ਖੱਬੇ ਪੱਖੀ ਪਾਰਟੀਆਂ ਨੇ ਬਠਿੰਡਾ ਵਿਖੇ ਫਿਲਿਸਤੀਨ ਦੇ ਹੱਕ ਵਿੱਚ ਮਨਾਇਆ ਇੱਕਜੁੱਟਤਾ ਦਿਵਸ
ਅਸ਼ੋਕ ਵਰਮਾ
ਬਠਿੰਡਾ ,18 ਜੂਨ 2025: ਅੱਜ ਇਥੇ ਖੱਬੇ ਪੱਖੀ ਪਾਰਟੀਆਂ ਸੀ.ਪੀ.ਆਈ.ਅਤੇ ਸੀ.ਪੀ.ਆਈ (ਐਮ) ਵੱਲੋਂ ਫਿਲਿਸਤੀਨ ਦੇ ਹੱਕ ਵਿੱਚ ਅਤੇ ਸਮਰਾਜੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਿਤਿਨ ਯਾਹੂ ਖਿਲਾਫ ਰੋਸ ਮਾਰਚ ਕਰਕੇ ਪੂਤਲੇ ਸਾੜੇ ਗਏ।ਇਸ ਸਮੇਂ ਸੀ.ਪੀ.ਆਈ.ਦੇ ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਅਤੇ ਸੀ.ਪੀ.ਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਮਿੰਦਰ ਸਿੰਘ ਬਾਠ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਮਰਾਜੀ ਦੇਸ਼ ਅਮਰੀਕਾ ਦੀ ਸਹਿ ਤੇ ਇਜ਼ਰਾਈਲ ਵੱਲੋਂ ਫਿਲਿਸਤੀਨ ਤੇ ਲਗਾਤਾਰ ਬੰਬ-ਬਾਰੀ ਕੀਤੀ ਜਾ ਰਹੀ ਹੈ। ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਿਹਾਇਸ਼ੀ ਇਲਾਕਿਆਂ ਇਮਾਰਤਾਂ, ਸਕੂਲਾਂ ਅਤੇ ਹਸਪਤਾਲਾਂ ਨੂੰ ਨੂੰ ਤਹਿਸ -ਨਹਿਸ ਕਰ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਇਹ ਮੰਜ਼ਰ ਦਿਲ ਦਹਿਲਾ ਦੇਣ ਵਾਲਾ ਹੈ ਜਦੋਂ ਕਿ ਫਿਲਿਸਤੀਨ ਆਪਣੀ ਆਜ਼ਾਦੀ ਦੀ ਲੜਾਈ ਲੜ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਬਣਦੀ ਭੂਮਿਕਾ ਨਿਭਾਉਣ ਦੀ ਬਜਾਏ ਇਨ੍ਹਾਂ ਦੇਸ਼ਾਂ ਨੂੰ ਹਥਿਆਰ ਸਪਲਾਈ ਕਰਕੇ ਲੜਾਈ ਲਈ ਉਕਸਾ ਰਿਹਾ ਹੈ। ਸਾਮਰਾਜੀ ਦੇਸ਼ ਸਾਜਿਸ਼ ਤਹਿਤ ਸਮਾਜਵਾਦੀ ਦੇਸ਼ਾਂ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਫਲਸਤੀਨ ਤੋਂ ਬਾਅਦ ਹੁਣ ਅਜਰਾਈਲ ਨੇ ਇਰਾਨ ਉੱਪਰ ਵੀ ਹਮਲੇ ਕਰਕੇ ਉਥੋਂ ਦੇ ਲੋਕਾਂ ਦੀ ਭਾਰੀ ਤਬਾਹੀ ਕੀਤੀ ਹੈ। ਇਹਨਾਂ ਘਟਨਾਵਾਂ ਤੇ ਅਰਬ ਜਗਤ ਦੇ ਸਾਰੇ ਦੇਸ਼ਾਂ ਦੇ ਸ਼ਾਸਕ ਵੀ ਅਮਰੀਕਾ ਦੀ ਕਠਪੁਤਲੀ ਬਣ ਕੇ ਚੁੱਪ ਧਾਰੀ ਬੈਠੇ ਹਨ ਹੁਣ ਸਥਿਤੀ ਤੀਜੇ ਵਿਸ਼ਵ ਯੁੱਧ ਦੀ ਬਣਦੀ ਜਾ ਰਹੀ ਹੈ। ਜਿਸਦੇ ਸਿੱਟੇ ਭਿਆਨਕ ਹੋਣਗੇ।
ਉਹਨਾਂ ਕਿਹਾ ਕਿ ਆਮ ਲੋਕ ਅਤੇ ਦੇਸ਼ ਦੀਆਂ ਇੰਨਸਾਫ਼ ਪਸੰਦ ਪਾਰਟੀਆਂ ਯੁੱਧ ਨਹੀਂ ਚਾਹੁੰਦੀਆਂ ਕੇਂਦਰ ਦੀ ਐਨਡੀਏ ਸਰਕਾਰ ਵੱਲੋਂ ਵੀ ਸਾਮਰਾਜੀ ਦੇਸ਼ਾਂ ਦਾ ਪੱਖ ਪੂਰਿਆ ਜਾ ਰਿਹਾ ਹੈ। ਇਜ਼ਰਾਈਲ ਨੂੰ ਇੰਡੀਅਨ ਮੇਡ ਡਰੋਨ ਮੋਦੀ ਸਰਕਾਰ ਵੱਲੋਂ ਸਪਲਾਈ ਕੀਤੇ ਜਾ ਰਹੇ ਹਨ। ਇਸ ਸਮੇਂ ਖੱਬੀਆਂ ਪਾਰਟੀਆਂ ਵੱਲੋਂ ਫਿਲਿਸਤੀਨ ਦੇ ਹੱਕ ਵਿੱਚ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਪੰਜਾਬ ਦੇਸ਼ ਅਤੇ ਪੂਰੀ ਦੁਨੀਆ ਵਿੱਚ ਵੱਧ ਰਹੀਆਂ ਤਾਨਾਸ਼ਾਹੀ ਨੀਤੀਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕਾਮਰੇਡ ਜਸਵੀਰ ਸਿੰਘ ਆਕਲੀਆ, ਕਾਮਰੇਡ ਬਲਕਾਰ ਸਿੰਘ, ਮਿੱਠੂ ਸਿੰਘ ਘੁਦਾ, ਮਜ਼ਦੂਰ ਆਗੂ ਮੱਖਣ ਸਿੰਘ ਗੁਰੂਸਰ,ਕਾਮਰੇਡ ਐਡਵੋਕੇਟ ਐਮ.ਐਮ.ਬਹਿਲ, ਰਾਜਾ ਸਿੰਘ ਦਾਨ ਸਿੰਘ ਵਾਲਾ, ਸ਼ਿਲਪਾ ਐਸ.ਐਫ.ਆਈ.,ਮਨੋਜ ਕੁਮਾਰ, ਜਗਸੀਰ ਸਿੰਘ ਚਹਿਲ,ਲਛਮਣ ਚੌਧਰੀ, ਵਿਨੋਦ ਬਲਜਿੰਦਰ ਸਿੰਘ ਜੋਗਾਨੰਦ ਹਾਜ਼ਰ ਸਨ।