ਨਸ਼ਾ ਤਸਕਰਾਂ ਵਲੋਂ ਕੀਤੀਆਂ ਨਜਾਇਜ ਉਸਾਰੀਆਂ ਉੱਪਰ ਚੱਲਿਆ ਪੀਲ਼ਾ ਪੰਜਾ
- ਡੋਗਰਾਂਵਾਲ ਵਿਖੇ 3 ਨਜਾਇਜ ਉਸਾਰੀਆਂ ਉੱਪਰ ਹੋਈ ਕਾਰਵਾਈ
- ਐਨ ਡੀ ਪੀ ਐਸ ਦੇ ਕੁੱਲ 19 ਕੇਸਾਂ ਦਾ ਸਾਹਮਣਾ ਕਰ ਰਹੇ ਹਨ ਨਜਾਇਜ ਕਾਬਜਕਾਰ
- ਨਸ਼ਾ ਤਸਕਰਾਂ ਦੇ ਕਾਲੀ ਕਮਾਈ ਨਾਲ ਉਸਾਰੇ ਮਹਿਲ ਢਾਹੇ ਜਾਣਗੇ - ਐਸ ਐਸ ਪੀ ਵੱਲੋਂ ਚਿਤਾਵਨੀ
- ਨਸ਼ਾ ਤਸਕਰਾਂ ਵਲੋਂ ਕੀਤੀਆਂ ਨਜਾਇਜ ਉਸਾਰੀਆਂ ਉੱਪਰ ਚੱਲਿਆ ਪੀਲ਼ਾ ਪੰਜਾ
- ਡੋਗਰਾਂਵਾਲ ਵਿਖੇ 3 ਨਜਾਇਜ ਉਸਾਰੀਆਂ ਉੱਪਰ ਹੋਈ ਕਾਰਵਾਈ
- ਐਨ ਡੀ ਪੀ ਐਸ ਦੇ ਕੁੱਲ 19 ਕੇਸਾਂ ਦਾ ਸਾਹਮਣਾ ਕਰ ਰਹੇ ਹਨ ਨਜਾਇਜ ਕਾਬਜਕਾਰ
- ਨਸ਼ਾ ਤਸਕਰਾਂ ਦੇ ਕਾਲੀ ਕਮਾਈ ਨਾਲ ਉਸਾਰੇ ਮਹਿਲ ਢਾਹੇ ਜਾਣਗੇ - ਐਸ ਐਸ ਪੀ ਵੱਲੋਂ ਚਿਤਾਵਨੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 2 ਜੁਲਾਈ 2025 - ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਪਿੰਡ ਡੋਗਰਾਂਵਾਲ ਵਿਖੇ ਤਿੰਨ ਨਸ਼ਾ ਤਸਕਰਾਂ ਵਲੋਂ ਪੰਚਾਇਤੀ ਜ਼ਮੀਨ ਉੱਪਰ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ‘ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚਲਾਇਆ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਕਪੂਰਥਲਾ ਸ੍ਰੀ ਗੌਰਵ ਤੂਰਾ ਨੇ ਦੱਸਿਆ ਕਿ ਬੀ.ਡੀ.ਪੀ.ਓ ਢਿਲਵਾਂ ਵਲੋਂ ਦਿੱਤੇ ਹੁਕਮਾਂ ‘ਤੇ ਕਾਰਵਾਈ ਕਰਦਿਆਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਡੋਗਰਾਂਵਾਲ ਪਿੰਡ ‘ਚ ਤਿੰਨ ਨਸ਼ਾ ਤਸਕਰਾਂ ਵਲੋਂ ਪੰਚਾਇਤ ਜ਼ਮੀਨ ਉੱਪਰ ਕੀਤੀਆਂ ਨਾਜਾਇਜ਼ ਉਸਾਰੀਆਂ ਉੱਪਰ ਕੀਤੇ ਕਬਜ਼ੇ ‘ਤੇ ਡਿੱਚ ਮਸ਼ੀਨ ਚਲਾਈ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨੋਂ ਤਸਕਰਾਂ ‘ਤੇ ਪਹਿਲਾਂ ਤੋਂ ਹੀ ਵੱਖ-ਵੱਖ ਥਾਣਿਆਂ ‘ਚ ਐੱਨ.ਡੀ.ਪੀ.ਐਸ. ਦੇ 19 ਪਰਚੇ ਦਰਜ ਸਨ ਅਤੇ ਵੱਡੀ ਮਾਤਰਾ ਵਿਚ ਨਸ਼ਾ ਵੀ ਬਰਾਮਦ ਕੀਤਾ ਗਿਆ ਸੀ।
