ਜਲਵਾਯੂ ਪਰਿਵਰਤਨ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਸੈਮੀਨਾਰ ਕਰਵਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 27 ਮਾਰਚ 2026
ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿਚ ਜਲਵਾਯੂ ਪਰਿਵਰਤਨ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ਤੇ ਆਉਣ ਵਾਲੀ ਬੀ.ਏ. ਭਾਗ ਤੀਜਾ ਦੇ ਅਮਨਦੀਪ ਸਿੰਘ ਅਤੇ ਜੋਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਤੋਂ ਭਾਵ ਵਾਤਾਵਰਨੀ ਪ੍ਰਦੂਸਣ ਕਾਰਨ ਜਲਵਾਯੂ ਵਿਚ ਆ ਰਹੀਆਂ ਖਤਰਨਾਕ ਤਬਦੀਲੀਆਂ ਹਨ। ਜੰਗਲਾਂ ਦੀ ਅੰਧਾ ਧੁੰਦ ਕਟਾਈ, ਗ੍ਰੀਨ ਗੈਸਾਂ ਦਾ ਉਦਯੋਗਾਂ ਵਿਚ ਵੱਧਦਾ ਪ੍ਰਯੋਗ ਅਤੇ ਆਵਾਜਾਈ ਦੇ ਸਾਧਨਾਂ ਵਿਚ ਵਾਧਾ ਜਲਵਾਯੂ ਪਰਿਵਰਤਨ ਦੇ ਮੁੱਖ ਕਾਰਨ ਹਨ।ਜੈਵਿਕ ਇੰਧਨ ,ਕੋਲਾ, ਅਤੇ ਗੈਸਾਂ 75 ਪ੍ਰਤੀਸ਼ਤ ਤੋਂ ਵੱਧ ਕਾਰਬਨ ਡਾਈਆਕਸਾਈਡ ਪੈਦਾ ਕਰਦੀਆਂ ਹਨ। ਦੂਜੇ ਨੰਬਰ ਤੇ ਆਉਣ ਵਾਲੀ ਬੀ. ਕਾਮ ਭਾਗ ਤੀਜਾ ਦੀ ਜਸ਼ਨਪ੍ਰੀਤ ਕੌਰ ਅਤੇ ਬੀ.ਏ ਭਾਗ ਦੂਜਾ ਦੇ ਜਸਕਰਨ ਸਿੰਘ ਨੇ ਕਿਹਾ ਕਿ ਜਲਵਾਯੂ ਪਰਿਵਰਨ ਦੇ ਮਾਰੂ ਪ੍ਰਭਾਵਾਂ ਕਾਰਨ ਗਲੇਸੀਅਰ ਤੇਜੀ ਨਾਲ ਪਿਘਲ ਰਹੇ ਹਨ, ਵਰਖਾ ਦਾ ਪੈਟਰਨ ਬਦਲ ਰਿਹਾ ਹੈ, ਧਰਤੀ ਦੀ ਤਪਸ ਵੱਧ ਰਹੀ ਹੈ। ਸੋਕਾ, ਸੁਨਾਮੀ, ਤੂਫਾਨ ਅਤੇ ਹੜ੍ਹ ਆਦਿ ਕੁਦਰਤੀ ਕਰੋਪੀਆਂ ਵਿਚ ਵਾਧਾ ਹੋ ਰਿਹਾ ਹੈ। ਖੇਤੀ ਭੂਮੀ ਦੀ ਉਪਜਾਊ ਸਕਤੀ ਘੱਟ ਹੋ ਰਹੀ ਹੈ। ਪੰਛੀਆਂ, ਜੰਗਲੀ ਅਤੇ ਸਮੁੰਦਰੀ ਜੀਵ ਜੰਤੂਆਂ ਦੀਆਂ ਨਸ਼ਲਾਂ ਲੁਪਤ ਹੋ ਰਹੀਆਂ ਹਨ ਅਤੇ ਅਨਾਜ ਦੇ ਪੋਸ਼ਿਟਕ ਤੱਤਾਂ ਵਿੱਚ ਕਮੀ ਆ ਰਹੀ ਹੈ। ਤੀਜੇ ਨੰਬਰ ਤੇ ਆਉਣ ਵਾਲੀ ਬੀ.ਏ. ਭਾਗ ਪਹਿਲਾ ਦੀ ਕਾਜਲ ਅਤੇ ਬੀ.ਏ ਭਾਗ ਦੂਜਾ ਦੀ ਅਨੂੰ ਦੇਵੀ ਨੇ ਕਿਹਾ ਕਿ ਭਾਰਤ ਵਿਚ ਵਿਕਾਸ ਪ੍ਰੋਜੈਕਟਾਂ ਦੇ ਨਾਂ ਤੇ ਸੰਨ 2000 ਤੋਂ ਲੈ ਕੇ ਹੁਣ ਤੱਕ 2.33 ਮਿਲੀਅਨ ਹੈਕਟੇਅਰ ਖੇਤਰ ਵਿਚ ਲੱਗੇ ਰੁੱਖ ਕੱਟੇ ਗਏ ਹਨ। ਸੰਨ 1979 ਤੋਂ ਲੈ ਕੇ ਹੁਣ ਤੱਕ ਗਲੇਸੀਅਰ 40 ਫੀਸ਼ਦੀ ਘੱਟ ਗਏ ਹਨ। ਪ੍ਰੋ: ਅਮਿਤ ਕੁਮਾਰ ਯਾਦਵ ਅਤੇ ਪ੍ਰੋ: ਸਰਨਦੀਪ ਨੇ ਵਿਦਿਆਰਥੀਆਂ ਨੂੰ ਦਰੱਖਤ ਲਗਾਉਣ, ਪਲਾਸਟਿਕ ਦੀ ਵਰਤੋਂ ਨਾ ਕਰਨ , ਪਟਾਖੇ ਨਾ ਚਲਾਉਣ ਅਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ।
Click to Follow Babushahi Facebook page →