← ਪਿਛੇ ਪਰਤੋ
ਗਰਮੀਆਂ ਦੀਆਂ ਛੁੱਟੀਆਂ ਵਿਚ ਪੰਜਾਬ ਦੇ ਖਿਡਾਰੀਆਂ ਦਾ ਰੱਬ ਬਾਲੀ ਸਮਰ ਕੋਚਿੰਗ ਕੈਂਪਾਂ ਲਈ ਸਿਖਿਆ ਵਿਭਾਗ ਅਤੇ ਖੇਡ ਵਿਭਾਗ ਨੇ ਹੱਥ ਖਿਚਿਆ ਰੋਹਿਤ ਗੁਪਤਾ ਗੁਰਦਾਸਪੁਰ 18 ਜੂਨ 2025- ਗਰਮੀਆਂ ਦੀਆਂ ਛੁੱਟੀਆਂ ਦਾ ਪੰਦਰਵਾੜਾ ਬੀਤ ਗਿਆ ਹੈ। ਪੇਂਡੂ ਅਤੇ ਸ਼ਹਿਰੀ ਖਿਡਾਰੀ ਇਹਨਾਂ ਦਿਨਾਂ ਵਿਚ ਪੰਜਾਬ ਸਰਕਾਰ ਦੀ ਖੇਡਾਂ ਪ੍ਰਤੀ ਉਦਾਸੀਨਤਾ ਕਾਰਨ ਘਰਾਂ ਵਿੱਚ ਵਿਹਲੇ ਬੈਠੇ ਮੋਬਾਈਲ ਫੋਨਾਂ ਉਪਰ ਰੀਲਾਂ ਬਣਾ ਕੇ ਆਪਣੇ ਮਾਨਸਿਕ ਸੰਤੁਲਨ ਨੂੰ ਖੁੰਢਾ ਕਰ ਰਹੇ ਹਨ। ਜਿਥੇ ਇਹਨਾਂ ਦਿਨਾਂ ਵਿਚ ਪੰਜਾਬ ਸਰਕਾਰ ਲੁਧਿਆਣਾ ਵਿਖੇ ਜ਼ਿਮਨੀ ਚੋਣਾਂ ਵਿੱਚ ਵਿਅਸਤ ਹੈਂ। ਉਥੇ ਖੇਡਾਂ ਨਾਲ ਸਬੰਧਤ ਅਧਿਆਪਕ ਆਪਣੇ ਘਰੇਲੂ ਕੰਮਾਂ ਕਾਰਾਂ ਕਾਰਣ ਜਾਂ ਸੈਰ ਸਪਾਟਾ ਕਰਨ ਠੰਢੇ ਥਾਵਾਂ ਦੀਆਂ ਯਾਤਰਾਵਾਂ ਵਿਚ ਮਸ਼ਰੂਫ ਹਨ। ਖੇਡ ਵਿਭਾਗ ਪੰਜਾਬ ਵੱਲੋਂ ਭਾਵੇਂ ਅਪ੍ਰੈਲ ਮਹੀਨੇ ਵਿੱਚ ਗੈਰ ਰਿਹਾਇਸ਼ੀ ਖੇਡ ਵਿੰਗ ਅਤੇ ਰਿਹਾਇਸ਼ੀ ਖੇਡ ਵਿੰਗ ਲਈ ਖਿਡਾਰੀਆਂ ਦੀ ਚੋਣ ਕਰ ਲਈ ਸੀ। ਪਰ ਦੂਰਅੰਦੇਸ਼ੀ ਸੋਚ ਦੀ ਘਾਟ ਕਾਰਨ ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਘਰਾਂ ਵਿੱਚ ਵਿਹਲੇ ਬੈਠੇ ਖਿਡਾਰੀਆਂ ਨੂੰ ਗਰਾਉਡਾਂ ਵਿੱਚ ਲਿਆਉਣ ਦੀ ਨੀਤੀ ਲਾਗੂ ਕਰਵਾਉਣ ਵਿੱਚ ਅਸਫਲ ਰਹੀ ਹੈ। ਖੇਡ ਹਲਕਿਆਂ ਵਿੱਚ ਲੰਮੇ ਸਮੇਂ ਤੋਂ ਜੁੜੇ ਅਮਰਜੀਤ ਸ਼ਾਸਤਰੀ ਜੂਡੋ ਕੋਚ ਨੇ ਪੰਜਾਬ ਸਰਕਾਰ ਦੀ ਖੇਡਾਂ ਪ੍ਰਤੀ ਨਿਰਾਸ਼ਾਜਨਕ ਹਾਲਾਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਹਨਾਂ ਦਿਨਾਂ ਵਿਚ ਨਾ ਤਾਂ ਖੇਡ ਮੰਤਰੀ ਪੰਜਾਬ ਅਤੇ ਨਾਹੀਂ ਸਿਖਿਆ ਮੰਤਰੀ ਪੰਜਾਬ ਦੇ ਏਜੰਡੇ ਉਪਰ ਪੰਜਾਬ ਦੇ ਖਿਡਾਰੀਆਂ ਦਾ ਭਵਿੱਖ ਸਵਾਰਨ ਦੀ ਕੋਈ ਯੋਜਨਾ ਹੈ। ਪੁਰਾਣੇ ਸਮਿਆਂ ਵਿੱਚ ਸਿਖਿਆ ਵਿਭਾਗ ਵੱਲੋਂ ਪੰਜਾਬ ਦੇ ਖਿਡਾਰੀਆਂ ਦੇ ਪਹਾੜੀ ਇਲਾਕਿਆਂ ਵਿੱਚ ਸੁੰਦਰ ਨਗਰ ਆਦਿ ਵਿੱਚ ਸਾਰੀਆਂ ਖੇਡਾਂ ਦੇ ਫਿਟਨੈਂਸ ਕੈਂਪ ਲਗਾਏ ਜਾਂਦੇ ਸਨ। ਜਿਸ ਨਾਲ ਪੰਜਾਬ ਨੈਸ਼ਨਲ ਸਕੂਲ ਖੇਡਾਂ ਵਿੱਚ ਪਹਿਲੇ ਤਿੰਨ ਸਥਾਨਾਂ ਵਿੱਚ ਸਨਮਾਨ ਯੋਗ ਮੈਡਲ ਜਿੱਤ ਕੇ ਸਮਾਰ ਹੁੰਦਾ ਸੀ ਅੱਜ ਪੰਜਾਬ ਲਗਾਤਾਰ ਪਛੜਦਾ ਜਾ ਰਿਹਾ ਹੈ ਜਿਸ ਦੀ ਤਾਜ਼ਾ ਉਦਾਹਰਣ ਖੇਲੋ ਇੰਡੀਆ ਯੂਥ ਖੇਡਾਂ ਪਟਨਾ ਸਾਹਿਬ ਵਿਖੇ ਤੇਹਰਵੀਂ ਪੁਜੀਸ਼ਨ ਪ੍ਰਾਪਤ ਕਰਕੇ ਪੰਜਾਬ ਨੂੰ ਨਮੋਸ਼ੀ ਵਾਲੀ ਸਥਿਤੀ ਤੇ ਧੱਕ ਦਿੱਤਾ ਹੈ। ਉਧਰ ਖੇਡ ਵਿਭਾਗ ਪੰਜਾਬ ਦੀਆਂ ਮਹੁੰਮਦ ਤੁਗਲਕ ਵਰਗੀਆਂ ਨੀਤੀਆਂ ਕਾਰਨ ਸਾਰਾ ਖੇਡ ਢਾਂਚਾ ਨਿਰਾਸ਼ਾਜਨਕ ਹਾਲਾਤ ਵਿਚ ਵਿਚਰ ਰਿਹਾ ਹੈ। ਪਿਛਲੇ ਦੱਸ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਰਹੇ ਕੁਆਲੀਫਾਈਡ ਕੋਚਾਂ ਨੂੰ ਪੱਕੇ ਕਰਨ ਦੀ ਬਜਾਏ ਉਹਨਾਂ ਦੇ ਟ੍ਰੇਂਡ ਕੀਤੇ ਸਾਗਰਿਦਾਂ ਨੂੰ ਪੱਕੀਆਂ ਆਸਾਮੀਆਂ ਤੇ ਰੈਗੂਲਰ ਕੋਚ ਭਰਤੀ ਕਰਕੇ ਜਿਥੇ ਪੰਜਾਬ ਦੇ ਸੂਝਵਾਨ ਖੇਡ ਅਧਿਆਪਕਾਂ ਲਈ ਉਚੇਰੀ ਖੇਡ ਸਿਖਿਆ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਉਥੇ ਅਣ ਸਿਖਾਂਦਰੂਆਂ ਦੇ ਹੱਥ ਕਮਾਨ ਦੇ ਕੇ ਬਾਲ ਬੋਧ ਖਿਡਾਰੀਆਂ ਦੇ ਭਵਿੱਖ ਨਾਲ ਸ਼ਰੇਆਮ ਖਿਲਵਾੜ ਕਰਨ ਦਾ ਕੋਝਾ ਯਤਨ ਕੀਤਾ ਹੈ। ਪੁਰਾਣੇ ਕੋਚਾਂ ਨੇ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਕਾਰਨ ਇਹਨਾਂ ਗਰਮੀ ਦੀਆਂ ਛੁੱਟੀਆਂ ਵਿਚ ਆਪਣੀ ਮਨਮਰਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦਾ ਸਿੱਧਾ ਅਸਰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ।
Total Responses : 1416