈਰੀਲੈਂਡ ਦੇ 'ਗਵਰਨਰਜ਼ ਕਮਿਸ਼ਨ ਆਨ ਸਾਊਥ ਏਸ਼ੀਅਨ ਅਮੈਰੀਕਨ ਅਫੇਅਰਜ਼' ਦੇ ਚੇਅਰਮੈਨ ਗੁਰਪ੍ਰੀਤ ਤੱਖਰ ਅਤੇ ਅਮਨ ਸ਼ੇਰਗਿੱਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਵਿਚਾਰ-ਵਟਾਂਦਰੇ ਵਿੱਚ ਯੋਗਦਾਨ ਪਾਉਣ ਵਾਲੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਬਲਵਿੰਦਰ ਸੰਘਾ, ਮਿਹਰਬਾਨ ਸਿੰਘ, ਡਾ. ਜਤਿੰਦਰ ਸਿੰਘ ਸੇਖੋਂ, ਸੁਰਜੀਤ ਸਿੰਘ ਸਿੱਧੂ, ਮਨਦੀਪ ਸਿੰਘ, ਬਖਸ਼ੀਸ਼ ਸਿੰਘ ਰੋਪੜ ਅਤੇ ਅਜੀਤ ਧਾਲੀਵਾਲ ਸਮੇਤ ਕਈ ਹੋਰ ਪੰਤਵੰਤੇ ਸੱਜਣ ਹਾਜ਼ਰ ਸਨ।
ਮਿਲਣੀ ਦੇ ਅੰਤ ਵਿੱਚ ਭਾਈ ਸਵਿੰਦਰ ਸਿੰਘ ਅਤੇ ਹਾਜ਼ਰ ਆਗੂਆਂ ਨੇ ਪਾਕਿਸਤਾਨ ਤੋਂ ਆਏ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ਸਨਮਾਨਿਤ ਕੀਤਾ। ਭਾਈਚਾਰੇ ਨੇ ਉਮੀਦ ਜਤਾਈ ਕਿ ਇਹ ਮੁਲਾਕਾਤ ਕੌਮੀ ਮਸਲਿਆਂ ਦੇ ਹੱਲ ਲਈ ਇੱਕ ਸਕਾਰਾਤਮਕ ਕਦਮ ਸਾਬਤ ਹੋਵੇਗੀ।
- Download Babushahi App
-
-