ਇਨ੍ਹਾਂ ਵਿਚ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਬੂਆ ਸਿੰਘ ਵਾਸੀ ਡੋਗਰਾਂਵਾਲ ‘ਤੇ ਐੱਨ.ਡੀ.ਪੀ.ਐਸ. ਐਕਟ ਅਧੀਨ 7 ਪਰਚੇ, ਸੁਖਜਿੰਦਰ ਸਿੰਘ ਉਰਫ ਕਾਕਾ ਪੁੱਤਰ ਬਲਕਾਰ ਸਿੰਘ ਵਾਸੀ ਡੋਗਰਾਂਵਾਲ ‘ਤੇ 4 ਪਰਚੇ, ਸੁਖਚੈਨ ਸਿੰਘ ਉਰਫ ਦਿਲਬਰ ਸਿੰਘ ਵਾਸੀ ਡੋਗਰਾਂਵਾਲ ‘ਤੇ 3 ਪਰਚੇ ,ਮਨਦੀਪ ਸਿੰਘ ਪੁੱਤਰ ਬੂਆ ਸਿੰਘ ਵਾਸੀ ਡੋਗਰਾਂਵਾਲ ‘ਤੇ 2 ਪਰਚੇ ਅਤੇ ਬੂਆ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਡੋਗਰਾਂਵਾਲ ‘ਤੇ ਐੱਨ.ਡੀ.ਪੀ.ਐਸ. ਦੇ 3 ਪਰਚੇ ਦਰਜ ਸਨ।
ਉਨ੍ਹਾਂ ਦੱਸਿਆ ਕਿ ਡੀ.ਜੀ.ਪੀ. ਪੰਜਾਬ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਨਸ਼ਾ ਤਸਕਰਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ਿਆਂ ਦੇ ਵਿਰੁੱਧ ਜ਼ੀਰੋ ਟਾਲਰੈਂਸ ਰੱਖਦੀ ਹੈ ਅਤੇ ਨਸ਼ਾ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਦੀ ਹਮਾਇਤ ਬੰਦ ਕਰਨ ਦੇ ਨਾਲ-ਨਾਲ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਾ ਭਰੀ ਜਾਵੇ।
ਉਨ੍ਹਾਂ ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਵਿਚ ਬਣਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਸਦਕਾ ਨਸ਼ੇ ਦੇ ਆਦੀ ਨੌਜਵਾਨਾਂ ਦੇ ਮੁੜਵਸੇਬੇ ਲਈ ਸਿਵਲ ਹਸਪਤਾਲ ਵਿਖੇ ਸਕਿੱਲ ਟ੍ਰੇਨਿੰਗ ਕੋਰਸਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਨਸ਼ੇ ਤੋਂ ਪ੍ਰਭਾਵਿਤ ਵਿਅਕਤੀ ਉਨ੍ਹਾਂ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸਨੂੰ ਸਿਵਲ ਹਸਪਤਾਲ ਵਿਖੇ ਸਥਾਪਿਤ ਮੁੜਵਸੇਬਾ ਕੇਂਦਰ ਵਿਖੇ ਭਰਤੀ ਕਰਵਾ ਕੇ ਸਕਿੱਲ ਟ੍ਰੇਨਿੰਗ ਦੇ ਚੱਲ ਰਹੇ ਕੋਰਸਾਂ ਦੀ ਸਿਖਲਾਈ ਦਵਾਈ ਜਾਵੇ ਤਾਂ ਜੋ ਨਸ਼ਾ ਪੀੜਤ ਨਸ਼ਾ ਛੱਡ ਕੇ ਬਾਹਰ ਆਉਣ ‘ਤੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕੇ ਸਿਹਤਮੰਦ ਸਮਾਜ ਦੀ ਸਿਰਜਨਾ ਕਰ ਸਕੇ।